ਹਰਜੇਸ਼ਵਰ ਪਾਲ ਸਿੰਘ, ਪੰਜਾਬੀ ਅਨੁਵਾਦ: ਪ੍ਰੋ ਪ੍ਰੀਤਮ ਸਿੰਘ ਗਿੱਲ “ਚੂਹੜਚੱਕ”
ਦੋ ਵੱਖਰੀਆਂ ਵਿਚਾਰਧਾਰਾਵਾਂ, ਜਿੰਨ੍ਹਾਂ ਆਪਸੀ ਵਿਰੋਧਤਾਈਆਂ ਹੋਣ ਦੇ ਬਾਵਜੂਦ ਪੰਜਾਬ ਵਿਚ ਕਿਸਾਨ ਅੰਦੋਲਨ ਨੂੰ ਲਗਾਤਾਰ ਤਾਕਤ ਅਤੇ ਊਰਜਾ ਦਿੱਤੀ, ਆਖਿਰ 26 ਜਨਵਰੀ ਨੂੰ ਸਿੱਧੇ ਟਕਰਾਅ ਵਿਚ ਆ ਗਈਆਂ। ਇਕ ਪਾਸੇ ਵਰ੍ਹਿਆਂ ਤੋਂ ਕਿਸਾਨੀ ਹੱਕਾਂ ਲਈ ਸਮਰਪਿਤ ਕਾਡਰ ਅਤੇ ਪੁਰਾਣੀ ਤਜ਼ਰਬੇਕਾਰ ਲੀਡਰਸ਼ਿਪ ਨਾਲ਼ ਲੈਸ ਜ਼ਮੀਨੀ ਪੱਧਰ ‘ਤੇ ਸੰਘਰਸ਼ ਸੰਗਠਿਤ ਕਰਦੀਆਂ, ਧੜੇਬੰਦੀ ਦੀਆਂ ਸ਼ਿਕਾਰ, ਵਿਚਾਰਧਾਰਕ ਵਖਰੇਵਿਆਂ ਵਾਲ਼ੀਆਂ ਕਿਸਾਨ ਯੂਨੀਅਨਾਂ ਸਨ ਜੋ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੀਆਂ ਮੋਢੀ ਸਨ। ਸਿਆਸੀ ਕਾਰਕੁਨਾਂ, ਅਰਥਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੇ ਵੀ ਇਨ੍ਹਾਂ ਨੂੰ ਸਮਰਥਨ ਦਿੱਤਾ।
ਯੂਨੀਅਨਾਂ ਨੇ ਖੇਤੀ ਕਾਨੂੰਨਾਂ ਨੂੰ ਮੁੱਖ ਤੌਰ ‘ਤੇ ਆਰਥਿਕ ਨੁਕਤਾਨਜ਼ਰ ਤੋਂ, ਨਵ ਉਦਾਰਵਾਦੀ ਸਰਕਾਰ ਅਤੇ ਇਸਦੇ ਸਹਿਯੋਗੀ ਕਾਰਪੋਰੇਟ ਧਿਰਾਂ ਦੇ ਇੱਕ ਸਾਂਝੇ ਹਮਲੇ ਦੇ ਰੂਪ ਵਿੱਚ ਵੇਖਿਆ। ਆਪਣੇ ਪਰਖੇ ਦਾਅ–ਪੇਚ: ਭਾਸ਼ਣ, ਅਖਬਾਰੀ ਲੇਖ, ਧਰਨੇ, ਰੇਲ ਰੋਕੋ, ਰੋਸ ਮਾਰਚ ਵਰਤਦਿਆਂ ਜ਼ਮੀਨੀ ਪੱਧਰ ਤੇ ਜਾਗਰੂਕਤਾ ਫੈਲਾਉਂਦਿਆਂ ਅਤੇ ਲਾਮਬੰਦੀ ਕਰਦਿਆਂ, ਉਨ੍ਹਾਂ ਨੇ ਹੌਲੀ–ਹੌਲੀ ਜੂਨ ਅਤੇ ਸਤੰਬਰ 2020 ਦਰਮਿਆਨ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਵੰਡੀ ਲੋਕ ਲਹਿਰ ਖੜ੍ਹੀ ਕਰ ਲਈ। ਇਨ੍ਹਾਂ ਨੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਅੰਤਮ ਟੀਚੇ ਨਾਲ਼ ਕਾਨੂੰਨਾਂ ਵਿਰੁੱਧ ਸ਼ਾਂਤਮਈ, ਏਕਤਾ ਤੇ ਧਰਮ ਨਿਰਪੱਖ ਲੋਕ ਲਹਿਰ ਨੂੰ ਅੱਗੇ ਲਿਜਾਣਾ ਉਹਨਾਂ ਦਾ ਮੁੱਖ ਤਰੀਕਾ ਸੀ।
ਕਿਸਾਨ ਯੂਨੀਅਨਾਂ, ਜਿਨ੍ਹਾਂ ਨੇ ਅੰਦੋਲਨ ਨੂੰ ਮੁੱਖ ਤਰ੍ਹਾਂ ਆਰਥਿਕ ਮੁੱਦੇ ਦੇ ਤੌਰ ‘ਤੇ ਵੇਖਿਆ, ਦੇ ਉਲਟ ਪੰਜਾਬ ਵਿਚਲੇ “ਪੰਥਕ” ਧੜੇ ਜੋ ਪਹਿਲੇ ਪੜਾਅ (25 ਸਤੰਬਰ) ਤੋਂ ਬਾਅਦ ਅੰਦੋਲਨ ਵਿਚ ਦਾਖਲ ਹੋਏ, ਨੇ ‘’ਖੇਤੀ ਕਾਨੂੰਨਾਂ’ ਨੂੰ’ ਪੰਜਾਬ ਦੀ “ਹੋਂਦ” ਜਾਂ ਜੀਵਨ ਜਾਚ ‘ਤੇ ਹਮਲੇ ਦੇ ਰੂਪ ਵਿਚ ਚਿਤਵਿਆ।
ਆਪਣਾ ਕੇਸ “ਸਿੱਖ ਇਤਿਹਾਸ, ਧਰਮ ਅਤੇ ਚਿੰਨ੍ਹਾਂ” ਦੇ ਹਵਾਲੇ ਨਾਲ ਖੜਾ ਕਰਕੇ, ਗਰਮ ਖਿਆਲੀਆਂ, ਪ੍ਰਵਾਸੀ ਪੰਜਾਬੀਆਂ ਅਤੇ ਸੋਸ਼ਲ ਮੀਡੀਆ ਕਾਰਕੁਨਾਂ ਦੇ ਇਸ ਮਿਲਗੋਭੇ ਨੇ “ਸਵੈ–ਨਿਰਣੈ” ਅਤੇ ਖ਼ੁਦਮੁਖਤਿਆਰੀ ਲਈ ਸਿਆਸੀ ਲੜਾਈ ਲੜਨ ਦੀ ਮੰਗ ਕੀਤੀ। ਅਦਾਕਾਰ ਦੀਪ ਸਿੱਧੂ, ਸਿਆਸੀ ਕਾਰਕੁਨ – ਲੱਖਾ ਸਿਧਾਣਾ ਅਤੇ ਸਿੱਖ ਵਿਚਾਰਧਾਰਕ ਸੁਖਪ੍ਰੀਤ ਸਿੰਘ ਉਧੋਕੇ ਇਸ ਵਿਚਾਰ ਦੇ ਪ੍ਰਮੁੱਖ ਬੁਲਾਰੇ ਸਨ। ਇਹ ਵਿਭਿੰਨ ਪੰਥਿਕ ਤੱਤ ਨਾ ਤਾਂ ਵਿਹਾਰਕ ਸੰਗਠਨ ਬਣਾਉਣ ਦੇ ਸਮਰੱਥ ਸਨ ਅਤੇ ਨਾਂ ਹੀ ਆਪਣੀ ਸੋਚ ਨੂੰ ਲਾਗੂ ਕਰਨ ਲਈ ਕੋਈ ਮੇਲਵਾਂ ਪ੍ਰੋਗਰਾਮ ਦੇ ਰਹੇ ਸਨ। ਮੁੱਖ ਤੌਰ ‘ਤੇ ਸਰਦੇ ਪੁਗਦੇ ਅਤੇ ਧਰਤੀ ਨਾਲ਼ੋਂ ਟੁੱਟੇ ਵਰਗ ਦਾ ਇਹ ਸੋਸ਼ਲ ਮੀਡੀਆ ਅੰਦੋਲਨ ਸੀ ਅਤੇ ਇਸਦੇ “ਵਿਚਾਰਾਂ” ਨੇ ਜਵਾਨੀ, ਪ੍ਰਵਾਸੀ ਭਾਰਤੀਆਂ ਅਤੇ ਨੈੱਟਜੀਵੀਆਂ ਨੂੰ ਕਲਾਵੇ ਵਿਚ ਲਿਆ ਅਤੇ ਲਾਮਬੰਦੀ ਵਿਚ ਵਾਧਾ ਕੀਤਾ।
