(ਕਿਸਾਨ ਸੰਘਰਸ਼ ਦੇ ਪ੍ਰਸੰਗ‘ ਚ) ਲੇਖ ਵਿੱਚੋਂ
ਜਸਪਾਲ ਸਿੰਘ ਸਿੱਧੂ
ਹਰ ਮਨੁੱਖ ਆਪਣੀ ਮਨੁੱਖੀ ਸਮੂਹਾਂ ਦੀ ਪਹਿਚਾਣ/ਪਛਾਣ ਵਿੱਚ ਹੀ ਮੌਲਦਾ ਅਤੇ ਬਲੰਦੀਆਂ ਸਰ ਕਰਦਾ। ਖੈਰ, ਸਭਿਆਚਾਰਕ ਕਾਮਰੇਡ ਨੇ ਗੈਰ–ਕਾਮਰੇਡ ਵੰਨਗੀਆਂ ਦੇ ਕਿਸਾਨੀ ਲੀਡਰਾਂ ਵਿੱਚੋਂ ਸਾਨੂੰ ਸੰਪੂਰਨਤਾ (Perfection) ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਬੰਦੇ ਦਾ ਵਿਕਾਸ ਅਮਲ ਵਿੱਚੋ ਹੀ ਹੁੰਦਾ ਅਤੇ ਬਹੁਤੀ ਵਾਰੀ ਵਿਕਾਸ ਸਮੇਂ ਦਾ ਹਾਣੀ ਨਹੀਂ ਬਣਦਾ। ਪਰ ਇਸੇ ਗੱਲ ਦੀ ਯਾਦ ਰੱਖਣੀ ਚਾਹੀਦੀ ਹੈ ਕਿ ਤਮਾਮ ਕਮੀਆਂ/ਕਮਜ਼ੋਰੀਆਂ ਦੇ ਬਾਵਜੂਦ ਕਿਸਾਨ ਲੀਡਰਾਂ ਦਾ ਇੰਨਾ ਵੱਡਾ ਕਿਸਾਨੀ ਉਭਾਰ ਉਠਾਉਣ ਵਿੱਚ ਵੱਡਾ ਯੋਗਦਾਨ ਹੈ ਜਿਸਨੇ ਹਿੰਦੂ ਰਾਸ਼ਟਰਵਾਦੀ ਤਾਨਾਸ਼ਾਹੀ ਨਿਜ਼ਾਮ ਨੂੰ ਵਖਤ ਵਿੱਚ ਪਾ ਛੱਡਿਆ। ਦੁਨੀਆਂ ਦੀ ਨੀਓ–ਲਿਬਰਲ ਪੂੰਜੀਵਾਦੀ ਵਿਵਸਥਾ ਜਿਹੜੀ ਮਨੁੱਖ ਨੂੰ ਹਰ ਪੱਧਰ ਉੱਤੇ ਮਨਫੀ ਕਰਦੀ ਹੈ ਦੇ ਵਿਰੁੱਧ ਇਹ ਪਹਿਲੀ ਵੱਡੀ ਲੜ੍ਹਾਈ ਲਾਮਬੰਦ ਹੋਈ ਹੈ। ਇਸੇ ਕਰਕੇ, ਇਸ ਸੰਘਰਸ਼ ਨੂੰ ਸਾਰੀ ਦੁਨੀਆਂ ਵਿੱਚੋਂ ਹਮਾਇਤ ਹਾਸਲ ਹੋਈ ਹੈ।
ਇਹ ਵੀ ਸਚਾਈ ਹੈ ਕਿ ਜੇ ਸੰਘਰਸ਼ ਢਹਿ ਜਾਂਦਾ ਤਾਂ ਕਿਸਾਨੀ ਹਮੇਸ਼ਾ–ਹਮੇਸ਼ਾ ਲਈ ਬਰਬਾਦ ਹੋ ਜਾਵੇਗੀ। ਮੁੜ੍ਹ ਲੜ੍ਹਾਈ ਇਸ ਪੱਧਰ ਦੀ ਖੜ੍ਹੀ ਨਹੀਂ ਹੋ ਸਕੇਗੀ। ਇਮਾਨਦਾਰ ਸਿੱਖ ਬੁਧੀਜੀਵੀਆਂ/ਵਿਚਾਰਵਾਨਾਂ ਨੂੰ ਕਦੇ ਵੀ ਗਰੀਬ ਸਿੱਖ ਕਿਸਾਨੀ ਨੂੰ ਅੱਖ–ਪਰੋਖੇ ਨਹੀਂ ਕਰਨਾ ਚਾਹੀਦੀ ਜਿਸ ਨੇ ਸਿੱਖੀ ਨੂੰ ਮਜ਼ਬੂਤ ਅਧਾਰ ਪ੍ਰਦਾਨ ਕੀਤਾ। ਛੋਟੀ ਸਿੱਖ ਕਿਸਾਨੀ ਨੂੰ ਬਚਾਉਣਾ ਹੀ ਸਿੱਖ ਫਲਸਫੇ/ਗੁਰੂ ਪਰੰਪਰਾਂ ਦੀ ਵੱਡੀ ਸੇਵਾ ਹੈ। ਪਰ ਅਫਸੋਸ ਹੈ, ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਵਾਸਤੇ ਪਾਉਣ ਵਾਲੇ ਸਿੱਖ ਵਿਚਾਰਵਾਨ ਸਮੇਂ ਦੀ ਜ਼ਰੂਰਤ ਅਨੁਸਾਰ ਕਿਸਾਨੀ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ੍ਹ ਕੇ ਲੜ੍ਹਨ ਵਾਲੀ ਕੋਈ ਇੱਕ ਵੀ ਸਿੱਖ ਜਥੇਬੰਦੀ ਖੜ੍ਹੀ ਨਹੀਂ ਕਰ ਸਕੇ।
ਐਵੇ ਕਿਸਾਨੀਂ ਮੋਰਚੇ ਦੇ ਲੀਡਰਾਂ ਨੂੰ ਕੋਸ਼ਣ, ਬੁਰਾ–ਭਲਾ ਕਹਿਣ ਅਤੇ ਖਾਮੀਆਂ ਉਘੇੜਣ ਦੇ ਕਸ਼ੀਦੇ ਕੱਢਦੇ ਰਹੇ। ਮਾਨਵੀ ਅਹਿਸਾਸ ਅਤੇ ਜਥੇਬੰਦਕ ਪਹੁੰਚ ਅਤੇ ਟਰੇਨਿੰਗ ਤੋਂ ਕੋਰੇ ਕਈ “ਸਿਆਣੇ” ਸਿੱਖ ਈਰਖਾ–ਵਸ ਲੰਗੜ੍ਹੇ ਘੋੜਿਆਂ ਉੱਤੇ ਕਾਠੀਆਂ ਸਜਾਉਦੇ ਰਹੇ। ਕਈ ‘ਨਾ ਖੇਡਾ ਨਾ ਖੇਡਣ ਦੇਣਾ’ ਵਾਲੀ ਸ਼ਰੀਕਪੁਣੇ ਦੀ ਭੂਮਿਕਾ ਨਿਭਾਉਂਦੇ ਰਾਜਸੱਤਾ ਦੇ ਭੁਖਿਆਂ ਨੂੰ ‘ਨਾਇਕ’ ਹੋਣ ਦੇ ਰੁਤਬੇ ਬਖਸ਼ਦੇ ਰਹੇ। ਅਜਿਹੀ ਖੇਡਾਂ ਵਿੱਚੋਂ ਕੁਝ ਨਹੀਂ ਨਿਕਲਿਆ ਕਿਉਂਕਿ “ਆਪ ਮਰੇ ਬਗੈਰ ਸੁਰਗ (ਸਵਰਗ)” ਵਿੱਚ ਨਹੀਂ ਜਾਇਆ ਜਾਂਦਾ।
ਦਰਅਸਲ ਕਿਸਾਨੀ ਮੋਰਚੇ ਦੇ ਪਿਛਲੇ ਸਤੰਬਰ–ਅਕਤੂਬਰ ਵਿੱਚ ਉਭਰਣ ਸਮੇਂ ਤੋ ਹੀ ਕਈ ਪਾਤਰ ‘ਸਿੱਖੀ ਕਾਰਡ’ ਵਰਤੇ ਕੇ ਸਿਆਸੀ ਮਿਲਾਈ ਖਾਣ ਲਈ ਸਰਗਰਮ ਹੋ ਗਏ ਸਨ। ਅਜਿਹੇ ਪਾਤਰਾਂ ਦੀ ਬਾਂਹ ਫੜ੍ਹਨ ਲਈ/ਜਾਂ ਸਿੰਗਾਰਨ ਲਈ ਵਿਦੇਸ਼ੀ “ਪੰਨੂ” ਤਿਆਰ–ਬਰ–ਤਿਆਰ ਬੈਠੇ ਸਨ। ਖੁਦ ਪੰਜਾਬ ਦੇ ਸਿੱਖ ਫੈਸਲਾ ਕਰਨ ਕਿ ਵਿਦੇਸ਼ੀ “ਪੰਨੂਆਂ” ਵੱਲੋਂ ਐਲਾਨੀ “ਫਰੌਤੀ” ਉਹਨਾਂ ਦਾ ਮਾਨ–ਸਨਮਾਨ ਵਧਾਉਦੀ ਹੈ ਜਾਂ ਫਿਰ ਉਹਨਾਂ ਨੂੰ “ਭਾੜੇ ਦੇ ਸਿਪਾਹੀ” (Mercenaries) ਪੇਸ਼ ਕਰਦੀ ਹੈ। ਇਸ “ਫਰੌਤੀ ਸਿਆਸਤ” ਨੂੰ ਕਿਉਂ ਲਗਾਤਾਰ ਕਾਇਮ ਰੱਖਿਆ ਜਾ ਰਿਹਾ ਅਤੇ ਕੌਣ ਇਸ ਦੇ ਪਿੱਛੇ ਹੈ? ਆਪਣੀ ਲੜ੍ਹਾਈ ਧਰਤੀ–ਪੁੱਤਰ ਖੁੱਦ ਹੀ ਲੜ੍ਹਦੇ ਹੁੰਦੇ ਹਨ। ਬਾਹਰਲਿਆਂ ਦੇ ਢਹੇ ਚੜ੍ਹੇ ਪੰਜਾਬ ਨੇ ਲੰਬਾ ਸੰਤਾਪ ਹੰਢਾਇਆ। ਬਾਹਰਲੀ ਮਾਇਆ ਨੇ ਤਾਂ ‘ਤਲੀ ਉੱਤੇ ਸਿੱਰ ਧਰੀ’ ਫਿਰਦੇ ਯੋਧਿਆਂ ਦੀ ਧੁਰ–ਆਤਮਾ ਵਿੱਚ ਵੀ ਸੁਰਾਖ ਕਰ ਦਿੱਤੇ ਸਨ। ਲੋਕ ਪੱਖੀ ਸਹੀ ਸਿਆਸਤ ਹਮੇਸ਼ਾਂ ਆਪਣੀ ਜ਼ਮੀਨ ਵਿੱਚੋਂ ਹੀ ਫੁੱਟਦੀ ਹੈ। ਆਪਣੇ ਹਾਲਾਤਾਂ ਨੂੰ ਹੰਢਾਉਦੇ ਲੋਕ–ਖੁਦ ਆਪ ਲੜਿਆ ਕਰਦੇ ਹਨ। ਸਿੱਖ ਗੁਰੂਆਂ ਨੇ ਇਸੇ ਧਰਤੀ ਦੇ ਲਤਾੜ੍ਹੇ ਗਏ ਅਤੇ ਸਦੀਆਂ ਤੋਂ ਗੀਦੀ ਹੋਏ ਲੋਕਾਂ ਨੂੰ ਜ਼ਾਬਰਾ ਵਿਰੁੱਧ ਲੜਾਇਆ ਸੀ।
ਪ੍ਰਚਾਰਹਿਤ, ਕਿਸਾਨ ਲੀਡਰ ਭਾਵੇਂ ਮੌਜੂਦਾ ਸੰਘਰਸ਼ ਨੂੰ ਗੈਰਸਿਆਸੀ ਕਹੀ ਜਾਣ ਪਰ ਹਰ ਦੇਸ਼ ਵਿੱਚ ਕਿਸਾਨੀ ਸੰਘਰਸ਼ ਹਮੇਸ਼ਾ ਸਿੱਧੇ/ਅਸਿੱਧੇ ਤੌਰ ਉੱਤੇ ਰਾਜਨੀਤਿਕ ਲੜ੍ਹਾਈਆਂ ਹੀ ਹੋ ਨਿਬੜ੍ਹੇ ਹਨ। ਕਿਸਾਨੀ ਸੰਘਰਸ਼ ਨੂੰ ਗੈਰ–ਰਾਜਨੀਤਿਕ ਅਤੇ ਸ਼ਾਂਤਮਈ ਰੱਖਣਾ/ ਪੇਸ਼ ਕਰਨਾ ਮੌਕੇ ਦੀ ਵੱਡੀ ਜ਼ਰੂਰਤ ਹੈ। ਲੋਕ ਅੰਦੋਲਨ ਬਣਿਆ ਅੱਜ ਦਾ ਕਿਸਾਨੀ ਘੋਲ ਪਹਿਲਿਆਂ ਦੇ ਮੁਕਾਬਲੇ ਵਿੱਚ ਵੱਡੀਆਂ ਸਿਆਸੀ ਤਬਦੀਲੀਆ ਦਾ ਸੂਚਕ ਹੈ। ਇਸ ਕਰਕੇ, ਸਿੱਖ ਵਿਚਾਰਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਰੋਲ ਨਿਭਾਉਣ ਅਤੇ ਲੋਕ–ਪੱਖੀ ਜ਼ਮਹੂਰੀਅਤ ਨੂੰ ਤਕੜ੍ਹਾ ਕਰਨ ਵਿੱਚ ਹਿੱਸਾ ਪਾਉਣ।