ਟੀਕਰੀ ਮੋਰਚੇ ਨਾਲ ਸੰਵਾਦ

ਟੀਕਰੀ ਮੋਰਚੇ ਨਾਲ ਸੰਵਾਦ

ਗੁਰਪ੍ਰੀਤ ਸਿੰਘ ਬਰਾੜ

ਦਿੱਲੀ ਦੇ ਦੁਆਲੇ ਜੋ ਅੰਦੋਲਨ ਚੱਲ ਰਿਹਾ ਹੈ, ਇਸਨੂੰ ਕੋਈ ਅਦੁੱਤੀ ਸ਼ਕਤੀ ਚਲਾ ਰਹੀ ਹੈ। ਅੱਜ ਤੋਂ ਕੋਈ 20–25 ਦਿਨ ਪਹਿਲਾਂ ਸਿੰਘੂ ਤੇ ਟਿੱਕਰੀ ਬਾਡਰ ਦੇ ਲੋਕਾਂ ਦਾ ਅਜਿਹਾ ਹੀ ਮੰਨਣਾ ਸੀ। ਇਸ ਵਾਰ 26 ਜਨਵਰੀ ਤੋਂ ਬਾਅਦ ਦੀ ਫੇਰੀ ਦੌਰਾਨ ਇਹ ਮਾਨਤਾ ਹੋਰ ਦ੍ਰਿੜ ਹੋ ਗਈ ਕਿ ਸੱਚੀ ਹੀ ਕੁਦਰਤ ਮਾਂ ਨੇ ਆਪਣੇ ਇਹਨਾਂ ਜੇਠੇ ਪੁੱਤਰਾਂ ਨੂੰ ਆਪਣੀ ਬੁੱਕਲ ਵਿਚ ਸਮੋਂ ਰੱਖਿਆ ਹੈ। ਵੈਸੇ ਵੀ ਕੁਦਰਤ ਅਤੇ ਕਿਰਸਾਨੀ ਇਕ ਦੂਜੇ ਨਾਲ ਐਨੇ ਰਚੇਮਿਚੇ ਹਨ ਕਿ ਇਨ੍ਹਾਂ ਨੂੰ ਵੱਖਰਾ ਕਰਨਾ ਅਸੰਭਵ ਹੈ। ਕਿਰਸਾਨੀ ਧਰਤੀ ਦੀ ਕੁੱਖ ਚੋਂ ਬੀਜ ਦੇ ਪੁੰਗਰਨ ਤੋਂ ਲੈ ਕੇ ਫਸਲ ਦੇ ਪੱਕਣ ਤੱਕ ਇਕ ਮਿੱਥੀ ਹੋਈ ਕੁਦਰਤੀ ਪ੍ਰਕਿਰਿਆ ਵਿਚੋਂ ਗੁਜਰਦੀ ਹੈ। ਕਿਸਾਨਾਂ ਦਾ ਇਹ ਯੁੱਧ ਭਲਾ ਕੁਦਰਤੀ ਪ੍ਰਕਿਰਿਆ ਤੋਂ ਦੂਰ ਕਿਵੇਂ ਹੋ ਸਕਦਾ ਸੀ। ਆਪਣੇ ਰਵਾਇਤੀ ਢੰਗ ਅਨੁਸਾਰ ਹੀ ਕਿਸਾਨਾਂ ਨੇ ਪਹਿਲਾਂ ਆਪਣੇ ਪਿੰਡਾਂ ਦੀਆਂ ਫਿਰਨੀਆਂ ਤੋਂ ਹਾਈਵੇ ਤੱਕ ਇਸ ਮੋਰਚੇ ਦੀ ਪਨੀਰੀ ਤਿਆਰ ਕੀਤੀ। ਫਿਰ ਦਿੱਲੀ ਨੂੰ ਜਾਂਦੀਆਂ ਵੱਡੀਆਂ ਸੜਕਾਂ ਕੱਦੂ ਕਰਕੇ ਇਹ ਪਨੀਰੀ ਦਿੱਲੀ ਦੀ ਨਿਆਂਈਂ ਜਾ ਲਾਈ। ਫਸਲ ਦੀ ਨਿਗਰਾਨੀ ਲਈ ਨਿਰੰਤਰ ਵਾਰੀ ਸਿਰ ਪਿੰਡ ਤੋਂ ਟਿਕਰੀ ਅਤੇ ਸਿੰਘੂ ਵਾਲੇ ਖੇਤ ਗੇੜਾ ਵੱਜਦਾ ਰਿਹਾ। ਫਸਲ ਲਹਿਰਾ ਰਹੀ ਸੀ, ਬਹੁਤ ਝਾੜ ਦੀ ਉਮੀਦ ਸੀ, ਕਿਸਾਨਾਂ ਦੇ ਚਿਹਰਿਆਂ ਦਾ ਜਾਹੋਜਹਾਲ ਵੱਖਰਾ ਸੀ। ਫੇਰ ਅਚਾਨਕ ਇਕ ਦਿਨ ਸਰਕਾਰੀ ਤੰਤਰ, ਏਜੰਸੀਆਂ, ਗੋਦੀ ਮੀਡੀਆ, ਆਰ. ਐਸ. ਐਸ ਅਤੇ ਕੁਝ ਹੋਰ ਭੇਤੀਆਂ ਦਾ ਟਿੱਡੀ ਦਲ ਖੌਰੂ ਪਾਉਣ ਚੜਿਆ। ਪਰ ਸ਼ਾਮ ਹੁੰਦੇਹੁੰਦੇ ਹੋਸ਼ ਦੇ ਪੀਪੇ ਖੜਕਣ ਲੱਗੇ, ਅਗਲੀ ਸਵੇਰ ਟਿੱਡੀ ਦਲ ਭੱਜਦਾ ਨਜ਼ਰ ਆਇਆ। ਪਰ ਟਿੱਡੀ ਦਲ ਨੇ ਉਸ ਇਕ ਦਿਨ ਵਿੱਚ ਹੀ ਫਸਲ ਦਾ ਚੌਖਾ ਨੁਕਸਾਨ ਕਰ ਦਿੱਤਾ। ਚਿਹਰੇ ਨਿਰਾਸ਼ ਹੋਣ ਲੱਗੇ, ਜਾਹੋਜਲਾਲ ਉਡਣ ਲੱਗੇ, ਗੋਦੀ ਮੀਡੀਆ ਤਾੜੀ ਮਾਰ ਹੱਸਣ ਲੱਗਿਆ ਤਾਂ ਇਸ ਕੁਮਲਾ ਰਹੀ ਫਸਲ ਨੂੰ ਗਾਜੀਪੁਰ ਬਾਡਰ ਤੇ ਬੈਠੇ ਇਕ ਬਜ਼ੁਰਗ ਨੇ ਆਪਣੀਆਂ ਅੱਖਾਂ ਦੇ ਪਾਣੀ ਨਾਲ ਸਿੰਜਿਆ। ਅੱਖਾਂ ਦੇ ਮੋਘੇਚੋਂ ਪਹਿਲੀ ਬੂੰਦ ਕੀ ਨਿਕਲੀ ਕਿ ਹਰ ਘਰਚੋਂ ਹਾਅ ਦੇ ਨਾਅਰੇ ਲੱਗੇ, ਥਾਲੀਆਂ ਪਈ ਰੋਟੀ ਛੱਡ ਰਾਤੋਰਾਤ ਹੀ ਦਿੱਲੀ ਵੱਲ ਨੂੰ ਕੂਚ ਸ਼ੁਰੂ ਹੋ ਗਏ। ਅਗਲੇ ਦਿਨ ਦੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਹੀ ਫਸਲ ਫਿਰ ਲਹਿਰਾਉਣ ਲੱਗੀ, ਜਾਹੋਜਲਾਲ ਮੁੜ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ ਬਣਿਆ।

ਕੁਦਰਤੀ ਇਸੇ ਦਿਨ ਹੀ ਟਿੱਕਰੀ ਆਉਣ ਦਾ ਸਬੱਬ ਬਣਿਆ, ਇਕੱਠ ਵੱਧ ਗਿਆ ਸੀ, ਪੰਡਾਲ ਸੱਜ ਰਿਹਾ ਸੀ, ਨਾਅਰੇ ਲੱਗ ਰਹੇ ਸਨ। ਰੋਜ਼ ਦੀ ਤਰ੍ਹਾਂ ਤੜਕੇ ਸਾਰ ਹੀ ਲਾਂਬਾਂ ਪਿੰਡ ਵਾਲਾ ਰਵਿੰਦਰ ਆਪਣੇ ਨੰਗੇ ਧੜ ਨਾਲ ਸਵੇਰ ਦੇ ਮਾਰਚ ਦੀ ਅਗਵਾਈ ਕਰ ਰਿਹਾ ਸੀ। ਰਵਿੰਦਰ ਨੇ ਬੀਤੇ ਦੋ ਮਹੀਨਿਆਂ ਤੋਂ ਕੜਕਦੀ ਠੰਡ ਵਿਚ ਵੀ ਆਪਣੇ ਧੜ ਤੇ ਕੱਪੜਾ ਨਹੀਂ ਪਾਇਆ, ਹਿੱਕ ਤੇ ‘‘ਕਿਸਾਨੀ ਹੀ ਧਰਮ ਹੈ’’ ਲਿਖਾ ਰੱਖਿਆ ਹੈ। ਮੋਰਚੇ ਦੇ ਦਿਨ ਦੀ ਸ਼ੁਰੂਆਤ ਏਸ ਸ਼ੇਰ ਦੀ ਦਹਾੜ ਨਾਲ ਹੀ ਹੁੰਦੀ ਹੈ। ਬਾਕੀ ਹਰਿਆਣੇ ਆਲਿਆਂ ਨੇ ਵੀ ਬੜੇ ਚਾਅ ਨਾਲ ਦੱਸਿਆ ਕਿਇਬ ਹਰਿਆਣਾ ਪੰਜਾਬ ਸੇ ਆਗੇ ਹੈ।ਇਹ ਸੱਚ ਵੀ ਹੈ, ਜਿੱਥੇ ਪੰਜਾਬ ਨੇ ਇਸ ਮੋਰਚੇ ਦਾ ਪਿੜ ਬੰਨਿਆ ਉੱਥੇ ਯੂ.ਪੀ. ਅਤੇ ਹਰਿਆਣੇ ਨੇ 26 ਜਨਵਰੀ ਤੋਂ ਬਾਅਦ ਇਸਨੂੰ ਮੁੜ ਸੁਰਜੀਤ ਕੀਤਾ। ਹਰਿਆਣੇ ਆਲਿਆਂ ਨੂੰ ਇਸ ਗੱਲ ਦਾ ਮਲਾਲ ਜ਼ਰੂਰ ਸੀ ਕਿ ਜਾਟ ਅੰਦੋਲਨ ਵੇਲੇ ਸਾਨੂੰ ਲੰਗਰ ਲਾਉਣਾ ਨਹੀਂ ਸੀ ਆਉਂਦਾ, ਇਸ ਮੋਰਚੇਤੇ ਸਰਦਾਰਾਂ ਨੇ ਸਾਨੂੰ ਲੰਗਰ ਲਾਉਣਾ ਸਿਖਾ ਦਿੱਤਾ ਤੇ ਹੁਣ ਹਰਿਆਣਾ ਲੰਗਰ ਲਾਉਣਾ ਕਦੇ ਨਹੀਂ ਭੁੱਲੇਗਾ।

ਪਿੰਡ ਆਧਨੀਆਂ ਦੀ ਟਰਾਲੀ ਤੇ ਜਿਆਦਾ ਭਾਵਨਾਤਮਕ ਗੱਲਾਂ ਹੋਈਆਂ, ਅਖੇ ਟਕੈਤ ਦੇ ਹੰਝੂਆਂ ਨੇ ਕੱਲੀ ਯੂ.