ਤੇਰੀ ਕਣਕ ਦੀ ਰਾਖੀ ਮੁੰਡਿਆ

ਤੇਰੀ ਕਣਕ ਦੀ ਰਾਖੀ ਮੁੰਡਿਆ
Image: roundearthsquarepictures

ਕਣਕ ਦੀ ਖੇਤੀ ਦਾ ਪੂਰੇ ਸੰਸਾਰ ਵਿੱਚ ਕਾਫੀ ਮਹੱਤਵ ਹੈ। ਸੀਰੀਆ, ਅਰਮੀਨੀਆ, ਜਾਰਡਨ, ਤੁਰਕੀ ਅਤੇ ਇਰਾਕ ਵਰਗੇ ਦੇਸ਼ਾਂ ਦੀਆਂ ਖੁਦਾਈਆਂ ਤੋਂ ਕਣਕ ਦੀ ਖੇਤੀ ਦੇ ਪੁਰਾਣੇ ਸਬੂਤ ਵੀ ਮਿਲੇ ਹਨ। ਪਰ ਸਾਡੇ ਪੰਜਾਬੀਆਂ ਲਈ ਕਣਕ ਦੀ ਖੇਤੀ ਦੀ ਖਾਸ ਮਹੱਤਤਾ ਹੈ। ਇਹ ਸਾਡੀ ਖੁਰਾਕ ਦਾ ਮੁੱਖ ਸਰੋਤ ਹੋਣ ਦੇ ਨਾਲ਼ਨਾਲ਼ ਸਾਡੀ ਆਰਥਿਕਤਾ ਦਾ ਵੀ ਮੁੱਖ ਸੋਮਾ ਹੈ। ਇਹ ਸਾਡੀ ਰੂਹ ਵਿੱਚ ਰਮੀ ਹੋਈ ਫਸਲ ਹੈ। ਜਿਸ ਫਸਲ ਬਾਰੇ ਓਥੋਂ ਦੇ ਸੱਭਿਆਚਾਰ ਵਿੱਚ ਸਭ ਤੋਂ ਜ਼ਿਆਦਾ ਗੀਤ ਰਚੇ ਗਏ ਹੋਣ, ਉਸ ਬਾਰੇ ਇਹ ਅੰਦਾਜਾ ਲਾਉਣਾ ਕੋਈ ਔਖਾ ਨਹੀਂ ਹੈ ਕਿ ਉਸ ਫਸਲ ਦਾ ਉਸ ਸਮਾਜ ਲਈ ਕੀ ਮਹੱਤਵ ਹੈ।

ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਹੀਓ ਬਹਿੰਦੀ।
ਮੇਰੀ ਕਣਕ ਮੋਤੀਆਂ ਵਰਗੀ, ਨੀ ਤੇਰੇ ਪੈਰੀਂ ਪੈਂਦੀ।

ਪੂਰੇ ਛੇ ਮਹੀਨੇ ਕਿਸਾਨ ਕਣਕ ਨੂੰ ਪੁੱਤਾਂ ਧੀਆਂ ਵਾਂਗ ਪਾਲਦਾ ਹੈ। ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਪਾਣੀ ਲਾਉਂਦਾ ਹੈ। ਜਦੋਂ ਕੁੱਲ ਲੁਕਾਈ ਠੰਡ ਤੋਂ ਡਰਦੀ ਰਜਾਈਆਂ ਵਿਚ ਹੁੰਦੀ ਹੈ, ਉਦੋਂ ਇੱਕ ਕਿਸਾਨ ਹੀ ਹੁੰਦਾ ਹੈ  ਜੋ ਅਵਾਰਾ ਪਸ਼ੂਆਂ ਤੋਂ ਕਣਕ ਦੀ ਰਾਖੀ ਲਈ ਵਰ੍ਹਦੇ ਕੋਹਰੇ ਵਿਚ ਵੀ ਖੇਤ ਵਿੱਚ ਛੰਨ ਨੂੰ ਆਪਣਾ ਮੋਰਚਾ ਬਣਾ ਕੇ ਫੌਜੀ ਵਾਂਗ ਡੱਟਿਆ ਹੁੰਦਾ ਹੈ। ਹੌਲੀਹੌਲੀ ਜਿਵੇਂ ਜਿਵੇਂ ਕਣਕ ਨਿਸਰਨੀ ਸ਼ੁਰੂ ਹੁੰਦੀ ਹੈ ਤਾਂ ਕਿਸਾਨ ਦੀਆਂ ਸੱਧਰਾਂ ਤੇ ਅਰਮਾਨ ਵੀ ਜਵਾਨ ਹੋਣ ਲੱਗਦੇ ਹਨ। ਸਾਰਾ ਪਰਵਾਰ ਹੀ ਸੁਪਨੇ ਦੇਖਣ ਲੱਗਦਾ ਹੈ। ਫਸਲ ਆਵੇਗੀ ਤਾਂ ਇਹ ਖਰੀਦਾਂਗੇ, ਇਹ ਕੰਮ ਸਿਰੇ ਚੜ੍ਹਾਵਾਂਗੇ। ਜ਼ਿਆਦਾਤਰ ਕਿਸਾਨ ਪਰਿਵਾਰ ਘਰ ਬਣਾਉਣ ਦਾ ਕੰਮ ਕਣਕ ਤੋਂ ਬਾਅਦ ਹੀ ਸ਼ੁਰੂ ਕਰਦੇ ਹਨ। ਕਈਆਂ ਨੇ ਆੜ੍ਹਤੀਆਂ  ਕੋਲੋਂ ਪੈਸਾ ਚੁੱਕਿਆ ਹੁੰਦਾ ਹੈ ਤੇ ਜ਼ਰੂਰੀ ਕਾਰ ਵਿਹਾਰ ਪੂਰੇ ਕੀਤੇ ਹੁੰਦੇ ਹਨ। ਕਣਕ ਦੀ ਫਸਲ ਆਉਣ ਤੇ ਉਹ ਹਿਸਾਬ ਚੁਕਾਇਆ ਜਾਂਦਾ ਹੈ। ਇੰਨੇ ਅਰਮਾਨਾਂ ਤੇ ਸੱਧਰਾਂ ਵਾਲੀ ਫ਼ਸਲ ਜਦੋਂ ਪੱਕ ਕੇ ਸੁਨਹਿਰੀ ਹੁੰਦੀ ਹੈ ਤਾਂ ਕਈ ਵਾਰ ਇਨ੍ਹਾਂ ਸਭ ਮਨਸੂਬਿਆਂ ਤੇ ਪਾਣੀ ਵੀ ਫਿਰ ਜਾਂਦਾ ਹੈ।ਅੱਜਕਲ ਤਾਂ ਅੱਗ ਲੱਗਣ ਦੀ ਘਟਨਾਵਾਂ ਵਿਚ ਵੀ ਹਰ ਸਾਲ ਵਾਧਾ ਹੋ ਰਿਹਾ ਹੈ।ਰੱਬ ਰੱਬ ਕਰਕੇ ਮਸਾਂ ਉਹ ਦਿਨ ਆਉਂਦਾ ਜਦੋਂ ਸੁਖੀ ਸਾਂਦੀ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਜੱਟੀ ਦੇ ਅਰਮਾਨ ਵੀ ਉਛਾਲੇ ਮਾਰਦੇ ਹਨ:

ਕਣਕਾਂ ਦੇ ਮੂੰਹ ਗਈ ਲਾਲੀ, ਖ਼ੁਸ਼ੀਆਂ ਭਰੇ ਕਿਆਰੇ,
ਭੰਗੜਾ ਪਾ ਮੁੰਡਿਆ, ਤੈਨੂੰ ਕਣਕ ਸੈਨਤਾਂ ਮਾਰੇ।

