ਮੈਂ ਕਿਸਾਨ ਦੀ ਬੇਟੀ ਹਾਂ

ਮੈਂ ਕਿਸਾਨ ਦੀ ਬੇਟੀ ਹਾਂ

ਸੁਖਜਿੰਦਰ ਕੌਰਲਾਡੋਵਾਲ ਟੌਲ ਪਲਾਜਾ

ਮੇਰੇ ਬਾਪੂ ਜੀ, ਦਾਦਾ ਜੀ, ਪੜਦਾਦਾ ਜੀ ਅਤੇ ਵੱਡਵਡੇਰਿਆਂ ਦਾ ਜਨਮ ਜ਼ਿਲਾ ਮੁਲਤਾਨ ਪਾਕਿਸਤਾਨ ਦਾ ਹੈ। ਅਸੀਂ ਛੋਟੇ ਹੁੰਦੇ ਲਹਿੰਦੇ ਪੰਜਾਬੋਂ ਆਏ ਸੀ ਤਾਂ ਸਾਡੇ ਹਿੱਸੇ ਆਈ ਜ਼ਮੀਨ ਬੇਆਬਾਦ ਜੰਗਲਾਂ ਵਰਗੀ ਸੀ। ਅਸੀਂ ਸਾਰੇ ਭੈਣ ਭਰਾਵਾਂ ਨੇ ਨਿੱਕੇਨਿੱਕੇ ਹੱਥਾਂ ਨਾਲ਼ ਜ਼ਮੀਨ ਵਿੱਚੋਂ ਘਾਹਬੂਝੇ ਪੱਟਣੇ, ਸਰਕੜਾ ਵੱਢਣਾ ਅਤੇ ਨਾਲ਼ ਹੀ ਖਤਰਨਾਕ ਜੀਵ ਜਿਵੇਂ ਸੱਪ, ਨਿਉਲੇ, ਚੂਹੇ, ਹਿਰਨ, ਸਹੇ ਆਦਿ ਦਾ ਮੁਕਾਬਲਾ ਕਰਨਾ। 

ਅਸੀਂ ਸਵੇਰੇ ਸਕੂਲ ਪੜ੍ਹਨ ਜਾਂਦੇ, ਸ਼ਾਮ ਨੂੰ ਬਾਪੂ ਜੀ ਹੋਰਾਂ ਨਾਲ ਖੇਤੀ ਦਾ ਕੰਮ ਕਰਾਉਂਦੇ ਜਿਵੇਂ ਹਲ ਚਲਾਉਣਾ, ਬਲਦਾਂ ਨੂੰ ਹੱਕਣਾ, ਸਿੰਚਾਈ ਲਈ ਖਾਲ਼ਿਆਂ, ਵੱਟਾਂਬੰਨਿਆਂ ਤੋਂ ਘਾਹ ਪੱਟਣਾ। ਫਿਰ ਪੱਠੇ ਵੱਢ ਕੇ ਕੁਤਰਨੇ, ਦੁੱਧ ਲੈ ਕੇ ਆਉਣਾ ਅਤੇ ਸ਼ਾਮ ਨੂੰ ਦੀਵੇ ਦੀ ਰੌਸ਼ਨੀ ਸਕੂਲ ਦਾ ਕੰਮ ਕਰਨਾ। ਛੁੱਟੀ ਵਾਲੇ ਦਿਨ ਮੌਸਮ ਅਨੁਸਾਰ ਕਪਾਹ ਚੁਗਣੀ, ਮਿਰਚਾਂ ਤੋੜਨੀਆਂ, ਗੰਢੇ ਬੀਜਣੇ, ਕਮਾਦ ਬੀਜਣਾ, ਬਾਜਰੇਜਵਾਰ ਦੇ ਸਿੱਟੇ ਤੋੜਨੇ, ਗੰਨੇ ਪੀੜਨੇ, ਗੁੜ ਸ਼ੱਕਰ ਬਨਾਉਣਾ। 

