ਗੁਰਦੀਪ ਸਿੰਘ, ਬਹੁਜਨ ਲਾਇਬ੍ਰੇਰੀ ਕੁੰਡਲੀ/ਸਿੰਘੂ ਬਾਰਡਰ
ਜਿਵੇਂ ਕਿ ਸਾਨੂੰ ਪਤਾ ਹੈ ਕਿ ਇਸ ਅੰਦੋਲਨ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਹੈ ਅਤੇ ਹਰ ਵਰਗ ਆਪਣੇ ਸਾਧਨਾਂ ਦੇ ਹਿਸਾਬ ਦੇ ਨਾਲ਼ ਮੋਰਚੇ ਵਿਚ ਸ਼ਾਮਿਲ ਹੋ ਰਹੇ ਹਨI ਪਰ ਦੂਜੇ ਪਾਸੇ ਕਈ ਮੀਡੀਆ ਵਾਲੇ ਕਹਿ ਰਹੇ ਹਨ ਕਿ ਦਲਿਤ ਇਸ ਮੋਰਚੇ ਵਿੱਚ ਆ ਨਹੀਂ ਰਹੇ। ਅਸੀਂ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਕੁੰਡਲੀ ਬਾਰਡਰ ‘ਤੇ 14 ਦਸੰਬਰ ਤੋਂ ਲਾਇਬ੍ਰੇਰੀ ਬਣਾਈ ਹੋਈ ਹੈ, ਜਿਸਦਾ ਮੁੱਖ ਮਕਸਦ ਡਾਕਟਰ ਅੰਬੇਦਕਰ ਦੇ ਵਿਚਾਰ – ਪੜ੍ਹੋ, ਜੁੜੋ, ਸੰਘਰਸ਼ ਕਰੋ– ਦੀ ਲੀਹ ਤੇ ਚਲਦਿਆਂ ਕਿਸਾਨਾਂ ਦੇ ਹੱਕ ਵਿੱਚ ਅੰਬੇਦਕਰਵਾਦੀਆਂ ਵੱਲੋਂ ਹਮਾਇਤ ਕਰਨੀ; ਸਾਂਝੇ ਪੰਜਾਬ ਦੇ ਮਹਾਨ ਯੋਧਿਆਂ ਦੇ ਜੀਵਨ ‘ਤੇ ਅਧਾਰਿਤ ਪੁਸਤਕਾਂ ਰੱਖਣਾ ਅਤੇ ਮੋਰਚੇ ਵਿਚ ਜਾਨ ਭਰਨ ਵਾਲਾ ਸਾਹਿਤ ਮੁਹੱਈਆ ਕਰਾਉਣਾ ਹੈI ਇਸ ਲਾਇਬ੍ਰੇਰੀ ‘ਤੇ ਪਿਛਲੇ ਦੋ ਮਹੀਨਿਆਂ ਤੋਂ ਹਰ ਵਰਗ ਦੇ ਲੋਕ ਆਉਂਦੇ ਹਨ ਅਤੇ ਸਾਰਾ ਦਿਨ ਚਰਚਾਵਾਂ ਚਲਦੀਆਂ ਰਹਿੰਦੀਆਂ ਹਨI
ਦਲਿਤਾਂ ਦੀ ਸ਼ਮੂਲੀਅਤ ਨੂੰ ਲੈ ਕੇ ਇਕ ਪਤਰਕਾਰ ਨੇ ਸਵਾਲ ਪੁੱਛਿਆ ਕਿ ਇਥੇ ਦਲਿਤ ਕਿਓਂ ਨਹੀਂ ਆ ਰਹੇ? ਮੈਂ ਕਿਹਾ ਕਿ ਕੀ ਤੁਸੀਂ ਬੰਦੇ ਨੂੰ ਇਕੱਲੀ ਉਸ ਦੀ ਜਾਤ ਪੁੱਛ ਸਕਦੇ ਹੋ ਤਾਂ ਉਸਦਾ ਜਵਾਬ ਸੀ ਕਿ ਨਹੀਂI ਫੇਰ ਮੈਂ ਕਿਹਾ ਕਿ ਕੀ ਇਹ ਸਹੀ ਆ ਕਿ ਦਲਿਤ ਆਪਣੀ ਜਾਤ ਦੀਆਂ ਤਖ਼ਤੀਆਂ ਲਗਾ ਕੇ ਆਉਣ ਤਾਂ ਉਸਦਾ ਜਵਾਬ ਸੀ ਨਾਂਹ, ਫੇਰ ਮੈਂ ਕਿਹਾ ਕਿ ਫੇਰ ਦਲਿਤਾਂ ਦੀ ਸ਼ਮੂਲੀਅਤ ਨੂੰ ਕਿਸ ਤਰਾਂ ਮਾਪਿਆ ਜਾ ਸਕਦਾ ਹੈ? ਤਾਂ ਉਸ ਕੋਲ ਜਵਾਬ ਨਹੀਂ ਸੀ। ਮੈਨੂੰ ਲੱਗਿਆ ਕਿ ਇਹ ਜਵਾਬ ਕਿਸੇ ਕੋਲ ਵੀ ਨਹੀਂ ਹੈ ਜੋ ਕਹਿ ਰਹੇ ਨੇ ਕਿ ਦਲਿਤਾਂ ਦੀ ਸ਼ਮੂਲੀਅਤ ਨਹੀਂ ਹੈ। ਫੇਰ ਮੈਂ ਉਸ ਨੂੰ ਖ਼ੁਦ ਕਿਹਾ ਕਿ ਸਾਡੇ ਦੇਸ ‘ਚ ਕਿਸੇ ਵਰਗ ਜਾਤ ਦੀ ਪਛਾਣ ਉਸ ਦੀ ਆਪਣੀ ਜਥੇਬੰਦੀ ਨਾਲ਼ ਹੁੰਦੀ ਹੈ, ਤੇ ਇਸ ਮੋਰਚੇ ਵਿਚ ਦਲਿਤ ਆਪਣੀ ਜਥੇਬੰਦੀ ਦੇ ਬੈਨਰ ਥੱਲੇ ਆਉਣ ਦੀ ਥਾਂ ਕੱਲੇ–ਕੱਲੇ ਜਾਂ ਹੋਰ ਜਥੇਬੰਦੀਆਂ ਦੇ ਬੈਨਰ ਥੱਲੇ ਆਉਂਦੇ ਹਨ ਜਿਸ ਵਿਚ ਉਹਨਾਂ ਦੀ ਗਿਣਤੀ ਨਹੀਂ ਹੁੰਦੀ। ਮੋਰਚੇ ਵਿਚ ਕਿਸ ਵਰਗ ਦਾ ਕਿੰਨਾ ਯੋਗਦਾਨ ਹੈ, ਇਹ ਸਿਰਫ਼ ਉਹ ਦੱਸ ਸਕਣਗੇ ਜਿਨ੍ਹਾਂ ਨਾਲ਼ ਉਸ ਵਰਗ ਦੇ ਲੋਕ ਆਏ ਹਨ, ਤੇ ਸਾਨੂੰ ਪਤਾ ਲੱਗੇਗਾ ਕਿ ਇਥੇ ਹਰ ਪਿੰਡ ‘ਚੋਂ ਲੋਕ ਆ ਰਹੇ ਹਨ ਤੇ ਦਲਿਤਾਂ ਦੀ ਵੀ ਓਨ੍ਹਾਂ ਦੇ ਸਾਧਨਾਂ ਮੁਤਾਬਿਕ ਸ਼ਮੂਲੀਅਤ ਹੈ।
ਫਿਰ ਪੱਤਰਕਾਰ ਦਾ ਦੂਜਾ ਸਵਾਲ ਸੀ ਕਿ ਦਲਿਤ ਇਥੇ ਕਿਉਂ ਆਏ ਹਨ? ਮੈਂ ਕਿਹਾ ਇਕ ਤਾਂ ਇਹ ਫ਼ਸਲਾਂ ਤੋਂ ਦੂਰ ਨਸਲਾਂ ਦੀ ਲੜਾਈ ਹੈ ਅਤੇ ਦਲਿਤਾਂ ਨੂੰ ਇਹ ਭਲੀ–ਭਾਂਤ ਪਤਾ ਹੈ ਕਿ ਮੋਦੀ ਸਰਕਾਰ ਸੰਵਿਧਾਨ ਨੂੰ ਖਤਮ ਕਰ ਕਿ ਮਨੂੰਸਮ੍ਰਿਤੀ ਲਾਗੂ ਕਰਾਉਣਾ ਚਾਹੁੰਦੀ ਹੈ, ਜਿਸ ਵਿਚ ਸਾਰੇ ਵਰਗਾਂ ਦਾ ਨੁਕਸਾਨ ਹੈ। ਇਸ ਲਈ ਉਹ ਆਪਣੇ ਕਿਸਾਨ ਭਰਾਵਾਂ ਨੂੰ ਗੁਲਾਮ ਨਹੀਂ ਦੇਖਣਾ ਚਾਹੁੰਦੇ। ਦਲਿਤਾਂ ਨੇ ਕਈ ਹਜ਼ਾਰ ਸਾਲਾਂ ਤੋਂ ਇਹ ਗੁਲਾਮੀ ਹੰਢਾਈ ਹੈ ਅਤੇ ਉਹ ਇਸ ਲੜਾਈ ‘ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।