ਕਣਕ ਦੇ ਬੋਹਲ ਲਗਦੇ ਹੀ ਪਹਿਲਾਂ ਪੰਛੀ, ਜਨੌਰਾਂ ਦਾ ਹਿੱਸਾ, ਤੇ ਫਿਰ ਘਰ ਦੇ ਬੱਚਿਆਂ ,ਕੰਮ ਕਰਨ ਵਾਲਿਆਂ ਤੇ ਪਿੰਡ ਵਿਚੋ ਹੋਰ ਧੀਆਂ ਧਿਆਣੀਆਂ ਦੇ ਮੰਗਣ ਤੇ ਰੀਡੀ ਦਿੱਤੀ ਜਾਂਦੀ ਹੈ। ਅੱਜਕਲ ਤਾਂ ਬਾਬੇ ਹੀ ਬਹੁਤ ਹੋ ਗਏ ਹਨ ਜੋ ਦੇਖਦੇ ਹੀ ਦੇਖਦੇ ਬੋਰੀਆਂ ਭਰਕੇ ਕੈਂਟਰ ਤੇ ਲੱਦ ਲੈਂਦੇ  ਹਨ ਤੇ ਕਿਸਾਨ ਦੇਖਦਾ ਹੀ ਰਹਿ ਜਾਂਦਾ ਹੈ।ਜਦੋਂ ਕਣਕ ਮੰਡੀ ਪਹੁੰਚਦੀ ਹੈ ਤਾਂ ਅੱਗੋਂ ਲਾਗਤ ਦੇ ਹਿਸਾਬ ਨਾਲ਼ ਮੁੱਲ ਨਹੀਂ ਮਿਲਦਾ। ਉਦਰੋਂ ਘਰੋਂ ਤਾਅਨੇ ਮਿਹਣੇ ਮਿਲਦੇ ਹਨ ਕਿ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਦੀ। ਇਸ ਲਈ ਵੀ ਕਈ ਗੀਤ ਬੋਲੀਆਂ ਬਣੀਆਂ ਹੋਈਆਂ ਹਨ:

ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਨੀ ਤੇਰੇ ਬੰਦ ਨਾ ਬਣੇ।
ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ, ਬੰਦ ਤੇਰੇ ਫੇਰ ਬਣਨੇ।
ਛਿੱਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ, ਬੋਹਲ਼ ਸਾਰਾ ਵੇਚ ਘੱਤਿਆ।

ਮਿਹਨਤ ਦਾ ਮੁੱਲ ਪੂਰਾ ਨਾ ਮਿਲਦਾ ਵੇਖਕੇ ਕਿਸਾਨ ਪਰਿਵਾਰਾਂ ਦੇ ਬੱਚੇ ਖੇਤੀ ਵਲੋ ਮੂੰਹ ਮੋੜਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਅੱਜਕਲ ਬਹੁਤੇ ਕਿਸਾਨੀ ਪਰਿਵਾਰ ਆਪਣੇ ਬੱਚਿਆਂ ਨੂੰ ਕਿਸਾਨ ਬਣਾਉਣਾ ਨਹੀਂ ਚਾਹੁੰਦੇ ,ਕਿਉਂਕਿ ਕਿਸਾਨੀ ਅੱਜਕਲ ਘਾਟੇ ਦਾ ਸੌਦਾ ਬਣ ਗਈ ਹੈ।ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਇਸ ਸੱਭਿਆਚਾਰ ਨੂੰ ਖਾਤਮੇ ਦੇ ਰਾਹ ਤੋਰ ਦਿੱਤਾ ਹੈ ।ਸੋ ਕਣਕਾਂ ਨਾਲ਼ ਸਬੰਧਤ ਗੀਤਾਂ ਨੂੰ ਵੀ ਫਿਰ ਕਿਸਨੇ ਯਾਦ ਰੱਖਣਾ ਹੋਇਆ।

en_GBEnglish