ਅੰਦੋਲਨ ਦੇ ਪੰਜਾਬ ਪੜਾਅ ਦੌਰਾਨ, 26 ਨਵੰਬਰ ਤੱਕ ਜਥੇਬੰਦੀਆਂ ਦੇ ਬਿਰਤਾਂਤ ਦੇ ਨਾਲ਼–ਨਾਲ਼ ਅੰਦੋਲਨ ਉੱਤੇ ਵੀ ਦਬਦਬਾ ਕਾਇਮ ਸੀ। ਜਦੋਂ ਇਹ ਲਹਿਰ ਦਿੱਲੀ ਤੱਕ ਪਹੁੰਚੀ ਤਾਂ ਦੂਜੀ ਧਿਰ ਨੇ ਵੀ ਵੇਗ ਅਤੇ ਤਾਕਤ ਫੜ੍ਹ ਲਈ। ਜ਼ਿਆਦਾਤਰ ਯੂਨੀਅਨਾਂ ਦੁਆਰਾ ਲਾਮਬੰਦ ਕੀਤੀ ਨਿਡਰ ਜਵਾਨੀ ਵੱਲੋਂ ਸ਼ੰਭੂ, ਖਨੌਰੀ ਆਦਿ ‘ਚ 26 ਨਵੰਬਰ ਨੂੰ ਬੈਰੀਕੇਡ ਤੋੜਨ ਅਤੇ ਬੁਰਾੜੀ ਦੇ ਮੈਦਾਨ ਵਿਚ ਬੈਠਣ ਦੇ ਯੂਨੀਅਨ ਨੇਤਾਵਾਂ ਦੇ ਫੈਸਲੇ ਤੋਂ ਆਕੀ ਹੋਣ ਨੂੰ, ਪੰਥਕ ਧਿਰਾਂ ਨੇ ‘ਬੁਜ਼ਦਿਲ’ ਅਤੇ ‘ਡਰੂ’ ਜਥੇਬੰਦੀ ਆਗੂਆਂ ਦੇ ਮੁਕਾਬਲੇ ਆਪਣੇ 18ਵੀਂ ਸਦੀ ਦੇ ਸਿੱਖ ਇਤਿਹਾਸ ਵਾਲਾ ਬਹਾਦਰ ਟਕਰਾਅ ਅਤੇ ਘੇਰਾਬੰਦੀ ਵਾਲੇ ਦਾਅ–ਪੇਚ ਦੀ ਜਿੱਤ ਪਰਚਾਰਿਆ। ਇਸ ਬਿਰਤਾਂਤ ਨਾਲ਼, ਦੀਪ ਸਿੱਧੂ ਅਤੇ ਲੱਖਾ ਸਧਾਣਾ ਨੂੰ ਅਜਮੇਰ ਸਿੰਘ ਵਰਗੇ ਵਿਚਾਰਵਾਨਾਂ, ਖਾਲਸਾ ਏਡ ਬਾਨੀ ਰਵੀ ਸਿੰਘ, ਆਨ ਏਅਰ ਅਤੇ ਪ੍ਰੋ ਪੰਜਾਬ ਵਰਗੇ ਚੈਨਲਾਂ ਦੁਆਰਾ ਪੰਥਕ ਅਤੇ ਅੰਦੋਲਨ ਦੇ ਹੀਰੋ ਵਜੋਂ ਪ੍ਰਚਾਰਿਆ ਗਿਆ। ਪੰਥਕ ਬਿਰਤਾਂਤ, ਸੰਕੇਤ ਤੇ ਸੰਸਥਾਵਾਂ ਦਾ ਗੁਣਗਾਣ ਸਭ ਤੋਂ ਵੱਧ ਸਿੰਘੂ ਬਾਡਰ, ਸੰਯੁਕਤ ਕਿਸਾਨ ਮੋਰਚਾ (ਸੰ.ਕਿ.ਮੋ.) ਦੇ ਮੁੱਖ ਦਫ਼ਤਰ ਤੋਂ ਸੁਣਾਈ ਦਿੱਤਾ।
ਸੰ.ਕਿ.ਮੋ. ਪੰਜਾਬ ਦੇ ਪ੍ਰਭਾਵ ਵਾਲਾ 40 ਯੂਨੀਅਨਾਂ ਦਾ ਵੱਡਾ ਗਠਜੋੜ ਇਸ ਅੰਦੋਲਨ ਦਾ ਅਧਿਕਾਰਤ ਨੇਤਾ ਹੈ। ਇਹੀ ਸਰਕਾਰ ਨਾਲ਼ ਗੱਲਬਾਤ ਕਰਦਾ ਹੈ ਅਤੇ ਅੰਦੋਲਨ ਨੂੰ ਆਪਣਾ ਪ੍ਰੋਗਰਾਮ ਅਤੇ ਨਿਰਦੇਸ਼ ਦਿੰਦਾ ਹੈ। ਇਹ ਵੱਖੋ ਵੱਖ ਯੂਨੀਅਨਾਂ ਦਾ ਸਾਂਝਾ ਮੋਰਚਾ ਫੈਸਲਾ ਲੈਣ ਦੀ ਲੋਕਤੰਤਰੀ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ, ਜਿਸ ਵਿਚ ਉਦਾਰ ਰਾਸ਼ਟਰਵਾਦੀ ਯੋਗੇਂਦਰ ਯਾਦਵ, ਸ਼ਾਂਤੀ ਪਸੰਦ ਵਾਰਤਾਕਾਰ ਰਾਜੇਵਾਲ, ਜ਼ਮੀਨ ਨਾਲ਼ ਜੁੜਿਆ ਰੁਲਦੂ ਸਿੰਘ ਮਾਨਸਾ, ਦਬੰਗ ਗੁਰਨਾਮ ਸਿੰਘ ਚੜੂਨੀ, ਅੱਖੜ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਧਾਕੜ ਰਾਕੇਸ਼ ਟਿਕੈਤ ਵਰਗੇ ਅਹੁਦੇਦਾਰ ਹਨ।
ਹਾਲਾਂ ਕਿ ਪੰਜਾਬ ਦੇ ਦੋ ਸਭ ਤੋਂ ਵੱਡੇ ਸੰਗਠਨ, ਮਾਲਵਾ ਅਧਾਰਤ ਬੀ.ਕੇ.ਯੂ. ਏਕਤਾ ਉਗਰਾਹਾਂ ਅਤੇ ਮਾਝਾ ਅਧਾਰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਸਨ। ਉਨ੍ਹਾਂ ਨੇ ਸੁਤੰਤਰ ਕਾਰਵਾਈ ਲਈ ਆਪਣਾ ਹੱਕ ਰਾਖਵਾਂ ਰੱਖਿਆ ਹੋਇਆ ਸੀ। ਘੱਟ ਨਫ਼ਰੀ, ਰੋਅਬ ਤੇ ਆਪਸੀ ਇਕਸੁਰਤਾ ਦੀ ਘਾਟ ਨੇ ਸੰ.ਕਿ.ਮੋ. ਨੂੰ ਪੰਥਕ ਧਿਰ ਦੇ ਨਿਰੰਤਰ ਦਬਾਅ ਕਾਰਨ ਸਿੰਘੂ ਸਟੇਜ ਚਲਾਉਣ ‘ਚ ਬੜੀ ਔਖ ਹੋ ਰਹੀ ਸੀ।
ਸਿੰਘੂ ਵਿਖੇ ਇਕੱਠੇ ਹੋਏ “ਪੰਥਕ” ਅਤੇ ਉਹਨਾਂ ਦੇ ਸਹਿਯੋਗੀ ਮੇਲ ਵਿੱਚ ਦੀਪ ਸਿੱਧੂ ਵਰਗੇ “ਫੇਸਬੁੱਕ ਪ੍ਰਭਾਵਕਾਂ”, ਲੱਖਾ ਸਿਧਾਣਾ ਵਰਗੇ “ਸਿਆਸੀ ਕਾਰਕੁਨਾਂ”, ਸੁਖਪ੍ਰੀਤ ਉਧੋਕੇ ਵਰਗੇ “ਵਿਚਾਰਕ”, ਬਲਜਿੰਦਰ ਪਰਵਾਨਾ ਵਰਗੇ ਪ੍ਰਚਾਰਕ, ਵਿਦਿਆਰਥੀ ਜੱਥੇਬੰਦੀ “ਸੱਥ”, ਨਿਹੰਗ ਜੱਥੇ ਤੇ ਪੰਜਾਬੀ ਗਾਇਕ ਸ਼ਾਮਿਲ ਸਨ। ਬਾਅਦ ਵਿੱਚ ਇਨ੍ਹਾਂ ‘ਚ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਐਸ. ਐਫ. ਐਸ. ਵੀ ਸ਼ਾਮਲ ਹੋ ਗਈ ਸੀ। ਕਿਸੇ ਵੀ ਅੰਦਰੂਨੀ ਤਾਲਮੇਲ ਦੀ ਘਾਟ ਦੇ ਬਾਵਜੂਦ ਇਹ ਵਿਅਕਤੀ ਤੇ ਸੰਗਠਨ ਸੰਯੁਕਤ ਕਿਸਾਨ ਮੋਰਚੇ ਦੀ ਫੈਸਲੇ ਲੈਣ ਦੀ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਉਤਾਵਲੇ ਸਨ ਅਤੇ ਉਨ੍ਹਾਂ ਦੇ ਗਰਮ ਖਿਆਲੀ ਨੌਜਵਾਨ ਸਮਰਥਕਾਂ ਦੁਆਰਾ ਅਕਸਰ ਇਸ ਸਟੇਜ ‘ਤੇ ਕਾਬਜ਼ ਹੋਣ ਤੇ ਜ਼ੋਰ ਪਾਇਆ ਜਾ ਰਿਹਾ ਸੀ। ਜਦਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੱਖ–ਵੱਖ ਰੰਗਤ ਦੀਆਂ “ਪੰਥਕ ਧਿਰਾਂ” ਨੂੰ ਵੱਧ ਤੋਂ ਵੱਧ ਸਹਾਇਕ ਬਲ ਤੇ ਸਭ ਤੋਂ ਬੁਰੀ ਹਾਲਤ ਵਿੱਚ ਪ੍ਰੇਸ਼ਾਨੀ ਹੀ ਮੰਨਦੇ ਰਹੇ ਸਨ। ਇਨ੍ਹਾਂ ਵਿਚੋਂ ਲੱਖਾ ਸਿਧਾਣਾ ਨੂੰ ਛੱਡ ਕੇ ਬਾਕੀਆਂ ਨੂੰ ਅੰਦੋਲਨ ਵਿਚ ਕਿਸੇ ਰਾਇ ਜਾਂ ਜਗ੍ਹਾ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਸੀ। ਮੋਰਚਾ ਪੰਥਕਾਂ ਦੀ ਬਹੁਤੀ ਧਾਰਮਿਕਤਾ ਅਤੇ ਟਕਰਾਅਵਾਦੀ ਪਹੁੰਚ ਨੂੰ ਫੁੱਟ ਪਾਊ ਅਤੇ ਅੰਦੋਲਨ ਨੂੰ ਹਿੰਸਕ ਬਣਾ ਕੇ ਇਸ ਦੇ ਹੋਰ ਫੈਲਾਅ ਦੀ ਸੰਭਾਵਨਾ ਤੇ ਬੁਰਾ ਅਸਰ ਪਾਉਣ ਵਾਲਾ ਮੰਨਦਾ ਸੀ।
ਪੰਥਕ, ਉਹਨਾਂ ਦੇ ਸਮਰਥਕ ਚੈਨਲ ਤੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਉਂਟਾਂ ਨੇ ਆਗੂ ਟੀਮ ਦੇ ਨਿਸ਼ਚੇ ਤੇ ਸਾਖ, ਇਸ ਦੇ ਦਾਅ–ਪੇਚ ਅਤੇ ਪ੍ਰੋਗਰਾਮਾਂ ਤੇ ਸਵਾਲ ਦਾਗ਼ਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਦੀਪ ਸਿੱਧੂ ਸ਼ੰਭੂ ਮੋਰਚੇ ਦੇ ਦਿਨਾਂ ਤੋਂ ਹੀ ਸੰ.ਕਿ.ਮੋ. ਦੀ ਲੀਡਰਸ਼ਿਪ ਦੀ ਖੁੱਲ੍ਹ ਕੇ ਅਲੋਚਨਾ ਕਰ ਰਿਹਾ ਸੀ। ਯੋਗੇਂਦਰ ਯਾਦਵ ਤੇ ਬਲਬੀਰ ਸਿੰਘ ਰਾਜੇਵਾਲ ਵਰਗੇ ਉਦਾਰ ਤੇ ਰਾਜਿੰਦਰ ਸਿੰਘ ਦੀਪ ਸਿੰਘਵਾਲਾ ਤੇ ਜੋਗਿੰਦਰ ਸਿੰਘ ਉਗਰਾਹਾਂ ਵਰਗੇ ਖੱਬੇ ਪੱਖੀ ਆਗੂਆਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਸੀ। ਭਾਰਤ ਦੇ ਹੋਰ ਹਿੱਸਿਆਂ ਅਤੇ ਖੇਤਰਾਂ ਨੂੰ ਅਪੀਲ ਕਰਨ ਵਾਲੇ ਪ੍ਰੋਗਰਾਮਾਂ ਵਰਤਾਂ ਆਦਿ ਨੂੰ ਕਮਜ਼ੋਰ ਅਤੇ ਕਾਇਰਾਨਾ ਕਹਿ ਕੇ ਭੰਡਿਆ ਗਿਆ ਸੀ। ਪ੍ਰਤੀਕਾਂ ਦੀ ਵਰਤੋਂ, ਤਿਰੰਗੇ ਦੀ ਵਰਤੋਂ, ਅੰਦੋਲਨ ਮੁਜ਼ਾਹਰੇ ਦੇ ਤੌਰ ਤਰੀਕਿਆਂ, ਰੂਟ ਯੋਜਨਾਵਾਂ, ਗੱਲ–ਗੱਲ ਤੇ ਡਟਵੀਂ ਅਲੋਚਨਾ ਹੁੰਦੀ ਰਹੀ।
26 ਜਨਵਰੀ ਨੂੰ ਟਰੈਕਟਰ ਮਾਰਚ ਅਖੀਰ ਵਿੱਚ ਕਿਸਾਨ ਅੰਦੋਲਨ ਦੇ ਵੱਡੇ ਵਿਰੋਧਾਂ ਨੂੰ ਮੂਹਰੇ ਲੈ ਆਇਆ, ਜੋ ਮਹੀਨਿਆਂ ਤੋਂ ਲਗਾਤਾਰ ਧੁਖ ਰਿਹਾ ਸੀ। ਮੋਰਚੇ ਦੇ ਆਗੂ ਅੰਦੋਲਨ ਨੂੰ ਸ਼ੁੱਧ ਅਹਿੰਸਕ, ਧਰਮ–ਨਿਰਪੱਖ ਤੇ ਕਿਸਾਨੀ ਮੁੱਦਿਆਂ ‘ਤੇ ਕੇਂਦਰਿਤ ਰੱਖ ਕੇ, ਹੌਲੀ–ਹੌਲੀ ਸਰਕਾਰ ‘ਤੇ ਦਬਾਅ ਵਧਾਉਂਦੇ ਅਤੇ ਇਸ ਨੂੰ ਪੂਰੇ ਭਾਰਤ ਦਾ ਅੰਦੋਲਨ ਬਣਾਉਂਦੇ ਹੋਏ “ਦਿਲ ਤੇ ਦਿਮਾਗ” ਜਿੱਤਣ ਵਾਲਾ ਹਰਮਨ ਪਿਆਰਾ ਅਤੇ ਸੰਸਾਰ ਪੱਧਰੇ ਸਮਰਥਨ ਵਾਲ਼ਾ ਬਣਾਉਣ ਦੀ “ਰਣਨੀਤੀ” ਵਿੱਚ ਵਿਸ਼ਵਾਸ ਕਰਦੇ ਹਨ। ਉਹ ਗਣਤੰਤਰ ਦਿਵਸ ‘ਤੇ ਟਰੈਕਟਰ ਮਾਰਚ ਨੂੰ ਜੋ ਵਿਸ਼ਵ ਸਰੋਤਿਆਂ ਲਈ ਕਿਸਾਨਾਂ ਦੇ ਸੰਕਲਪ ਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਨ ਦੀ ਵੱਡੀ ਰਣਨੀਤੀ ਚਿਤਵ ਰਹੇ ਸਨ।
ਦੂਜੇ ਪਾਸੇ ਪੰਥਕ ਤੇ ਗਰਮ ਖਿਆਲੀ ਨੌਜਵਾਨ ਬੈਰੀਕੇਡਾਂ ਨੂੰ ਤੋੜਨ, ਆਪਣੀ ਸਿੱਖ ਪਛਾਣ ਦਾ ਮੁਜ਼ਾਹਰਾ ਕਰਨ ਅਤੇ ਦਿੱਲੀ ਤੇ ਸੰਸਦ ਵਰਗੇ ਸ਼ਕਤੀ ਦੇ ਚਿੰਨ੍ਹ ਦੀ ਨਾਕਾਬੰਦੀ ਕਰ ਕੇ ਤੇਜ਼ੀ ਨਾਲ਼ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਅੰਤ ਲਈ ਸਹਿਮਤ ਕਰਵਾਉਣ ਲਈ ਸਰਕਾਰ ਨਾਲ਼ ਵਧੇਰੇ ਟਕਰਾਅ ਵਾਲੇ ਰੁਖ ਵਿਚ ਵਿਸ਼ਵਾਸ ਰੱਖਦੇ ਸਨ। ਪੰਥਕ ਅਤੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਦੋ ਮਹੀਨਿਆਂ ਦੀ ਗਰਮ ਬਿਆਨਬਾਜ਼ੀ ਦੇ ਨਾਲ਼–ਨਾਲ਼ “ਪੰਜਾਬੀ ਪੌਪ” ਦੀ ਚਾਸ਼ਣੀ ਅਤੇ “ਟੈਂਕ ਟਰੈਕਟਰ” ਬੈਰੀਕੇਡ ਤੋੜਦਿਆਂ ਦੀਆਂ ਤਸਵੀਰਾਂ ਨੇ ਮਾਹੌਲ ਨੂੰ ਗਰਮਾ ਦਿੱਤਾ ਸੀ।
26 ਜਨਵਰੀ ਨੂੰ ਮੋਰਚੇ ਦੇ ਆਗੂਆਂ ਦੇ ਸੋਚੇ ਸ਼ਾਂਤਮਈ ਅਤੇ ਅਨੁਸ਼ਾਸਤ ਸੱਤਿਆਗ੍ਰਹੀਆਂ ਦੀ ਬਜਾਇ ਪੰਜਾਬ ਅਤੇ ਹਰਿਆਣਾ ਦੇ ਗਰਮਪੰਥੀ ਟਰੈਕਟਰੀਂ ਚੜ੍ਹੇ ਦਿੱਲੀ ਵੱਲ ਧਾਅ ਰਹੇ ਸਨ। ਲੀਡਰਸ਼ਿਪ ਨੇ ਵੱਡੀ ਗਿਣਤੀ ਵਿਚ ਗਰਮਪੰਥੀ ਕਿਸਾਨਾਂ ਨੂੰ ਦਿੱਲੀ ਆਉਂਦੇ ਵੇਖਦਿਆਂ ਪੁਲਿਸ ਦੀ ਸਲਾਹ ‘ਤੇ ਪ੍ਰਸਤਾਵਿਤ ਰੂਟ ਨੂੰ ਸੋਧ ਕੇ “ਰਿੰਗ ਰੋਡ” ਤੋਂ ਦਿੱਲੀ ਅੰਦਰ ਵੱਖਰਾ ਰੂਟ ਉਲੀਕ ਲਿਆ ਸੀ। ਪ੍ਰੰਤੂ “ਗਰਮਖਿਆਲੀ ਲਹਿਰ” ਤੇ ਸਵਾਰ ਹੋਣ ਲਈ ਉਤਾਵਲੀ ਪੰਥਕ ਧਿਰ ਤੇ ਕੇ.ਐਮ.ਐਸ.ਸੀ. ਵਰਗੀਆਂ ਯੂਨੀਅਨਾਂ ਨੇ ਖੁੱਲ੍ਹੇ ਤੌਰ ‘ਤੇ “ਰਿੰਗ ਰੋਡ” ਰੂਟ ਦਾ ਪੱਖ ਪੂਰਿਆ ਅਤੇ 25 ਜਨਵਰੀ ਦੀ ਰਾਤ ਨੂੰ ਮੋਰਚੇ ਦੀ ਸਟੇਜ ‘ਤੇ ਕਬਜ਼ਾ ਕਰ ਲਿਆ ਤਾਂ ਜੋ ਯੂਨੀਅਨਾਂ ਤੇ ਆਪਣੀ ਰੂਟ ਯੋਜਨਾ ਨੂੰ ਅਪਣਾਉਣ ਲਈ ਦਬਾਅ ਬਣਾਇਆ ਜਾ ਸਕੇ।
ਅਖੀਰ 26 ਮਾਰਚ ਨੂੰ ਸ਼ੁਰੂ ਹੋਏ ਦੋ ਮਾਰਚਾਂ ਵਿਚੋਂ ਇੱਕ, ਦਿੱਲੀ ਦੀ ਚਾਰੇ ਪਾਸੇ ਸ਼ਾਂਤਮਈ ਮਾਰਚ ਸੀ ਅਤੇ ਦੂਜਾ ਰਿੰਗ ਰੋਡ ‘ਤੇ ਸੈਂਕੜੇ ਟਰੈਕਟਰਾਂ ਅਤੇ ਹਜ਼ਾਰਾਂ ਮੁਜ਼ਾਹਰਾਕਾਰੀ ਕੇਸਰੀ, ਕਿਸਾਨੀ ਅਤੇ ਤਿਰੰਗੇ ਝੰਡੇ ਲੈ ਕੇ ਲਾਲ ਕਿਲੇ ‘ਤੇ ਪਹੁੰਚ ਗਏ। ਆਈ.ਟੀ.ਓ. ਅਤੇ ਲਾਲ ਕਿਲ੍ਹੇ ਵਿੱਚ ਝੜਪਾਂ ਹੋਈਆਂ। ਐਸ.ਕੇ.