ਪੀ. ਨਹੀਂ ਹਲੂਣੀ ਸਗੋਂ ਹਰਿਆਣੇ, ਪੰਜਾਬ ਨੂੰ ਵੀ ਧੁਰ ਅੰਦਰ ਤੱਕ ਵੰਗਾਰਿਆ, ਬਾਕੀ ਟਕੈਤ ਦੇ ਵੀ ਵੱਸ ਨਹੀਂ ਸੀ, ਉਹ ਦਿਨ ਹੀ ਐਸਾ ਸੀ, ਮੋਰਚੇ ਦੀ ਕੋਈ ਟਰਾਲੀ ਐਸੀ ਨਹੀਂ ਸੀ, ਜਿਸਤੇ ਕਿਸੇ ਬਜ਼ੁਰਗ ਦੀ ਅੱਖ ਸਿੱਲੀ ਨਾ ਹੋਈ ਹੋਵੇ। ਅੱਖਾਂ ਦੀ ਇਹ ਵੱਤ ਬੇਕਾਰ ਨਹੀਂ ਜਾਵੇਗੀ, ਸੰਘਰਸ਼ ਲੰਬਾ ਚੱਲੇਗਾ, ਦਿਉਣ ਖੇੜੇ ਆਲਾ ਜਨਕ ਕਹਿੰਦਾ ਵੀ ਹੁਣ ਘਰ ਤਾਂ ਨਹੀਂ ਜਾ ਸਕਦੇ, ਜਾਵਾਂਗੇ ਕੋਈ ਨਤੀਜਾ ਲੈ ਕੇ ਹੀ। ਰਹੀ ਗਰਮੀ ਨਾਲ ਨਜਿੱਠਣ ਲਈ ਉਹ ਆਵਦੀ ਟਰਾਲੀ ਤੇ ਕੂਲਰ ਲਾਉਣ ਦੀ ਜੁਗਤ ਘੜ ਰਿਹਾ ਸੀ। ਗੱਗੜ ਵਾਲੇ ਬਾਬਿਆਂ ਨੇ ਗੁੱਝੀ ਗੱਲ ਦੱਸੀ ਕਿ ਮੋਦੀ ਜੱਟ ਨਸਲ ਨੂੰ ਸਮਝ ਹੀ ਨਹੀਂ ਪਾਇਆ, ਉਹਨੂੰ ਕੋਈ ਦੱਸਣ ਵਾਲਾ ਹੀ ਨਹੀਂ ਕਿ ਜੱਟ, ਜਾਟ ਤੇ ਝੋਟੇ ਨੂੰ ਜੇ ਮਾਰਨਾ ਹੋਵੇ ਤਾਂ ਉਹਨੂੰ ਖੂਹ ਤੋਂ ਦੂਜੇ ਪਾਸੇ ਵੱਲ ਖਿੱਚੋ ਤਾਂ ਫਿਰ ਉਹ ਆਵਦੀ ਅੜੀ ਤੇ ਜ਼ੋਰ ਨਾਲ ਆਪ ਖੂਹ ਡਿੱਗਦਾ ਅਤੇ ਮੋਦੀ ਕਮਲਾ ਇਹਨਾਂ ਨੂੰ ਖਿੱਚ ਕੇ ਖੂਹ ਸਿੱਟਣ ਨੂੰ ਫਿਰਦਾ। ਬਾਪੂ ਕਹਿਣਾ ਚਾਹੁੰਦਾ ਸੀ ਕਿ ਸਰਕਾਰ ਜਿੰਨੇ ਵੱਧ ਪੰਗੇ ਲਵੇਗੀ, ਸੰਘਰਸ਼ ਉਨ੍ਹਾਂ ਹੀ ਵੱਧ ਤਿੱਖਾ ਤੇ ਤੇਜ਼ ਹੋਵੇਗਾ। ਜਿਵੇਂ ਹੀ ਸਰਕਾਰ ਨੇ ਕੋਝੀਆਂ ਚਾਲਾਂ ਸ਼ੁਰੂ ਕੀਤੀਆਂ, ਵੇਖੋ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਦੇ ਪਿੰਡਪਿੰਡ ਅਨਾਊਂਸਮੈਟਾਂ ਸ਼ੁਰੂ ਹੋ ਗਈਆਂ, ਮਤੇ ਪੈਣੇ ਸ਼ੁਰੂ ਹੋ ਗਏ, ਦਿੱਲੀ ਵੱਲ ਨੂੰ ਫੇਰ ਕਾਫਲੇ ਵੱਧ ਗਏ।

