ਕਿਸਾਨ ਗੰਨਾ ਸੰਘਰਸ਼ ਕਮੇਟੀ, ਦਸੂਹਾ (ਹੋਸ਼ਿਆਰਪੁਰ)

ਕਿਸਾਨ ਗੰਨਾ ਸੰਘਰਸ਼ ਕਮੇਟੀ, ਦਸੂਹਾ (ਹੋਸ਼ਿਆਰਪੁਰ)

ਮਨਜਿੰਦਰਪਾਲ ਸਿੰਘ

ਕਮੇਟੀ ਬਣਾਉਣ ਦਾ ਮੁੱਢਲ਼ਾ ਕਾਰਨ ਸੀ: ਗੰਨਾ ਮਿਲ, ਰੰਧਾਵਾ (ਦਸੂਆ) ਵਲੋਂ ਗੰਨੇ ਦੀ ਰਕਮ ਦੀ ਅਦਾਇਗੀ ਨਾ ਕਰਨਾ। ਪਰਛਾਵਾਂ ਦੇਖ ਕੇ ਵਕ਼ਤ ਦੱਸਣ ਵਾਲਾ ਸਮਾਂ ਹੰਡਾ ਚੁੱਕੇ ਉਸ ਵੇਲੇ ਦੇ ਪ੍ਰਧਾਨ ਸੇਵਾ ਸਿੰਘ ਦੀ ਅਗਵਾਈ ਵਿੱਚ 2003/04 ਵਿੱਚ ਗੰਨਾ ਮਿੱਲ ਖ਼ਿਲਾਫ਼, ਇੱਕ ਜ਼ਬਰਦਸਤ ਕਿਸਾਨੀ ਘੋਲ ਘੁਲਿਆ ਗਿਆ, ਜਿਸ ਵਿੱਚ ਜਿੱਤ ਕਿਸਾਨਾਂ ਦੀ ਹੋਈ ਅਤੇ ਮਿੱਲ ਮਾਲਕਾਂ ਨੂੰ ਸਾਰੀ ਰਕਮ ਦੀ ਅਦਾਇਗੀ ਕਰਨੀ ਪਈ। ਵੱਖਵੱਖ ਸਮਿਆਂ ਤੇ ਕਮੇਟੀ ਨੇ, ਚਾਹੇ ਉਹ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਹੋਣ, ਜਾਂ ਗੰਨੇ ਦੇ ਭਾਹ ਵਿੱਚ ਵਾਧਾ ਨਾ ਹੋਣਾ ਹੋਵੇ, ਗੰਨੇ ਦਾ ਬਕਾਇਆ ਹੋਵੇ ਵਰਗੇ ਮਸਲਿਆਂ ਖ਼ਿਲਾਫ਼ ਸੰਘਰਸ਼ ਵਿੱਢੇ। ਰਕਮ ਅਦਾਇਗੀ ਨੂੰ ਲੈਕੇ 2016 ਵਿੱਚ ਕਮੇਟੀ ਦੇ ਸੱਦੇ ਉੱਪਰ ਗੰਨਾ ਮਿੱਲ, ਰੰਧਾਵਾ ਵਿਖੇ ਹੋਇਆ ਲਾਮਿਸਾਲ ਇਕੱਠ ਇੱਕ ਵਿਲੱਖਣ ਛਾਪ ਛੱਡ ਗਿਆ ਅਤੇ ਕਮੇਟੀ ਨੇ ਆਪਣੇ ਪ੍ਰਭਾਵ ਵਿੱਚ ਹੋਰ ਇਜ਼ਾਫਾ ਕੀਤਾ। 