ਐੱਮ. ਦੇ ਸੀਮਤ ਪ੍ਰਬੰਧਾਂ, ਲੋਕਾਂ ਦੀਆਂ ਭਾਵਨਾਵਾਂ, ਸਰਕਾਰ ਦੇ ਹੇਲ ਮੇਲ, ਗਰਮਦਲੀਆਂ ਅਤੇ ਖੱਬੇਪੱਖੀਆਂ ਦੀ ਨਾਬਰੀ ਨੇ ਲਾਲ ਕਿਲ੍ਹੇ ਦੀ ਘਟਨਾ ਵਿਚ ਇਕ ਭੂਮਿਕਾ ਨਿਭਾਈ, ਜਿਸਨੇ ਸਰਕਾਰ ਅਤੇ ਮੀਡੀਆ ਵੱਲੋਂ ਕਿਸਾਨਾਂ ਨੂੰ ‘ ਅੱਗ ਲਾਊ’’ ਵਜੋਂ ਬਦਨਾਮ ਕਰਨ ਅਤੇ ਆਪਣੇ “ਰਾਸ਼ਟਰਵਾਦ” ਦਾ ਦੱਬ ਕੇ ਢੋਲ ਵਜਾਉਣ ਦਾ ਮੌਕਾ ਦਿੱਤਾ।
26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ, ਐਸ.ਕੇ.ਐੱਮ. ਨੇਤਾਵਾਂ ਨੇ ਮੰਚ ‘ਤੇ ਪੰਥਕਾਂ ਨੂੰ ਉਨ੍ਹਾਂ ਦੀ “ਗ਼ੱਦਾਰੀ” ਲਈ ਜ਼ਿੰਮੇਵਾਰ ਠਹਿਰਾਇਆ। ਇਸ ਸਾਰੇ ਘਟਨਾਕ੍ਰਮ ਚ ਪੰਥਕਾਂ ਦਾ ਨੁਕਸਾਨ ਹੋਇਆ ਅਤੇ ਉਹਨਾਂ ਦੀ ਅੰਦੋਲਨ ਵਿੱਚੋਂ ਛਾਂਟੀ ਹੋ ਗਈ। ਉਨ੍ਹਾਂ ਦੇ ਆਗੂ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਸੇ ਪੰਥਕ ਸੰਸਥਾ ਦੀ ਘਾਟ ਕਰਕੇ ਦੀਪ ਸਿੱਧੂ ਦੀ ਰਿਹਾਈ ਲਈ ਰੋਸ ਮੁਜ਼ਾਹਰਾ ਵੱਡੇ ਪੱਧਰ ‘ਤੇ ਸੋਸ਼ਲ ਮੀਡੀਆ’ ਤੇ ਹੀ ਹੈ, ਨਾ ਕਿ ਜ਼ਮੀਨੀ ਪੱਧਰ ‘ਤੇ। ਬਹੁਤ ਸਾਰੇ ਪੰਥਕ ਲੋਕ ਫੋਟੋਆਂ ਅਤੇ ਅਕਾਊਂਟ ਡਿਲੀਟ ਕਰ ਚੁੱਕੇ ਹਨ ਅਤੇ ਵਾਪਸ ਪੰਜਾਬ ਚਲੇ ਗਏ ਹਨ ਜਾਂ ਗ੍ਰਿਫਤਾਰੀ ਦੇ ਡਰੋਂ ਲੁਕ ਗਏ ਹਨ। ਉਨ੍ਹਾਂ ਦਾ ਗ਼ੁੱਸਾ ਹੁਣ ਮੁੱਖ ਤੌਰ ‘ਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਰਾਜੇਵਾਲ, ਰਾਜਿੰਦਰ ਅਤੇ ਯੋਗੇਂਦਰ ਯਾਦਵ ਵਰਗੇ ਆਗੂਆਂ ਤੇ ਸੇਧਿਤ ਹੈ।
ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੁਬਾਰਾ ਮਜ਼ਬੂਤ ਹੋਇਆ ਹੈ। ਹਰਿਆਣੇ, ਯੂ.ਪੀ. ਅਤੇ ਰਾਜਸਥਾਨ ਦੇ ਕਿਸਾਨਾਂ ਦੀ ਸ਼ਮੂਲੀਅਤ ਵਧੀ ਹੈ। ਮਹਾਂਪੰਚਾਇਤਾਂ ਰਾਹੀਂ ਲੋਕਾਂ ਨੂੰ ਹੋਰ ਲਾਮਬੰਦ ਕੀਤਾ ਜਾ ਰਿਹਾ ਹੈ।