ਖੇਤਾਂ ਵਿੱਚੋਂ ਤੋੜਕੇ ਸਾਗ ਬਨਾਉਣਾ, ਛੋਲਿਆਂ ਦੇ ਪੱਤਿਆਂ ਦੀ ਚਟਣੀ ਬਨਾਉਣੀ, ਭੱਠੀ ਵਾਲੀ ਤੋਂ ਦਾਣੇ ਭੁੰਨਾਉਣੇ, ਚੌਲਾਂ ਦਾ ਮਰੂੰਡਾ ਬਨਾਉਣਾ। ਖੱਦਰ ਦੇ ਝੱਗੇ ਪਾਉਣੇ, ਨੰਗੇ ਪੈਰੀਂ ਫਿਰਨਾ, ਸਕੂਲ ਜਾਣ ਲਈ ਵਰਦੀ ਨਾਲ ਚਿੱਟੇ ਬੂਟ ਪਾਉਣੇ। ਕਈ ਵਾਰ ਬੂਟ ਫਟ ਜਾਣੇ ਤੇ ਪੈਰ ਦਾ ਅੰਗੂਠਾ ਬਾਹਰ ਜਾਣਾ, ਤੇ ਜਦੇਂ ਤੱਕ ਨਵੇਂ ਨਾ ਮਿਲਣੇ ਪਾਟੇ ਹੀ ਪਾ ਕੇ ਸਕੂਲ ਜਾਣਾ। ਸਲੇਟਾਂ ਤੇ ਸਵਾਲ ਕੱਢਣੇ, ਜੋ ਯਾਦ ਕਰਨਾ ਇਹ ਸਲੇਟਾਂ ਤੇ ਲਿਖ ਕੇ ਵੇਖਣਾ। ਖੇਡਾਂ ਖੇਡਣੀਆਂ, ਸਰੀਰ ਅਰੋਗ ਰਹਿਣਾ, ਸਿਰਫ ਘਰ ਦੀ ਖੁਰਾਕ ਖਾ ਕੇ ਮੈਂ ਅੱਜ ਤੱਕ ਸੱਤ ਨੈਸ਼ਨਲ ਖੇਡਾਂ ਖੇਡ ਚੁੱਕੀ ਹਾਂ।

ਮੇਰੇ ਬਾਪੂ ਦੀ ਪਾਕਿਸਤਾਨ ਤੇੋ ਅੱਠ ਜਮਾਤਾਂ ਪੜ੍ਹੇ ਸਨ, ਉਹ ਸਾਨੂੰ ਬੰਦਾ ਸਿੰਘ ਬਹਾਦਰ ਬਾਰੇ ਦੱਸਦੇ ਕਿ ਉਹਨਾਂ ਨੇ ਵਾਹੀਦਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾਇਆ ਅਤੇ ਉਹਨਾਂ ਤੋਂ ਬਾਅਦ ਹੁਣ ਤੱਕ ਇਹ ਪ੍ਰਬੰਧ ਐਵੇਂ ਹੀ ਚਲਦਾ ਰਿਹਾ ਹੈ। ਅੰਗਰੇਜ਼ਾਂ ਨੇ ਇਹ ਜ਼ਮੀਨ ਕਿਸਾਨਾਂ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨਾਂ ਦੇ ਅੰਦੋਲਨ ਸਾਹਮਣੇ ਸਰਕਾਰ ਨੂੰ ਝੁਕਣਾ ਪਿਆ ਸੀ।  ਬਾਪੂ ਜੀ ਦੱਸਦੇ ਕਿ ਇਹ ਜ਼ਮੀਨਾਂ ਸਾਨੂੰ ਬੜੀ ਮੁਸ਼ਕਿਲ ਨਾਲ ਜ਼ੁਲਮ ਸਹਿ ਕੇ ਮਿਲੀਆਂ ਹਨ। ਸਾਡੇ ਦੇਸ਼ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਹੈ। ਪਰ ਅਫਸੋਸ ਤੇ ਦੁੱਖ ਦੀ ਗੱਲ ਇਹ ਹੈ ਕਿ ਹੁਣ ਸਾਡੇ ਦੇਸ਼ ਦੀ ਧਰਤੀ ਤੇ ਵਿਦੇਸ਼ੀ ਹਮਲਾਵਰਾਂ ਦਾ ਹਮਲਾ ਨਹੀਂ ਹੋਇਆ ਬਲਕਿ ਸਾਡੀ ਹੀ ਸਰਕਾਰ ਨੇ ਸਾਡੀ ਜ਼ਮੀਨ ਤੇ ਸਿੱਧਾ ਡਾਕਾ ਮਾਰਿਆ ਹੈ। 

