ਸੁਖਮਨ ਬਰਾੜ
ਸੜਕ ਉੱਤੇ ਤਰਪਾਲਾਂ ਵਿਛਾ ਕੇ ਬਿਸਤਰੇ ਲੱਗ ਚੁੱਕੇ ਹਨ, ਲੰਗਰ ਚਲ ਰਿਹਾ ਹੈ ਅਤੇ ਕਈ ਤਰ੍ਹਾਂ ਦੇ ਤੰਬੂ ਲਾਕੇ ਵੀ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਰਾਤ ਚਾਹੇ ਕਾਫੀ ਪੈ ਚੁੱਕੀ ਹੈ ਪਰ ਲੋਕ ਬਿਸਤਰਿਆਂ ਉੱਤੇ ਬੈਠੇ ਗੱਲਾਂ ਬਾਤਾਂ ਮਾਰ ਰਹੇ ਨੇ। ਲੰਗਰ ਦੀ ਸੇਵਾ ਕਰਦੇ ਵਲੰਟੀਅਰਾਂ ਦੇ ਲਾਗੇ ਕੁਰਸੀਆਂ ਲੈ ਕੇ ਬੈਠਾ ਬੀਬੀਆਂ ਦਾ ਜਥਾ ਚਾਹ ਪੀ ਰਿਹਾ ਹੈ ਅਤੇ ਚੀਰਵੀਂ ਠੰਡ ਦੇ ਬਾਵਜੂਦ ਵਾਤਾਵਰਣ ਵਿਚ ਅਪਣੱਤ ਤੇ ਸਾਂਝੀਵਾਲਤਾ ਦਾ ਨਿੱਘ ਹੈ। ਇਹ ਸਿੰਘੂ, ਟੀਕਰੀ ਜਾਂ ਗਾਜ਼ੀਪੁਰ ਨਹੀਂ, ਬਲਕਿ ਵੈਨਕੂਵਰ ਡਾਊਨਟਾਊਨ ਦਾ ਨਜ਼ਾਰਾ ਹੈ ਜਿੱਥੇ 28 ਫਰਵਰੀ ਨੂੰ ਭਾਰਤੀ ਦੂਤਾਵਾਸ ਦੇ ਬਾਹਰ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ‘ਸਲੀਪ–ਆਊਟ’ ਮੁਜ਼ਾਹਰਾ ਕੀਤਾ ਗਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪੋ ਆਪਣੇ ਬਿਸਤਰੇ ਦੂਤਾਵਾਸ ਦੇ ਸਾਹਮਣੇ ਸੜਕ ਉੱਤੇ ਵਿਛਾ ਕੇ ਰਾਤ ਕੱਟੀ ਤਾਂ ਜੋ ਉਹ ਦਿੱਲੀ ਵਿਚ ਅੰਦੋਲਨਕਾਰੀ ਕਿਸਾਨਾਂ ਪ੍ਰਤੀ ਸਰਕਾਰ ਦੇ ਰੱਵਈਏ ਤੇ ਰੋਸ ਜ਼ਾਹਿਰ ਕਰ ਸਕਣ ਅਤੇ ਕਿਸਾਨੀ ਸੰਘਰਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਣ।
ਇਸ ਮੁਜ਼ਾਹਰੇ ਦੇ ਪ੍ਰਬੰਧਕ ਨਵਜੋਤ ਮੰਨਣ, ਜੈਨੀਫ਼ਰ ਮੁਲਤਾਨੀ ਅਤੇ ਗਜਿੰਦਰ ਚਾਹਲ ਦੱਸਦੇ ਹਨ ਕਿ ਚਾਹੇ ਉਹ ਕੈਨੇਡਾ ਦੇ ਜੰਮਪਲ ਨੇ ਪਰ ਉਨ੍ਹਾਂ ਦੀਆਂ ਜੜ੍ਹਾਂ ਭਾਰਤੀ ਤੇ ਕਿਸਾਨੀ ਹਨ। ਨਵਜੋਤ ਨੇ ਕਿਹਾ ਕਿ ਅਸੀਂ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਵਿਚੋਂ ਆਉਂਦੇ ਹਾਂ ਅਤੇ ਸਾਨੂੰ ਦਿੱਲੀ ਦੀ ਹੱਦ ਤੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨਾਲ਼ ਬਹੁਤ ਗੂਹੜੀ ਸਾਂਝੀਵਾਲਤਾ ਮਹਿਸੂਸ ਹੁੰਦੀ ਹੈ। ਜੈਨੀਫ਼ਰ ਕਹਿੰਦੀ ਹੈ ਕਿ ਅਸੀਂ ਚਾਹੇ ਹਾਲੇ ਵਿਦਿਆਰਥੀ ਹਾਂ ਅਤੇ ਸ਼ਾਇਦ ਸਾਨੂੰ ਕਾਨੂੰਨਾਂ ਤੇ ਖੇਤੀਬਾੜੀ ਬਾਰੇ ਪੂਰੀ ਸਮਝ ਨਾ ਹੋਵੇ, ਪਰ ਸਾਨੂੰ ਇਨਸਾਨੀਅਤ ਦੀ ਸਮਝ ਚੰਗੀ ਤਰ੍ਹਾਂ ਹੈ। ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ਼ ਸਰਕਾਰ ਜੋ ਅਣਮਨੁੱਖੀ ਵਤੀਰਾ ਅਪਣਾ ਰਹੀ ਹੈ, ਉਸ ਨੂੰ ਦੇਖਦਿਆਂ ਸਾਨੂੰ ਆਪਣੀ ਆਵਾਜ਼ ਉਠਾਉਣਾ ਬੇਹੱਦ ਜ਼ਰੂਰੀ ਲਗਿਆ ਅਤੇ ਅਸੀਂ ਦੂਤਾਵਾਸ ਦੇ ਬਾਹਰ ਇਹ ਪ੍ਰਦਰਸ਼ਨ ਕਰਨ ਬਾਰੇ ਸੋਚਿਆ। ਉਹ ਕਹਿੰਦੀ ਹੈ ਕਿ ਅਸੀਂ ਕਿਸਾਨ ਭਾਈਚਾਰੇ ਦਾ ਦਰਦ ਮਹਿਸੂਸ ਕਰਦੇ ਹਾਂ ਅਤੇ ਜੇਕਰ ਹੋਰ ਲੋਕ ਸਾਡੇ ਨਾਲ ਨਾ ਵੀ ਜੁੜਦੇ, ਅਸੀਂ ਤਾਂ ਵੀ ਇਹ ਪ੍ਰਦਰਸ਼ਨ ਕਰਦੇ, ਚਾਹੇ ਸਾਨੂੰ ਸੜਕ ‘ਤੇ ਇਕੱਲਿਆਂ ਸੌਣਾ ਪੈਂਦਾ।
ਜ਼ਿਕਰਯੋਗ ਹੈ ਕਿ ਜਨਵਰੀ ਵਿਚ ਕਲੋਵਰਡੇਲ ਵਿਖੇ ਅਜਿਹਾ ਹੀ ਇਕ ਮੁਜ਼ਾਹਰਾ ਸਰੀ ਪੁਲਿਸ ਨੇ ਕੋਵਿਡ ਦੇ ਫੈਲਾਅ ਦਾ ਖਦਸ਼ਾ ਹੋਣ ਕਰਕੇ ਰੋਕ ਦਿੱਤਾ ਸੀ, ਜਦ ਕਿ ਉਸ ਮੁਜ਼ਾਹਰੇ ਦੀ ਮਨਜ਼ੂਰੀ ਪਹਿਲਾਂ ਤੋਂ ਲਈ ਗਈ ਸੀ। । ਨਵਜੋਤ ਨੇ ਕਿਹਾ ਅਸੀਂ ਉਸ ਘਟਨਾ ਤੋਂ ਸਿੱਖਿਆ ਅਤੇ ਇਸ ‘ਸਲੀਪ–ਆਊਟ’ ਮੁਜ਼ਾਹਰੇ ਦੀ ਯੋਜਨਾਬੰਦੀ ਕਰਨ ਵੇਲੇ ਵੈਨਕੂਵਰ ਪੁਲਿਸ ਵਿਭਾਗ ਨੂੰ ਵਿਸਤਾਰ ਨਾਲ ਸਮਝਾਇਆ ਕਿ ਇਹ ਕੋਈ ਮਨੋਰੰਜਕ ਇਕੱਠ ਨਹੀਂ ਬਲਕਿ ਰੋਸ ਪ੍ਰਦਰਸ਼ਨ ਹੈ।
ਪ੍ਰਬੰਧਕਾਂ ਨੇ ਕਿਹਾ ਕਿ ‘ਸਲੀਪ–ਆਊਟ’ ਮੁਜ਼ਾਹਰੇ ਦੀਆਂ ਕਈ ਪ੍ਰਾਪਤੀਆਂ ਸਨ। ਉੱਥੇ ਹਰ ਪ੍ਰਦਰਸ਼ਨਕਾਰੀ ਇਹ ਗੱਲ ਕਰ ਰਿਹਾ ਸੀ ਕਿ ਇਥੇ ਕੈਨੇਡਾ ਵਿੱਚ ਸਾਡੇ ਕੋਲ ਸਰਕਾਰ, ਪੁਲਿਸ ਤੇ ਆਲੇ–ਦੁਆਲੇ ਦੇ ਲੋਕਾਂ ਦਾ ਸਹਿਯੋਗ ਹੋਣ ਦੇ ਬਾਵਜੂਦ ਸੜਕਾਂ ਤੇ ਸੌਣਾ ਕੋਈ ਸੌਖਾ ਨਹੀਂ, ਤੇ ਸਾਡਾ ਕਿਸਾਨ ਭਾਈਚਾਰਾ 3 ਮਹੀਨਿਆਂ ਤੋਂ ਸੜਕਾਂ ਤੇ ਸਰਕਾਰ ਤੇ ਪੁਲਿਸ ਦੇ ਤਸ਼ੱਦਦ ਝੱਲਦਿਆਂ ਡਟਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਦੀਆਂ ਗੱਲਾਂ ਵਿਚ ਕਿਸਾਨਾਂ ਪ੍ਰਤੀ ਸਦਭਾਵਨਾ ਅਤੇ ਸਰਕਾਰ ਦੀਆਂ ਕਿਸਾਨ–ਵਿਰੋਧੀ ਨੀਤੀਆਂ ਪ੍ਰਤੀ ਰੋਸ ਸਾਫ ਸੀ। ਗਜਿੰਦਰ ਨੇ ਕਿਹਾ ਕਿ ਇਓਂ ਲਗਦਾ ਸੀ, ਜਿਵੇਂ ਹਵਾ ਵਿਚ ਪਿਆਰ ਤੇ ਭਾਈਚਾਰੇ ਦੀ ਖੁਸ਼ਬੋ ਹੋਵੇ, ਹਰ ਉਮਰ ਦੇ ਲੋਕਾਂ ਨੇ ਉਸ ਰਾਤ ਰਲ ਕੇ ਬਿਸਤਰੇ ਲਾਏ, ਲੰਗਰ ਛਕਿਆ, ਵਿਚਾਰ ਵਟਾਂਦਰਾ ਕੀਤਾ ਅਤੇ ਸਵੇਰ ਨੂੰ ਸਭ ਸਮੇਟ ਕੇ ਸਫਾਈ ਕਰਕੇ ਆਪੋ ਆਪਣੇ ਘਰ ਗਏ। ਕੋਲੋਂ ਲੰਘਦੇ ਗੈਰ–ਭਾਰਤੀ ਮੂਲ ਦੇ ਕਈ ਲੋਕਾਂ ਨੇ ਪ੍ਰਦਰਸ਼ਨ ਬਾਰੇ ਉਤਸੁਕਤਾਵਸ਼ ਰੁਕ ਕੇ ਸਵਾਲ ਪੁੱਛੇ ਅਤੇ ਕਿਸਾਨਾਂ ਦੇ ਹੱਕ ਵਿੱਚ ਹਾਮੀ ਭਰੀ। ਜੈਨੀਫ਼ਰ ਨੇ ਕਿਹਾ ਕਿ ਇਸ ਤਜਰਬੇ ਨੇ ਸਾਡੇ ਸਾਰਿਆਂ ਤੇ ਕਾਫੀ ਡੂੰਘੀ ਛਾਪ ਛੱਡੀ।
ਵੈਨਕੂਵਰ ਦਾ ਇਹ ‘ਸਲੀਪ–ਆਊਟ’ ਮੁਜ਼ਾਹਰਾ ਇਸ ਗੱਲ ਦਾ ਪ੍ਰਮਾਣ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਚਲ ਰਹੇ ਕਿਸਾਨੀ ਸੰਘਰਸ਼ ਦਾ ਵਿਸਤਾਰ ਦਿੱਲੀ ਦੀਆਂ ਹੱਦਾਂ ਤੋਂ ਵਧਦਾ ਹੋਇਆ ਪੂਰੀ ਦੁਨੀਆ ਵਿਚ ਫੈਲ ਗਿਆ ਹੈ। ਜਿੱਥੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਰਹਿੰਦੇ ਹਨ ਓਥੇ ਕਿਸਾਨੀ ਹੱਕਾਂ ਦੀ ਹਾਮੀ ਭਰਨ ਲਈ ਇਸ ਤਰ੍ਹਾਂ ਦੇ ਮੁਜ਼ਾਹਰੇ ਹੁੰਦੇ ਰਹਿਣਗੇ। ਮੁਜ਼ਾਹਰੇ ਦੇ ਪ੍ਰਬੰਧਕਾਂ ਦਾ ਅੰਦੋਲਨਕਾਰੀ ਕਿਸਾਨਾਂ ਦੇ ਨਾਮ ਸੁਨੇਹਾ ਇਹੀ ਹੈ ਕਿ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਅਤੇ ਅਖੀਰ ਤਕ ਖੜ੍ਹੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹਰ ਇਕ ਘਟਨਾ ਦੀ ਖਬਰ ਰੱਖ ਰਹੇ ਹਾਂ ਅਤੇ ਅਸੀਂ ਕਿਸਾਨੀ ਹੱਕਾਂ ਲਈ ਆਵਾਜ਼ ਉਠਾਉਣਾ ਕਦੇ ਵੀ ਬੰਦ ਨਹੀਂ ਕਰਾਂਗੇ।