ਤੁਰਦੇਤੁਰਦੇ ਟਿੱਕਰੀ ਸਟੇਜ਼ ਕੋਲ ਪਹੁੰਚੇ, ਇਕੱਠ ਪਹਿਲਾਂ ਨਾਲੋਂ ਬਹੁਤ ਵੱਧ ਸੀ। ਸਟੇਜ਼ ਤੋਂ ਟਿੱਕਰੀ ਦੇ ਇਲਾਕੇ ਬਹਾਦਰਗੜ੍ਹ ਦੀ ਇਕ ਮੁਟਿਆਰ ਕਿਰਤੀ ਬੋਲ ਰਹੀ ਸੀ ਕਿਗੋਦੀ ਮੀਡੀਆ ‘‘ਸਥਾਨਕ ਲੋਕਾਂ’’ ਦਾ ਨਾਂ ਲੈ ਕੇ ਮੋਰਚੇ ਵਿਰੁੱਧ ਭੰਡੀ ਪ੍ਰਚਾਰ ਕਰ ਰਿਹਾ ਹੈ। ਅਸੀਂ ਹਾਂ ਇੱਥੋਂ ਦੇ ਸਥਾਨਕ ਲੋਕ, ਸਾਡੇ ਕੋਲ ਬੇਸ਼ੱਕ ਸਾਧਨ ਸੀਮਤ ਹਨ ਪਰ ਤੁਸੀਂ ਬੀਤੇ ਦੋ ਮਹੀਨਿਆਂ ਵਿਚ ਸਾਡੇ ਦਿਲਾਂ ਨੂੰ ਜਿੱਤਿਆ ਹੈ ਅਸੀਂ ਜਿੰਨੇ ਜੋਗੇ ਵੀ ਹਾਂ, ਥੋਡੀ ਹਮਾਇਤਤੇ ਹਾਂ।ਇੱਥੇ ਹੀ ਇਕ ਨੌਜਵਾਨ ਮਿਲਿਆ ਜੋ 26 ਜਨਵਰੀ ਵਾਲੇ ਦਿਨ ਜੋਸ਼ ਤੇ ਸਸੋਪੰਜ਼ ਵਿਚ ਲਾਲ ਕਿਲੇ ਤੇ ਗਿਆ ਸੀ। ਹੁਣ ਪਛਤਾ ਰਿਹਾ ਸੀ ਕਿ ਅਸੀਂ ਵਹਾਅ ਵਿਚ ਉੱਥੇ ਚਲੇ ਗਏ। ਉੱਥੇ ਜਾਣ ਨਾਲ ਮੋਰਚੇ ਨੂੰ ਨੁਕਸਾਨ ਹੋਇਆ, ਸਾਨੂੰ ਆਗੂਆਂ ਦੀ ਗੱਲ ਮੰਨਣੀ ਚਾਹੀਦੀ ਸੀ।

ਹੁਣ ਅੰਦਲੋਨ ਇਕ ਅਹਿਮ ਪੜਾਅ ਵਿਚ ਦਾਖਲ ਹੋ ਗਿਆ ਹੈ, ਪਿੜ ਮੁੜ ਬੱਝ ਗਿਆ ਹੈ, ਸਿਖਰ ਵੱਲ ਨੂੰ ਵੱਧ ਰਿਹਾ ਹੈ। ਕਿਸਾਨਾਂ, ਖਾਸ ਕਰਕੇ ਪੰਜਾਬੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਇਹ ਮੋਰਚਾ ਕਿਰਸਾਨੀ, ਕਿਰਤੀ ਅਤੇ ਹਰ ਆਮ ਬੰਦੇ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਇਸ ਮੋਰਚੇ ਦੇ ਪਲੇਟਫਾਰਮ ਨੂੰ ਸਿੱਖੀ ਦੇ ਮਸਲਿਆਂ ਨਾਲ ਰਲਗੱਡ ਕਰਨ ਨਾਲ ਇਸ ਮੋਰਚੇ ਦੇ ਆਧਾਰ ਨੂੰ ਖੋਰਾ ਲੱਗੇਗਾ। ਇਸ ਮੋਰਚੇ ਨਾਲ ਜੁੜੀ ਹਰ ਧਿਰ ਨੂੰ ਮੋਰਚੇ ਦੇ ਆਧਾਰ ਦਾ ਵੱਧ ਤੋਂ ਵੱਧ ਫੈਲਾਅ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਇਹ ਮੋਰਚਾ ਨਾ ਸਿੱਖਾਂ ਦਾ ਹੈ, ਨਾ ਕਾਮਰੇਡਾਂ ਦਾ ਹੈ, ਇਹ ਮੋਰਚਾ ਬਜ਼ਾਰ ਅਤੇ ਸਰਕਾਰ ਹੱਥੋਂ ਪਿਸ ਰਹੇ ਆਮ ਇਨਸਾਨ ਦਾ ਹੈ। ਇਹ ਮੋਰਚਾ ਲੋਕਤੰਤਰ ਦੀ ਬਹਾਲੀ ਲਈ ਲੜ ਰਹੇ ਆਜਾਦ ਖਿਆਲ ਦਾ ਹੈ। ਜੇ ਅਜੇ ਵੀ ਇਸ ਗੱਲ ਨੂੰ ਨਾ ਸਮਝ ਸਕੇ ਅਤੇ ਆਵਦੇ ਸੀਮਿਤ ਦਾਇਰਿਆਂਚੋਂ ਇਸ ਮੋਰਚੇ ਨੂੰ ਤੱਕਦੇ ਰਹੇ ਤਾਂ ਇਤਿਹਾਸ ਕਦੇ ਵੀ ਮਾਫ ਨਹੀਂ ਕਰੇਗਾ। ਜੋ ਘਰਾਂ ਵਿਚ ਬੈਠੇ ਨੇ, ਮੋਰਚਾ ਉਹਨਾਂ ਨੂੰ ਉਡੀਕ ਰਿਹਾ ਹੈ, ਗੋਦੀ ਮੀਡੀਆ ਦੀਆਂ ਅਫਵਾਹਾਂ ਤੋਂ ਬਚੋ, ਮੋਰਚਾ ਜਾਹੋਜਲਾਲਤੇ ਹੈ।

ਇਸ ਵਾਰ ਫੌਜਾਂ ਜਿੱਤ ਕੇ ਅੰਤ ਨੂੰ ਹਾਰਨੀਆਂ ਨਹੀਂ ਚਾਹੀਦੀਆਂ, ਬਾਬਿਆਂ ਨੇ ਜਵਾਨੀ ਨੂੰ ਜੂਝਣ ਦੀ ਗੁੜਤੀ ਦੇ ਦਿੱਤੀ ਹੈ। ਸੰਘਰਸ਼ ਹੁਣ ਸਬਰ ਤੇ ਸਿਦਕ ਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੀ ਨਹੀਂ, ਇਨਸਾਨੀਅਤ ਦੀ ਵੀ ਉਮਰ ਵੱਧ ਗਈ ਹੈ। ਇਸ ਅੰਦੋਲਨ ਨੂੰ ਜਾਗ ਲਾਉਣ ਵਾਲੇ, ਸਿਖਰ ਵੱਲ ਲੈ ਜਾਣ ਵਾਲੇ ਹਰ ਬੰਦੇ ਦੇ ਜੋਸ਼, ਜਨੂੰਨ ਅਤੇ ਜਜ਼ਬੇ ਨੂੰ ਪ੍ਰਣਾਮ।

en_GBEnglish