ਜਗਦੀਪ ਬਿਰੁਵਾਲਾ, ਿਸਰਸਾ
ਪਤਰਕਾਰਿਤਾ ਵਿਚ ਇੱਕ ਗਜਬ ਦੀ ਚੀਜ਼ ਹੁੰਦੀ ਹੈ “ਸਟੋਰੀ ਕਰਨਾ” ਜਾਂ “ਗਰਾਊਂਡ ਰਿਅਲਿਟੀ” ਤੇ ਕੁੱਛ ਲੇਖ ਲਿਖਣਾ ਅਤੇ ਪੜ੍ਹਨ ਵਾਲੇ ਨੂੰ ਲੂੰ ਕੰਡੇ ਖੜੇ ਹੋਣ ਤੱਕ ਦਾ ਅਹਿਸਾਸ ਕਰਵਾ ਕੇ ਹਲਾਤਾਂ ਤੋਂ ਜਾਣੂ ਕਰਵਾਉਣਾ। ਦੇਸ਼ ਅੰਦਰ ਨਿੱਕੇ ਨਿੱਕੇ ਮਸਲਿਆਂ ਤੇ ਰਿਪੋਰਟਾਂ ਹੋਈਆਂ ਨੇਂ, ਬਹੁਤ ਕੁੱਛ ਲਿਖਿਆ ਗਿਆ, ਅੰਤਰਰਾਸਟਰੀ ਪੱਧਰ ਤੱਕ ਓਹਨਾਂ ਮਸਲਿਆਂ ਨੂੰ ਲਿਜਾਇਆ ਗਿਆ। ਪਰ, ਹੁਣ ਗੱਲ ਮਾਲਵੇ ਦੇ ਉਸ ਖਿੱਤੇ ਦੀ ਕਰਨੀ ਬਣਦੀ ਐ ਜਿਥੋਂ ਦੇ ਮਿਹਨਤੀ ਲੋਕਾਂ ਨੇ ਆਪਣੇ ਸ਼ਰੀਰ ਦਾ ਚੰਮ ਉਧੇੜਨ ਤਕ ਵਾਲਿਆਂ ਮਿਹਨਤਾਂ ਕਰਕੇ ਮਾਲਵੇ ਦੇ ਟਿੱਬਿਆਂ ਨੂੰ ਦੇਸ਼ ਦੀ ਸਭ ਤੋਂ ਉਪਜਾਊ ਧਰਤੀ ਬਣਾਇਆ।
ਨਰਮਾ ਪੱਟੀ (ਕੌਟਨ ਬੈਲਟ), ਜਿਸ ਵਿਚ ਪੰਜਾਬ ਦੇ ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ; ਹਰਿਆਣੇ ਦੇ ਸਰਸਾ, ਫਤਿਹਾਬਾਦ ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ, ਹਨੂੰਮਾਨਗੜ੍ਹ ਸ਼ਾਮਿਲ ਹਨ। ਇਥੋਂ ਦੇ ਹਲਾਤਾਂ ਦੀ ਰਿਪੋਰਟਿੰਗ ਬਹੁਤ ਘੱਟ ਹੁੰਦੀ ਹੈ। ਅਜਿਹਾ ਲੇਖ ਪੜ੍ਹਨ ਨੂੰ ਬਹੁਤ ਜਿਸ ਵਿਚ ਇਹਨਾਂ ਲੋਕਾਂ ਦੇ ਹਲਾਤਾਂ ਦੀ ਗੱਲ ਕੀਤੀ ਗਈ ਹੋਵੇ। ਬਠਿੰਡਾ ਦੇ ਦਮਦਮਾ ਸਾਹਿਬ ਤਲਵੰਡੀ ਸਾਬੋ ਤਹਿਸੀਲ ਦੇ ਕਈ ਪਿੰਡ ਅਜਿਹੇ ਹਨ ਜਿੱਥੇ ਇਕ ਇਕ ਘਰ ਅੰਦਰ ਦੋ–ਦੋ ਮੌਤਾਂ ਕੈਂਸਰ ਨਾਲ ਹੋਈਆਂ ਹਨ। ਲੋਕ ਡਰਦੇ ਮਾਰੇ ਕੈਂਸਰ ਦਾ ਨਾਮ ਤਕ ਨਹੀਂ ਲੈਂਦੇ।
ਜਦੋਂ ਕਿਸੇ ਨੂੰ ਕੈਂਸਰ ਵਾਲੇ ਦੀ ਮੌਤ ਵਾਰੇ ਪੁੱਛਿਆਂ ਜਾਂਦਾ ਤਾਂ ਉਹ ਇਹ ਨਹੀਂ ਕਹਿੰਦਾ ਕਿ ਉਸਨੂੰ ਕੈਂਸਰ ਸੀ, ਸਗੋਂ ਇਹ ਕਿਹਾ ਜਾਂਦਾ ਹੈ ਕਿ ਉਸਨੂੰ “ਦੂਜਾ ਰੋਗ” ਸੀ। ਨਰਮੇ ਦੀ ਫ਼ਸਲ ਤੇ 7-10 ਸਪਰੇਹਾਂ ਹੁੰਦੀਆਂ ਹਨ। ਕਿਸਾਨਾਂ ਦੀ ਖੁਦਕੁਸ਼ੀ ਦੇ ਆਂਕੜੇ ਕੋਈ ਸਹੀ ਨਹੀਂ ਦਸ ਸਕਦਾ। ਤੁਸੀਂ ਆਪਣੇ ਆਪਣੇ ਪਿੰਡਾਂ ਦਾ ਇਤਿਹਾਸ ਵੇਖੋ ਪਿਛਲੇ 10 ਸਾਲ ਦਾ, ਹਰੇਕ ਪਿੰਡ ਅੰਦਰ ਸਾਲਾਨਾ 3-5 ਖੁਦਕੁਸ਼ੀਆਂ ਹੁੰਦੀਆਂ ਹਨ। ਜਦੋਂ ਕੋਈ ਸਪਰੇਅ ਪੀ ਕੇ ਮਰਦਾ ਹੈ ਤਾਂ ਖਬਰ ਥਾਣੇ ਤਕ ਨਹੀਂ ਜਾਣ ਦਿੰਦੇ ਲੋਕ, ਕਿ ਐਵੇਂ ਪੁਲਸ ਚੱਕਰਾਂ ਚ ਪਾਉ, ਬਿਨਾ ਨਹਾਏ ਸਿੱਧੇ ਅੰਤਮ ਸੰਸਕਾਰ ਹੁੰਦੇ ਵੇਖੇ ਨੇ ਲੋਕਾਂ (ਕਿਸਾਨਾਂ) ਦੇ। ਕੀ ਇਹ ਤ੍ਰਾਸਦੀ ਨਹੀਂ ਹੈ? ਕੀ ਜਮੀਰ ਨੂੰ ਹਲੂਣਾ ਦੇਣ ਵਾਲੀ ਗੱਲ ਨਹੀਂ ਹੈ ਕਿ 15000 ਕਿਲੋਮੀਟਰ ਇਲਾਕਾ ਦੁਨੀਆਂ ਦੇ ਸਭ ਤੋਂ ਵਧ ਖੁਦਕੁਸ਼ੀ ਦਰ ਵਾਲੇ ਇਲਾਕਿਆਂ ਵਿਚੋਂ ਹੈ ਅਤੇ ਇਸਦੀ ਖਬਰ ਤਕ ਨਹੀਂ?
ਮੈਂ ਦਾਅਵੇ ਨਾਲ ਕਹਿ ਸਕਦਾਂ ਕਿ ਪਿਛਲੇ 10 ਸਾਲਾਂ ਤੋਂ ਜੇਕਰ ਲੂੰ ਕੰਡੇ ਖੜੇ ਕਰਨ ਵਾਲਾ ਮੁੱਦਾ ਸੀ ਤਾਂ ਮਾਲਵੇ ਦੇ ਕਿਸਾਨਾਂ ਦੀ ਖੁਦਕੁਸ਼ੀ ਅਤੇ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਸੀ। ਮਨੁੱਖੀ ਇਤਿਹਾਸ ਲਈ ਇਸਤੋਂ ਸ਼ਰਮਸ਼ਾਰ ਕਰਨ ਵਾਲੀ ਗੱਲ ਕੋਈ ਹੋਰ ਨਹੀ ਹੋ ਸਕਦੀ ਕਿ ਇੱਕ ਪਰਵਾਰ ਅੰਦਰ 3 ਜਣਿਆਂ ਦੀ ਮੌਤ ਕੈਂਸਰ ਨਾਲ਼ ਹੁੰਦੀ ਹੈ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਨੂੰ ਜਾਂ ਸਾਡੇ ਪਰਵਾਰਾਂ ਨੂੰ ਕੈਂਸਰ ਕਿਉਂ ਹੋਇਆ। ਫ਼ਸਲਾਂ, ਖਾਸ ਕਰਕੇ ਨਰਮੇ ਕਪਾਹ ਦੀਆਂ ਫ਼ਸਲਾਂ ਤੇ ਹੋਣ ਵਾਲੀਆਂ ਸਪਰੇਹਾਂ ਨੇ ਕਿਸਾਨਾਂ ਨੂੰ ਸ਼ਰੀਰਕ ਦੇ ਨਾਲ਼ ਨਾਲ਼ ਦਿਮਾਗੀ ਤੌਰ ਤੇ ਇੰਨਾ ਕੁ ਹਲਾਕ ਕਰ ਦਿੱਤਾ ਹੈ ਕਿ ਮਰਨ ਵਾਲੇ ਅਤੇ ਉਸਦੇ ਆਸ ਪਾਸ ਵਾਲੇ ਇਸ ਬਾਰੇ ਚਰਚਾ ਤਾਂ ਕੀ ਕਰਨ, ਓਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਹੋ ਕੀ ਰਿਹਾ।
ਕਾਇਨਾਤ ਅੰਦਰ ਕੋਈ ਘਟਨਾ ਅਜਿਹੀ ਨਹੀਂ ਘਟਦੀ ਹੋਣੀ, ਜਿੱਥੇ ਕੋਈ ਇੰਨਾ ਹਨੇਰੇ ਵਿਚ ਰਹਿ ਕੇ ਆਪਣੀ ਹੋਂਦ ਨੂੰ ਖਤਮ ਕਰ ਲੈਂਦਾ ਹੋਵੇ। ਉਸ ਨਿਜਾਮ ਉਪਰ ਸਵਾਲ ਕਰਨਾ ਬਣਦਾ ਹੈ ਜੋ ਕੈਂਸਰ ਦੀ ਮੌਤ ਨੂੰ, ਗ਼ਰੀਬੀ ਤੋਂ ਮੌਤ ਨੂੰ, ਸਿਸਟਮ(ਢਾਂਚੇ) ਵੱਲੋਂ ਪੈਦਾ ਕੀਤੇ ਹਲ਼ਾਤਾਂ ਵੱਲੋਂ ਦਿੱਤੀ ਮੌਤ ਨੂੰ ਅੱਖੋ ਪਰੋਖੇ ਕਰ ਰਿਹਾ ਹੈ।