ਦੁੱਲੇ ਦੀ ਲੋਹੜੀ ਤੇ ਇਨਕਲਾਬੀ ਯਤਨ

ਦੁੱਲੇ ਦੀ ਲੋਹੜੀ ਤੇ ਇਨਕਲਾਬੀ ਯਤਨ

ਸਾਰਾ ਕਾਜ਼ਮੀ

ਸੰਨ 1954 ਵਿਚ ਭਾਜੀ ਗੁਰਸ਼ਰਨ ਸਿੰਘ ਨੇ ਭਾਖੜਾ ਨੰਗਲ ਵਿਚ ਆਪਣਾ ਪਹਿਲਾ ਡਰਾਮਾ, “ਲੋਹੜੀ ਦੀ ਹੜਤਾਲ਼ਡੈਮ ਦੀ ਉਸਾਰੀ ਕਰਦੇ ਮਜ਼ਦੂਰਾਂ ਨਾਲ਼ ਰਲ਼ ਕੇ ਖੇਡਿਆ। ਭਾਜੀ ਗੁਰਸ਼ਰਨ, ਜਿਨ੍ਹਾਂ ਆਪਣੀ ਸਾਰੀ ਉਮਰ ਪੰਜਾਬ ਵਿਚ ਪਿੰਡੋ ਪਿੰਡ ਫਿਰ ਕੇ ਲੋਕ ਹਿਤ ਸਿਆਸਤ ਦੇ ਹੱਕਵਿਚ ਥੇਟਰ ਕੀਤਾ, ਉਸ ਵੇਲੇ ਡੈਮਤੇ ਬਤੌਰ ਇੰਜੀਨੀਅਰ ਸਰਕਾਰੀ ਮੁਲਾਜ਼ਮ ਸਨ। ਲੋਹੜੀ ਦੇ ਦਿਨ ਨੇੜੇ ਆਏ ਤੇ ਮਜ਼ਦੂਰਾਂ ਨੇ ਲੋਹੜੀ ਮਨਾਉਣ ਲਈ ਸਰਕਾਰ ਤੋਂ ਛੁੱਟੀ ਮੰਗੀ। ਸਰਕਾਰ ਨੇ ਅੱਗੋਂ ਨਾ ਮੰਨਣੀ ਸੀ, ਨਾ ਮੰਨੀ। ਮਜ਼ਦੂਰਾਂ ਨੇ ਹੜਤਾਲ਼ ਦਾ ਐਲਾਨ ਕਰ ਦਿੱਤਾ, ਜਿਥੇ ਡਰਾਮਾ ਲੋਹੜੀ ਦੀ ਹੜਤਾਲ਼ ਖੇਡਿਆ ਗਿਆ। ਲੋਹੜੀ ਦੇ ਰੰਗ ਨਾਬਰੀ ਦੇ ਰੰਗ ਨਾਲ਼ ਜੁੜ ਗਏ, ਤੇ ਇਹ ਸਾਫ਼ ਹੋ ਗਿਆ ਕੇ ਪੰਜਾਬ ਦੀਆਂ ਕਿਰਸਾਨੀ ਰੀਤਾਂ ਨਾਲ਼ ਆਮਾਂ ਦੇ ਇਨਕਲਾਬੀ ਯਤਨ ਦਾ ਕਿੱਡਾ ਗੂੜ੍ਹਾ ਰਿਸ਼ਤਾ ਹੈ।

ਲੋਹੜੀ ਮਨਾਉਣ ਲਈ ਘੋਲ਼ ਕਰਨ ਵਿਚ ਭਾਖੜਾ ਨੰਗਲ ਦੇ ਕਾਮੇ ਮਜ਼ਦੂਰ, ਕਿਸਾਨਾਂ ਕੰਮੀਆਂ ਦੇ ਪੁੱਤ, ਲੋਹੜੀ ਦੇ ਉਸ ਡਾਢੇ ਸੂਰਮੇ, ਦੁੱਲਾ ਭੱਟੀ ਨਾਲ਼ ਜਾ ਜੁੜੇ, ਜਿਸ ਨੇ ਸੋਲਵੀਂ ਸਦੀ ਵਿਚ ਮੁਗ਼ਲ ਬਾਦਸ਼ਾਹ ਅਕਬਰ ਦੇ ਜ਼ੁਲਮ ਦੇ ਖ਼ਿਲਾਫ਼ ਜੰਗ ਕੀਤੀ। ਅਕਬਰ ਦਾ ਵੇਲ਼ਾ ਕਿਸਾਨਾਂ ਕਿਰਤੀਆਂ ਵਾਸਤੇ ਡਾਢੀ ਮੁਸੀਬਤ ਦਾ ਵੇਲ਼ਾ ਸੀ। ਬਾਦਸ਼ਾਹੀ ਨੂੰ ਠੱਪੀ ਰੱਖਣ ਵਾਸਤੇ ਅੰਨ ਦਾਤਿਆਂ ਤੋਂ ਅੰਨ ਖੋਹਣ ਦਾ ਵੱਡਾ ਮਨਸੂਬਾ ਬੰਨਿਆ ਗਿਆ, ਜਿਸਦੇ ਵਿਚ ਵਪਾਰ ਤੇ ਪਟਵਾਰ ਦੀ ਲਾਲਚ ਤੇ ਜ਼ੁਲਮ ਦਾ ਮੀਂਹ ਵਰ੍ਹਿਆ। ਇਕ ਪਾਸਿਓਂ ਸਰਕਾਰ ਦਾ ਭਾਰੀ ਮਾਮਲਾ, ਯਾਨੀ ਟੈਕਸ, ਤੇ ਦੂਜੇ ਪਾਸੇ ਵਪਾਰੀਆਂ ਦੀ ਲੁੱਟਮਾਰ। ਪਰ ਦੁੱਲੇ ਭੱਟੀ ਨੇ ਮਾਮਲਾ ਤਾਰਨ ਤੋਂ ਵੀ ਇਨਕਾਰ ਕੀਤਾ, ਸਗੋਂ ਮੁਗ਼ਲ ਬਾਦਸ਼ਾਹ ਦੇ ਰਾਜ ਅੱਗੇ ਵੀ ਵੀਹਰ ਖਲੋਤਾ। ਇਸ ਜਥੇਵੰਦ ਹੋ ਕੇ ਮੁਗ਼ਲ ਕਾਫ਼ਲਿਆਂ ਦਾ ਲੁੱਟਿਆ ਮਾਲ ਖੁਸ ਕੇ, ਮੁੜ ਆਮਾਂ ਗ਼ਰੀਬਾਂ ਦੇ ਹੱਥਾਂ ਵਿਚ ਥਮਾਇਆ। ਅਖ਼ੀਰ ਧੋਖੇ ਨਾਲ਼ ਉਹਨੂੰ ਚੁਗ਼ੱਤਿਆਂ ਨੇ ਘੇਰ ਲਿਆ, ਪਰ ਮਰਦੇ ਦਮ ਤਕ ਉਹ ਤਖ਼ਤ ਨੂੰ ਲਲਕਾਰਦਾ ਰਿਹਾ: ”ਜਦ ਤਾਈਂ ਤਖ਼ਤ ਹੈ ਰਹਿੰਦਾ, ਮੈਂ ਦੁੱਲਾ ਵਿਚ ਬਾਰ!” ਇਸ ਦੀ ਇਹ ਗੱਲ ਸੱਚੀ ਰਹੀ। ਦੁੱਲੇ ਦੀ ਹੱਕ ਲਈ ਲੜਾਈ ਪੰਜਾਬ ਦੀਆਂ ਜੁਝਾਰੂ ਲਹਿਰਾਂ ਵਿਚ ਮੁੜ ਕੇ ਗੂੰਜਦੀ ਰਹਿੰਦੀ ਹੈ, ਜਿਵੇਂ ਲਾਹੌਰ ਵਿਚ ਅਯੂਬ ਖ਼ਾਨ ਦੀ ਫ਼ੌਜੀ ਹਕੂਮਤ ਦੇ ਖ਼ਿਲਾਫ਼ ਲਿਖੇ ਡਰਾਮੇਤਖ਼ਤ ਲਹੌਰਰਾਹੀਂ, ਜਿਸਦੇ ਵਿਚ ਮੁਗ਼ਲ ਦਰਬਾਰ ਹਾਲੀ ਪਾਕਿਸਤਾਨੀ ਸਰਕਾਰ ਲਈ ਰਮਜ਼ ਬਣ ਜਾਂਦਾ ਹੈ। ਇਹੋ ਡਰਾਮਾ ਜਦੋਂ ਭਾਜੀ ਗੁਰਸ਼ਰਨ ਸਿੰਘ ਨੇ ਇੰਦਰਾ ਗਾਂਧੀ ਦੇ ਦੌਰ ਵਿਚ ਗਾਂਧੀ ਗਰਾਉਂਡ ਅੰਮ੍ਰਿਤਸਰ ਵਿਚ ਖੇਡਿਆ ਤੇ ਸਰਕਾਰ ਨੇ ਉਨ੍ਹਾਂ ਨੂੰ ਜ੍ਹੇਲ ਘੱਤ ਦਿੱਤਾ।

ਅੱਜ ਫ਼ਿਰ ਦਿੱਲੀ ਸਰਕਾਰ ਨੇ ਮੁਗ਼ਲ ਬਾਦਸ਼ਾਹੀ ਤੇ ਅੰਗਰੇਜ਼ ਕਾਲੋਨੀਗੀਰੀ ਨਾਲ਼ ਅਪਣਾ ਜੋੜ ਸਾਬਤ ਕਰਦੀਆਂ ਕਿਰਸਾਨੀ ਅਤੇ ਭਾਰੀ ਵਾਰ ਕੀਤਾ ਹੈ। ਪਰ ਖ਼ਲਕਤ ਵੀ ਦੁੱਲੇ ਦੇ ਮੁੱਦੇ ਉਤੇ ਡਟੀ ਖਲੋਤੀ ਹੈ, ਤੇ ਸਰਮਾਏ ਦੀ ਲੁੱਟ ਤੇ ਟੁੱਟ ਭੱਜ ਦੇ ਖ਼ਿਲਾਫ਼ ਲੜਨ ਲਈ ਤਿਆਰ ਹੈ। ਐਤਕੀ ਧਰਨੇ ਵਿਚ ਲੋਹੜੀ ਮਨਾਂਦੇ ਹੋਏ ਸਾਥੀਆਂ ਦੇ ਗੀਤਾਂ ਵਿਚ ਦੁੱਲੇ ਦੀ ਬਗ਼ਾਵਤ ਮੁੜ ਜਿਓਂ ਉੱਠੀ।

 

en_GBEnglish