ਕਰਤੀ ਧਰਤੀ

ਕਰਤੀ ਧਰਤੀ

ਨੋਸ਼ੀਨ ਅਲੀ

ਪੰਜਾਬ ਦੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਖਬਰਾਂ ਸਾਨੂੰ ਇਕ ਗੱਲ ਦਸਦੀਆਂ ਹਨ। ਕਿਸਾਨ ਔਰਤ ਜਦੋਂ ਖੇਤ ਅਤੇ ਫਸਲ ਦੇ ਬਾਰੇ ਗੱਲ ਕਰਦੀ ਹੈ ਤਾਂ ਆਖਦੀ ਹੈ, ਖੇਤ ਵੀ ਸਾਡੀ ਔਲਾਦ ਹੈ, ਜਿਵੇਂ ਮਾਂ ਔਲਾਦ ਦੀ ਪਰਵਰਿਸ਼ ਕਰਦੀ ਹੈ, ਓਵੇਂ ਹੀ ਅਸੀਂ ਖੇਤ ਦੀ ਪਰਵਰਿਸ਼ ਕਰਦੇ ਹਾਂ। ਕਿਸਾਨ ਮਰਦ ਜਦੋਂ ਖੇਤ ਦੇ ਬਾਰੇ ਗੱਲ ਕਰਦਾ ਹੈ ਤਾਂ ਜ਼ਮੀਨ ਨੂੰ ਅਕਸਰ ਮਾਂ ਸਮਾਨ ਵੇਖਦਾ ਹੈ। ਕਹਿੰਦਾ ਹੈ ਮਾਂ ਨੂੰ ਅਸੀਂ ਨਹੀਂ ਛੱਡ ਸਕਦੇ ਤਾਂ ਅਸੀਂ ਜ਼ਮੀਨ ਨੂੰ ਕਿਵੇਂ ਛੱਡ ਸਕਦੇ ਹਾਂ। ਇਹ ਗੱਲ ਗੌਰਤਲਬ ਹੈ, ਇਹ ਫਰਕ ਕਿਉਂ ਹੈ? ਮਹਿਲਾ ਕਿਸਾਨ ਧਰਤੀ ਨੂੰ ਮਾਂ ਕਿਉਂ ਨਹੀਂ ਆਖਦੀ?

ਸ਼ਾਇਦ ਇਸ ਕਰਕੇ ਕਿ ਸਮਾਜ ਵਿਚ ਮਾਂ ਤੇ ਸਿਰਫ ਪੁੱਤਰ ਦੀ ਹੁੰਦੀ ਹੈ। ਕੁੜੀ ਤੇ ਕਰਜ ਹੈ, ਬੇਗਾਨੇ ਘਰ ਦੀ ਚੀਜ। ਬੇਟੀ ਨੂੰ ਬਚਪਨ ਤੋਂ ਹੀ ਪਰਾਈ ਸਮਝਿਆ ਜਾਂਦਾ ਹੈ, ਬੇਗਾਨਗੀ ਵਿਚ ਕੁੜੀ ਧਰਤੀ ਨੂੰ ਮਾਂ ਕਿਵੇਂ ਆਖੇ। ਸਮਾਜ ਔਰਤ ਨੂੰ ਮਾਂ ਦੇ ਤੌਰ ਤੇ ਇੱਜਤ ਦਿੰਦਾ ਹੈ। ਗੈਰਸ਼ਾਦੀਸ਼ੁਦਾ ਅਤੇ ਬੇਔਲਾਦ ਕੁੜੀ ਬੇਇੱਜਤ ਹੀ ਰਹਿੰਦੀ ਹੈ। ਨਾ ਕਿਸੇ ਦੀ ਮਲਕੀਅਤ ਹੈ, ਨਾ ਕੋਈ ਮਲਕੀਅਤ ਪੈਦਾ ਕੀਤੀ ਹੈ। ਨਰ ਪ੍ਰਧਾਨੀ ਦੀ ਇਹ ਸੋਚ ਜ਼ਹਿਰੀਲੀ ਹੈ। ਅਸਲ ਵਿਚ ਇਸ   ਸਿਸਟਮ ਵਿਚ ਕਿਸੇ ਦੀ ਇੱਜਤ ਨਹੀਂ। 

