ਬਾਬਰ ਅਤੇ ਅਬਦਾਲੀ ਨੂੰ ਹਰਾਉਣ ਵਾਲਾ ਖੰਨੇ ਦਾ ਇਲਾਕਾ

ਬਾਬਰ ਅਤੇ ਅਬਦਾਲੀ ਨੂੰ ਹਰਾਉਣ ਵਾਲਾ ਖੰਨੇ ਦਾ ਇਲਾਕਾ

ਜਤਿੰਦਰ ਮੌਹਰ

ਸੈਦਪੁਰ ਵਿੱਚ ਬਾਬਰ ਦੇ ਹੱਲੇ ਖ਼ਿਲਾਫ਼ ਬਾਬਾ ਨਾਨਕ ਆਵਾਜ਼ ਬੁਲੰਦ ਕਰ ਰਹੇ ਸਨ। ਬਾਬਰ ਮਾਰਚ 1530 ਵਿੱਚ ਸਰਹਿੰਦ ਸੀ। ਮੰਡੇਰ ਕਿਸਾਨਾਂ ਦਾ ਖੰਨੇ ਨੇੜੇ ਪਿੰਡ ਜਰਗ ਵਿੱਚ ਚੰਗਾ ਅਸਰ ਸੀ। ਮੋਹਣ ਮੰਡੇਰ ਦੀ ਅਗਵਾਈ ਵਿੱਚ ਮੁਕਾਮੀ ਕਿਸਾਨਾਂ ਨੇ ਸਰਹਿੰਦ ਦੇ ਕਾਜ਼ੀ ਦੇ ਜ਼ੁਲਮਾਂ ਖ਼ਿਲਾਫ਼ ਵਿੱਚ ਸਰਹਿੰਦ ਉੱਤੇ ਹਮਲਾ ਕਰਕੇ ਕਾਜ਼ੀ ਦੀ ਜਾਇਦਾਦ ਫੂਕ ਦਿੱਤੀ। ਬਾਗ਼ੀਆਂ ਨੇ ਬਾਬਰੀ ਫ਼ੌਜ ਉੱਤੇ ਗੁਰੀਲਾ ਹਮਲੇ ਕੀਤੇ ਅਤੇ ਸਮਾਣੇ ਦੇ ਧਨਾਡਾਂ ਨੂੰ ਲੁੱਟ ਲਿਆ। ਉਨ੍ਹਾਂ ਦੀ ਬਗਾਵਤ ਜਰਗ, ਖੰਨਾ, ਪਟਿਆਲਾ ਤੋਂ ਕੈਥਲ ਪਰਗਣੇ ਤੱਕ ਫੈਲੀ ਹੋਈ ਸੀ। 4 ਮਾਰਚ 1530 ਨੂੰ ਬਾਬਰ ਨੇ ਆਪਣੇ ਜਰਨੈਲ ਅਲੀ ਕੁਲੀ ਖਾਨ ਹਮਦਾਨ ਨੂੰ ਤਿੰਨ ਹਜ਼ਾਰ ਘੁੜਸਵਾਰ ਦੇ ਕੇ ਕੈਥਲ ਪਰਗਣੇ ਵੱਲ ਭੇਜਿਆ ਜਿੱਥੇ ਮੋਹਣ ਮੰਡੇਰ ਦੀ ਅਗਵਾਈ ਵਿੱਚ ਉਨ੍ਹਾਂ ਦਾ ਦਲ ਮੌਜੂਦ ਸੀ। ਗਹਿਗੱਚਵੀਂ ਲੜਾਈ ਵਿੱਚ ਕਿਸਾਨਾਂ ਨੇ ਬਾਬਰੀ ਫ਼ੌਜ ਨੂੰ ਹਰਾ ਦਿੱਤਾ। ਬਾਬਰ ਨੇ ਦੂਜੇ ਜਰਨੈਲ ਤਰਸਾਮ ਬਹਾਦਰ ਨੂੰ ਛੇ ਹਜ਼ਾਰ ਘੁੜਸਵਾਰ ਦੇ ਕੇ ਭੇਜਿਆ। ਇਸ ਲੜਾਈ ਵਿੱਚ ਵੀ ਕਿਸਾਨਾਂ ਦਾ ਪਲੜਾ ਭਾਰੀ ਰਿਹਾ ਪਰ ਧੋਖੇਬਾਜ਼ੀ ਨਾਲ ਮੋਹਣ ਮੰਡੇਰ ਅਤੇ ਹੋਰ ਬਾਗੀ ਕਿਸਾਨਾਂ ਨੂੰ ਫੜ ਲਿਆ ਗਿਆ। ਮੋਹਣ ਮੰਡੇਰ ਨੂੰ ਧਰਤੀ ਵਿੱਚ ਲੱਕ ਤੱਕ ਦੱਬ ਕੇ ਤੀਰ ਮਾਰੇ ਗਏ ਅਤੇ ਸ਼ਹੀਦ ਕਰ ਦਿੱਤਾ। ਮੰਡੇਰਾਂ ਦੀ ਆਬਾਦੀ ਵਾਲੇ ਸਾਰੇ ਪਿੰਡ ਉਜਾੜ ਦਿੱਤੇ ਗਏ।

1747 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਪਹਿਲਾ ਹੱਲਾ ਬੋਲਿਆ। 11 ਮਾਰਚ 1748 ਨੂੰ ਖੰਨੇ ਤੋਂ ਪੰਜਛੇ ਕਿਲੋਮੀਟਰ ਦੂਰ ਪਿੰਡ ਮਾਨੂੰਪੁਰ ਵਿੱਚ ਅਬਦਾਲੀ ਨੂੰ ਹਰਾ ਕੇ ਵਾਪਸ ਕਾਬਲ ਭਜਾ ਦਿੱਤਾ ਗਿਆ। ਪੰਜਾਬੀਆਂ ਨੇ ਇਹ ਜੰਗ ਮੀਰ ਮੰਨੂ ਦੀ ਕਮਾਨ ਹੇਠ ਲੜੀ। ਇਸ ਲੜਾਈ ਵਿੱਚ ਮੁਕਾਮੀ ਲੋਕਾਂ ਨੇ ਧਾੜਵੀਆਂ ਖ਼ਿਲਾਫ਼ ਜ਼ਬਰਦਸਤ ਬਹਾਦਰੀ ਦਿਖਾਈ ਜਿਨ੍ਹਾਂ ਵਿੱਚ ਪਿੰਡ ਗੋਸਲਾਂ ਦੇ ਪੰਡਤਾਂ ਦੇ ਗੱਭਰੂ ਦੀ ਬਹਾਦਰੀ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਭੱਜੇ ਜਾਂਦੇ ਅਬਦਾਲੀ ਨੂੰ ਆਲਾ ਸਿੰਘ ਅਤੇ ਚੜ੍ਹਤ ਸਿੰਘ ਦੇ ਦਲਾਂ ਨੇ ਖੂਬ ਲੁੱਟਿਆ। 

ਹਵਾਲੇ: ਤੁਜ਼ਕੇ ਬਾਬਰੀ (ਬਾਬਰਨਾਮਾ), ਬੰਦਾ ਸਿੰਘ ਬਹਾਦਰ (ਲੇਖਕ ਡਾ. ਸੁਖਦਿਆਲ ਸਿੰਘ), ਸਰਹਿੰਦ ਥਰੂ ਏਜਜ਼ (ਡਾ. ਫ਼ੌਜਾ ਸਿੰਘ)

en_GBEnglish