ਕਮੇਟੀ ਇਲਾਕਾ ਦਸੂਹਾ, ਜ਼ਿਲਾ ਹੋਸ਼ਿਆਰਪੁਰ (ਦੋਆਬਾ) ਦੇ ਕੰਡੀ ਏਰੀਆ ਜੋ ਕਿ ਇੱਕ ਪੱਛੜਿਆ ਇਲਾਕਾ ਮੰਨਿਆ ਜਾਂਦਾ ਹੈ, ਵਿੱਚ ਕਾਰਜਸ਼ੀਲ ਹੈ। ਜ਼ਮੀਨ ਰੇਤਲੀ ਹੋਣ ਕਰਕੇ, ਇਲਾਕਾ ਕਾਫ਼ੀ ਹੱਦ ਤੱਕ ਗੰਨਾ, ਸਫ਼ੈਦਾ, ਪੌਪਲਰ ਆਦਿ ਦੀ ਖੇਤੀ ਉੱਤੇ ਨਿਰਭਰ ਕਰਦਾ ਹੈ। ਕਮੇਟੀ ਸਮੇਂਸਮੇਂ ਤੇ ਇਹਨਾਂ ਪਿੰਡਾਂ ਵਿੱਚ ਜਾਕੇ ਮੀਟਿੰਗਾਂ ਕਰਦੀ ਹੈ, ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੀ ਹੈ। ਮੁੱਢ ਤੋਂ ਹੀ ਦੋਆਬਾ, ਵਿਦੇਸ਼ਾਂ ਵਿੱਚ ਵਸਿਆ ਹੋਇਆ ਹੈ ਅਤੇ ਜੇ ਮਾਝੇ, ਮਾਲਵੇ ਨਾਲ ਤੁਲਨਾ ਕੀਤੀ ਜਾਵੇ ਤੇ ਕਿਸਾਨੀ ਘੋਲ਼ਾਂ ਵਿੱਚ ਐਨੀ ਸ਼ਮੂਲੀਅਤ ਨਹੀਂ ਕੀਤੀ। ਪਰ ਸਮੇਂ ਨੇ ਆਪਣੀ ਚਾਲ ਬਦਲੀ, ਅਤੇ ਹੌਲੀਹੌਲੀ ਦੋਆਬਾ ਵੀ ਆਪਣੇ ਮਾਝੇ, ਮਾਲਵੇ ਵਾਲੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਹਰ ਸੰਘਰਸ਼ ਵਿੱਚ ਖੜਾ ਹੋ ਰਿਹਾ ਹੈ। 

ਕਿਸਾਨ ਗੰਨਾ ਸੰਘਰਸ਼ ਕਮੇਟੀ, ਮਾਨਗੜ੍ਹ ਟੋਲ ਪਲਾਜ਼ਾ (ਦਸੂਆ) ਤੇ ਪਿੱਛਲੇ 147 ਦਿਨ ਤੋਂ ਧਰਨਾ ਦੇ ਰਹੀ ਹੈ, ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਵੀ ਪਹਿਲੇ ਦਿਨ ਤੋਂ ਸਿੰਘੂ ਬਾਰਡਰ ਵਿਖੇ ਡੇਰਾ ਲਾਇਆ ਹੋਇਆ ਹੈ।  ਕਮੇਟੀ, ਇਸ ਹੱਕੀ ਸੰਗਰਾਮ ਵਿੱਚ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਦੇ ਵਿਰੁੱਧ ਦ੍ਰਿੜਮਨ ਹੋਕੇ ਸੰਘਰਸ਼ ਵਿੱਢ ਰਹੀ ਹੈ। ਹਾਲਾਂ ਕਿ ਕਮੇਟੀ ਦੀ ਕੋਈ ਵੱਖਰੀ ਮਹਿਲਾ ਇਕਾਈ ਨਹੀਂ ਹੈ, ਪਰ ਫਿਰ ਵੀ ਕਾਫ਼ੀ ਸੰਖਿਆ ਵਿੱਚ ਇਲਾਕੇ ਦੀਆਂ ਬੀਬੀਆਂ ਸਿੰਘੂ ਵਿਖੇ ਸਮੇਂਸਮੇਂ ਤੇ ਹਾਜ਼ਰੀ ਲਗਵਾਉਂਦੀਆਂ ਰਹਿੰਦੀਆਂ ਨੇ। 

ਕਿਸਾਨ ਗੰਨਾ ਸੰਘਰਸ਼ ਕਮੇਟੀ ਦਾ ਆਦਰਸ਼ ਹੈ: ਸਰਮਾਏਦਾਰਾ ਪ੍ਰਬੰਧ ਵਿੱਚ ਕਿਰਤੀ ਲੋਕਾਂ ਦੀ ਲੁੱਟ, ਅਤੇ ਸਰਕਾਰਾਂ  ਦੀਆਂ ਲੋਕਮਾਰੂ ਨੀਤੀਆ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ। ਜ਼ਿੰਦਗੀ ਇੱਕ ਸੰਘਰਸ਼ ਹੈ, ਅਤੇ ਅੰਤਿਮ ਸਮੇਂ ਤੱਕ ਇਸਨੂੰ ਲੜਨਾ ਜ਼ਰੂਰੀ ਹੈ। ਆਸ ਕਰਦੇ ਹਾਂ ਕਮੇਟੀ ਆਉਣ ਵਾਲੇ ਸਮੇਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗੀ।

en_GBEnglish