ਇਹ ਸਰਕਾਰ 135 ਕਰੋੜ ਦੇਸ ਵਾਸੀਆਂ ਦੀ ਨਹੀਂ ਸਗੋਂ ਦੋ ਚਾਰ ਕੁ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਅੱਜ ਕਿਸਾਨ, ਮਜ਼ਦੂਰ, ਆੜਤੀਏ, ਦੁਕਾਨਦਾਰ ਸਭ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅਤੇ ਆਪਣੀਆਂ ਜ਼ਮੀਨਾਂ, ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਬੈਠੇ ਹਨ। ਪਰ ਦੇਸ਼ ਦੇ ਹੁਕਮਰਾਨ ਉੱਤੇ ਕੋਈ ਅਸਰ ਨਹੀਂ ਹੈ। ਅਸਲ ਵਿੱਚ ਲੋਕਤੰਤਰ ਵਿੱਚ ਸਰਕਾਰਾਂ ਲੋਕਾਂ ਦੇ ਦੁੱਖ ਦੂਰ ਕਰਨ ਲਈ ਹੁੰਦੀਆਂ ਹਨ ਨਾ ਕਿ ਦੁਖੀ ਕਰਨ ਲਈ। ਇਸ ਬੀ.ਜੇ.ਪੀ. ਸਰਕਾਰ ਨੇ 2014 ਤੋਂ ਲੈ ਕੇ ਹੁਣ ਤੱਕ ਜੋ ਵੀ ਫੈਸਲੇ ਲਏ ਹਨ ਉਹ ਲੋਕਾਂ ਲਈ ਘਾਤਕ ਸਿੱਧ ਹੋਏ ਨੇ ਜਿਵੇਂ  ਨੋਟਬੰਦੀ ਕਰਨ ਦਾ, ਜੀ.ਐਸ.ਟੀ. ਲਗਾਉਣ ਦਾ, ਧਾਰਾ 370 ਦਾ।

ਅਜਿਹੇ ਫੈਸਲਿਆਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਨਿਘਾਰ ਦਿੱਤਾ ਹੈ। ਮਹਿੰਗਾਈ ਨੇ ਦੇਸ਼ ਦੀ ਜਨਤਾ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਦੇਸ਼ ਵੇਚ ਦਿੱਤਾ ਹੈ। ਸਰਦੀ ਦੀਆਂ ਮਾਰਾਂ ਸਹਿੰਦੇ ਹੋਏ ਇਹ ਕਿਸਾਨ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ, ਪਰ ਇਸ ਜ਼ਾਲਮ ਸਰਕਾਰ ਨੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਅਸੀਂ ਨਹੀਂ ਡਰੇ। ਅੱਥਰੂ ਗੈਸ ਦੇ ਗੋਲੇ ਮਾਰੇ, ਅਸੀਂ ਨਹੀਂ ਡਰੇ। ਡਾਂਗਾਂ ਵਰ੍ਹਾਈਆਂ, ਅਸੀਂ ਨਹੀਂ ਡਰੇ। ਬੈਰੀਕੇਟ ਲਗਵਾਏ, ਅਸੀਂ ਤੋੜ ਕੇ ਔਹ ਮਾਰੇ। ਹਮਲੇ ਕਰਵਾਏ, ਸਾਡੇ ਹੌਂਸਲੇ ਹੋਰ ਵਧੇ। ਸੜਕ ਤੇ ਕਿੱਲ ਲਗਵਾਏ, ਅਸੀਂ ਪ੍ਰਵਾਹ ਨਹੀਂ ਕੀਤੀ। ਅਸੀਂ ਇਹ ਕਾਲੇ ਕਾਨੂੰਨ ਜੋ ਕਿ ਕਿਸਾਨ ਦੀ ਬਰਬਾਦੀ ਹੈ, ਕਿਸਾਨ ਦੀ ਮੌਤ ਹੈ, ਕਿਸਾਨ ਉੱਤੇ ਅੱਤਿਆਚਾਰ ਹੈ, ਜੋ ਕਿ ਕਿਸਾਨ ਤੇ ਜ਼ਬਰਦਸਤੀ ਥੋਪੇ ਜਾ ਰਹੇ ਹਨ, ਇਹਨਾਂ ਨੂੰ ਰੱਦ ਕਰਵਾ ਕੇ ਹੀ ਵਾਪਿਸ ਜਾਵਾਂਗੇ, ਚਾਹੇ ਜੋ ਮਰਜ਼ੀ ਹੋ ਜਾਵੇ। ਇਹ ਜ਼ਮੀਨ ਸਾਡੀ ਹੈ, ਅਸੀਂ ਚੱਟਾਨ ਬਣਕੇ ਇਹਨਾਂ ਕਾਨੂੰਨਾਂ ਦੇ ਖਿਲਾਫ਼ ਖੜ੍ਹੇ ਹਾਂ, ਅਸੀਂ ਇਹਨਾਂ ਲੁਟੇਰਿਆਂ ਤੇਂ ਡਰਨ ਵਾਲੇ ਨਹੀਂ ਹਾਂ।   

ਕਰਤੀ ਧਰਤੀਵਿਚੋਂ

 

en_GBEnglish

Discover more from Trolley Times

Subscribe now to keep reading and get access to the full archive.

Continue reading