ਅਗਲਾ ਸਵਾਲ ਸੀ ਕਿ ਦਲਿਤ ਇਸ ਮੋਰਚੇ ਤੋਂ ਬਾਅਦ ਆਪਣੇ ਕਿਸਾਨ ਭਰਾਵਾਂ ਤੋਂ ਕੀ ਉਮੀਦ ਕਰਦੇ ਹਨ ਤਾਂ ਇਸ ਦਾ ਜਵਾਬ ਇਹ ਹੈ ਕਿ ਇਸ ਮੋਰਚੇ ਤੇ ਇੰਝ ਲੱਗਦੈ ਕਿ ਜਿਵੇਂ ਬੇਗਮਪੁਰਾ ਵਸਿਆ ਹੋਵੇ ਤੇ ਮੋਰਚਾ ਖ਼ਤਮ ਹੋਣ ਤੋਂ ਬਾਅਦ ਦਲਿਤ ਉਮੀਦ ਕਰਦੇ ਹਨ ਕਿ ਜਿਸ ਤਰ੍ਹਾਂ ਦੀ ਸਾਂਝੀਵਾਲਤਾ ਦਾ ਮਾਹੌਲ ਇਸ ਮੋਰਚੇ ‘ਚ ਹੈ, ਇਹ ਮਾਹੌਲ ਆਪਣੇ ਘਰਾਂ–ਮੁਹੱਲਿਆਂ ਤੱਕ ਲਿਜਾਇਆ ਜਾਵੇ ਤੇ ਇਹ ਵੀ ਉਮੀਦ ਹੈ ਕਿ ਪਿੰਡ ਪਹੁੰਚ ਕੇ ਦਲਿਤਾਂ ਨਾਲ ਜਾਤੀ ਵਿਤਕਰਾ ਨਾ ਹੋਵੇ, ਕਿਸਾਨ ਨੈਤਿਕ ਤੌਰ ‘ਤੇ ਆਪਣੀ ਜ਼ਿੰਮੇਵਾਰੀ ਸਮਝਣ ਕਿ ਸਾਨੂੰ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਪਿੰਡਾਂ ਦੀਆਂ ਸ਼ਾਮਲਾਟਾਂ ‘ਚੋਂ ਓਹਨਾਂ ਦਾ ਬਣਦਾ ਹਿੱਸਾ ਬਿਨਾਂ ਕਿਸੇ ਰੁਕਾਵਟ ਤੋਂ ਦਿੱਤਾ ਜਾਵੇ, ਕੋਈ ਵੀ ਕਥਿਤ ਉੱਚ ਜਾਤੀ ਬੰਦਾ ਓਹਨਾਂ ਦੇ ਬਣਦੇ ਹੱਕ ‘ਚ ਰੁਕਾਵਟ ਬਣਦਾ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਖਿਲਾਫ਼ ਐਕਸ਼ਨ ਲਿਆ ਜਾਵੇ, ਤੇ ਸਿੱਖੀ ਨੂੰ ਮੰਨਣ ਵਾਲਿਆਂ ਨੂੰ ਗੁਰੂਆਂ ਦੇ ਦਿੱਤੇ ਮਾਰਗ ਤੇ ਚੱਲਦੇ ਲੋਕਾਂ ‘ਚ ਭਾਈਚਾਰਕ ਤੇ ਬਿਨਾ ਭੇਦਭਾਵ ਵਾਲਾ ਸਮਾਜ ਸਥਾਪਿਤ ਕਰਨ ਤੇ ਜ਼ੋਰ ਦਿੱਤਾ ਜਾਵੇ।