ਸਾਡੀ ਧਰਤੀ ਅਤੇ ਜਣੀ ਦੀ ਕੁੱਵਤ (ਸਮਰੱਥਾ) ਇਕ ਹੀ ਹੈ। ਮੈਂ ਇਸ ਦਾ ਨਾਂ ਕਰਤੀ ਧਰਤੀ ਰੱਖਿਆ ਹੈ। ਜਿਸ ਤਰਾਂ ਸਮਾਜ ਵਿਚ ਔਰਤ ਦੀ ਹਸਤੀ ਉੱਪਰ ਕਬਜ਼ਾ ਜਮਾਇਆ ਜਾਂਦਾ ਹੈ। ਉਸੇ ਤਰਾਂ ਜ਼ਬਾਨ ਤੇ ਵੀ ਕਬਜ਼ਾ ਹੈ, ਕਿਸਾਨ ਸ਼ਬਦ ਮਰਦ ਦੇ ਵਾਸਤੇ ਹੈ। ਔਰਤ ਕਿਸਾਨ ਦੇ ਲਈ ਕੋਈ ਸ਼ਬਦ ਹੀ ਨਹੀਂ। ਮੈਂ ਸ਼ਬਦਾਂ ਵਿਚ ਮੋਰਚਾ ਲਗਾਇਆ ਹੈ, ਕਰਤੀ ਧਰਤੀ ਕੁੱਲ ਕੁਦਰਤ ਦੀ ਰੀਤ ਦਾ ਨਾਂ ਹੈ। ਕਰਤਾ ਧਰਤਾ ਦਾ ਉਲਟ ਹੈ। ਨਾ ਧਰਤੀ ਮਲਕੀਅਤ ਹੈ, ਨਾ ਹੀ ਔਰਤ। ਅਸੀਂ ਦੋਨਾਂ ਨੂੰ ਠੱਗ ਲੈਣ ਦੀ ਨਿਗਾਹ ਨਾਲ਼ ਵੇਖਦੇ ਹਾਂ। ਕਾਬੂ ਕਰਨ ਦੀ ਖ੍ਵਾਹਿਸ਼ ਰਖਦੇ ਹਾਂ, ਇਸ਼ਕ ਦੀ ਨਹੀਂ। ਜੇ ਧਰਤੀ ਮਜ਼ਲੂਮ ਹੈ ਤਾਂ ਅਸੀਂ ਵੀ ਮਜ਼ਲੂਮ ਰਹਾਂਗੇ।

ਜਾਅਲੀ ਬੀਜ, ਯੂਰੀਆ ਅਤੇ ਜ਼ਹਿਰ ਧਰਤੀ ਨੂੰ ਜਖਮੀ ਕਰਦਾ ਹੈ। ਇਹਨਾਂ ਸ਼ੈਆਂ ਦੇ ਨਾਲ਼ ਜ਼ਮੀਨ ਨੂੰ ਡਰਾਇਆ ਧਮਕਾਇਆ ਗਿਆ ਹੈ। ਇਹ ਸ਼ੈਆਂ ਸਾਨੂੰ ਬਿਮਾਰ ਕਰਦੀਆਂ ਹਨ ਅਤੇ ਕਿਸਾਨੀ ਰੀਤ ਨੂੰ ਖਤਮ। ਦੁਖਾਂਤ ਤਾਂ ਇਹ ਹੈ ਕਿ ਸਾਨੂੰ ਮਜ਼ਬੂਰ ਕਰ ਦਿੱਤਾ ਗਿਆ ਹੈ। ਜਦੋਂ ਤੱਕ ਸਿਸਟਮ ਦੇ ