ਮੈਂ ਅਜੇ ਮਰਿਆ ਨਹੀਂ

ਮੈਂ ਅਜੇ ਮਰਿਆ ਨਹੀਂ

ਨਵਦੀਪ ਸਿੰਘ ਮਾਨ, ਟੀਕਰੀ ਮੋਰਚਾ

ਮੈਂ ਵੀ ਮੋਰਚੇ ਦਾ ਇਕ ਛੋਟਾ ਜਿਹਾ ਹਿੱਸਾ ਬਣ ਕੇ 8 ਕੁ ਦਿਨਾਂ ਬਾਅਦ ਪਿੰਡ ਵਾਪਸ ਚਲਾ ਗਿਆ। ਪਰ ਸੱਚ ਪੁੱਛਿਓ ਮੇਰਾ ਮਨ ਹਰ ਵੇਲੇ ਮੋਰਚੇ ਵਿੱਚ ਹੀ ਹੈ। ਏਥੋਂ ਤੱਕ ਕਿ ਰਾਤ ਸਮੇਂ ਮੈਨੂੰ ਸੁਪਨੇ ਵੀ ਟਿਕਰੀ ਬਾਡਰ ਦੇ ਹੀ ਆਉਂਦੇ ਹਨ। ਮੈਂ ਸ਼ਹੀਦ ਭਗਤ ਸਿੰਘ ਜੀ ਦਾ ਵਿਚਾਰਕ ਹਾਂ। ਮੈਨੂੰ ਉਹਨਾਂ ਦੀ ਜੀਵਨੀ ਪੜ੍ਹਣਾ ਸੁਣਨਾ ਬੜਾ ਚੰਗਾ ਲਗਦਾ ਹੈ। ਮੇਰੇ ਮਨ ਤੇ ਉਹਨਾਂ ਦੇ ਸੰਗਰਸ਼ ਕਰਨ ਦੇ ਤਰੀਕੇ ਨੇ ਗਹਿਰਾ ਪ੍ਰਭਾਵ ਪਾਇਆ ਹੈ। ਮੈਂ ਹਮੇਸ਼ਾ ਉਹਨਾਂ ਦੇ ਰਾਹਾਂ ਤੇ ਚਲ ਕੇ ਮਨੁੱਖਤਾ ਦੀ ਸੇਵਾ ਕਰਨਾ ਤੇ ਲੋਕਾ ਦੇ ਹੱਕਾਂ ਲਈ ਲੜਣਾ ਚਾਹੁੰਦਾ ਹਾਂ। ਪਰ ਕੁਝ ਘਰ ਦੀਆ ਮਜਬੂਰੀਆਂ ਕਰਕੇ  ਤੇ ਢੁੱਕਵਾਂ ਮੌਕਾ ਨਾ ਮਿਲਣ ਕਰਕੇ ਇਹ ਇੱਛਾ ਦਿਲ ਵਿੱਚ ਹੀ ਰਹਿ ਗਈ। ਮੇਰੇ ਪਿਤਾ :ਦਰਸ਼ਨ ਸਿੰਘ ਜੀ ਕਿਸੇ ਸਮੇ ਕਿਸਾਨ ਜਥੇਬੰਦੀਆਂ ਨਾਲ ਸੰਘਰਸ਼ਾਂ ਵਿਚ ਸਰਗਰਮ ਰਹਿੰਦੇ ਸਨ ਪਰ ਵਖਤ ਤੇ ਘਰ ਦੀ ਕਬੀਲਦਾਰੀ ਕਰ ਕੇ ਉਹਨਾਂ ਤੋ ਦੂਰ ਹੋ ਗਏ ਪਰ ਜੋ ਮਨ ਵਿੱਚ ਜਜਬਾ ਸੀ ਉਹ ਨਹੀਂ ਮਰਨ ਦਿੱਤਾ। ਮੈਂ MBA ਕਰਕੇ ਵੀ ਬੇਰੁਜ਼ਗਾਰੀ  ਦਾ ਸ਼ਿਕਾਰ ਹਾਂ ਤੇ ਮੈਨੂੰ ਅਫ਼ਸੋਸ ਹੈ ਕਿ ਮੈਂ ਆਪਣੇ ਪਿਤਾ ਦੀ ਸੱਜੀ ਬਾਂਹ ਨਹੀ ਬਣ ਸਕਿਆ। 

ਪਿਤਾ ਜੀ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਕਿ ਪੁੱਤਰਾ ਤੈਨੂੰ ਵੱਡਾ ਅਫਸਰ ਬਣਾ ਕੇ ਜਦੋ ਜਿਆਦਾ ਪੈਸੇ ਗਏ, ਮੈਂ ਉਹਨਾਂ ਪੈਸਿਆਂ ਨਾਲ ਹਰ ਸਾਲ ਗਰੀਬ ਬੱਚਿਆਂ ਦੇ ਵਿਆਹ ਕਰਵਾਇਆ ਕਰਾਂਗਾ ਪਰ ਮੈਨੂੰ ਅਫ਼ਸੋਸ ਹੈ ਕਿ ਮੈਂ ਆਪਣੇ ਪਿਤਾ ਦੇ ਸੁਪਨੇ ਪੂਰੇ ਨਹੀ ਕਰ ਸਕਿਆ। ਪਰ ਉਹ ਖਵਾਹਿਸ਼ਾਂ, ਉਹ ਖਿਆਲ ਹਾਲੇ ਵੀ ਜਿਉਂਦੇ ਨੇ। ਆਪਣੀ ਆਉਣ ਵਾਲੀ ਜ਼ਿੰਦਗੀ ਤੋਂ ਮੈਨੂੰ ਬਹੁਤ ਆਸਾਂ ਨੇ, ਸੰਘਰਸ਼ਸ਼ੀਲ ਜ਼ਿੰਦਗੀ  ਹਾਲੇ ਮੁੱਕੀ ਨਹੀ। ਮੈਂ ਛੋਟੇ ਹੁੰਦੇ ਆਪਣੇ ਘਰ ਦੇ ਪਿਲਰ ਤੇ ਅਖਬਾਰ ਦੀ ਇਕ ਕਟਿੰਗ ਦੇਖਦਾ ਹੁੰਦਾ ਸੀ ਜਿਸ ਵਿਚ ਪਾਰਸ ਦੇ ਬੋਲ ਹੌਸਲਾ ਦੇਣ ਵਾਲੇ ਸਨ, “ ਐਹ ਤੁਫਾਨੋਂ ਨਾ ਮਨਾਓ ਜਿੱਤ ਦੀ ਏਨੀ ਖੁਸ਼ੀ, ਮੈਂ ਹਾਰਿਆ ਹਾਂ ਫਿਰ ਲੜਾਂਗਾ ਮੈਂ ਅਜੇ ਮਰਿਆ ਨਹੀ।ਜ਼ਿੰਦਗੀ ਸੰਘਰਸ਼ ਲੜਦੇ ਰਹਿਣਾ ਚਾਹੀਦਾ, ਮੈਂ ਟਿਕਰੀ ਬਾਡਰ ਤੇ ਹਰ ਪਲ ਆਪਣੇ ਸਾਥੀਆ ਨਾਲ ਪੂਰੇ ਜੋਸ਼ ਨਾਲ ਮੋਦੀ ਦੀ ਜਾਲਮ ਸਰਕਾਰ ਦੇ ਵਿਰੋਧ ਵਿਚ ਨਾਹਰੇ ਲਗਾਏਤੇ ਸਾਡੇ ਸੂਝਵਾਨ ਆਗੂਆਂ ਦੇ ਵਿਚਾਰ ਸੁਣ ਕੇ ਬਿਤਾਏ। ਮੈਨੂੰ ਇਹਨਾਂ 8 ਦਿਨਾਂ ਨੇ  ਬਹੁਤ ਕੁਝ ਸਿਖਾਇਆ  ਪੂਰੇ ਦੇਸ ਦੀ ਭਾਈਚਾਰਕ ਸਾਂਝ, ਖਾਸ ਕਰ ਪੰਜਾਬ ਹਰਿਆਣੇ ਦੀ ਸਕੇ ਭਰਾਵਾਂ ਵਾਲੀ ਸਾਂਝ ਦੇਖਣ ਨੂੰ ਮਿਲੀ। ਪੰਜਾਬ ਤੇ ਹਰਿਆਣੇ ਵਾਲੇ ਬੁਜਰਗਾਂ ਨੂੰ ਜੱਫਾ ਪਾਉਦਾ ਦੇਖ ਮਨ ਨੂੰ ਬੜੀ ਤਸੱਲੀ ਹੁੰਦੀ ਹੈ ।ਸਾਰੇ ਆਪਣੇ ਨਿੱਜੀ ਸਵਾਰਥ ਨੂੰ ਛੱਡ ਇਕ ਦੂਜੇ ਦੀ ਸੇਵਾ ਵਿਚ ਲੱਗੇ ਹੋਏ ਹਨ।  ਸੰਘਰਸ਼ ਵਿਚ ਜਾਣਾ ਤੇ ਇਕ ਇਤਿਹਾਸਿਕ ਅੰਦੋਲਨ ਸ਼ਮੂਲੀਅਤ ਵੀ ਮੇਰੀ ਜ਼ਿੰਦਗੀ ਦਾ ਬਹੁਤ ਅਭੁੱਲ ਤਜਰਬਾ ਹੈ। ਜੋ ਮੈਂ ਆਪਣੇ ਪੁੱਤ ਪੋਤੀਆਂ ਨੂੰ ਮਾਣ ਨਾਲ ਦੱਸਿਆ ਕਰਾਂਗਾ। ਦਿੱਲੀ ਦੇ ਬਾਡਰਾਂ ਤੇ  ਸੰਘਰਸ਼ ਨੂੰ ਛੱਡ ਕੇ ਆਉਣ ਨੂੰ ਦਿਲ ਨਹੀ ਕਰਦਾ ਸੀ ਪਰ ਮੇਰੇ ਪਿਤਾ ਜੀ ਨੂੰ ਕਾਹਲ ਸੀ ਏਥੇ ਆਉਣ ਦੀ ਜਿਸ ਕਾਰਨ ਨਾ ਚਾਹੁੰਦਿਆਂ ਵੀ ਘਰ ਵਾਪਸ ਆਉਣਾ ਪਿਆ। ਦਿਲੀ ਦੇ ਬਾਡਰਾਂ ਤੇ ਡਟੇ ਸੰਘਰਸੀ ਯੋਧਿਆ ਨੂੰ ਮੈਂ ਕਹਿਣਾ ਚਾਹੁੰਨਾਂ ਕਿ ਬੁਲੰਦ ਹੌਂਸਲੇ ਨਾਲ ਲੜੋ ਤੇ ਜਿੱਤ ਕੇ ਘਰ ਵਾਪਸ  ਆਓ, ਅਸੀ ਨੋਜੁਵਾਨ ਵੀ ਤੁਹਾਡੇ ਨਾਲ  ਤੁਹਾਡੀ ਅਵਾਜ , ਤੁਹਾਡੀਆ ਬਾਹਾ ਬਣ ਕੇ ਤੁਹਾਡੇ ਨਾਲ ਖੜੇ ਆ।

en_GBEnglish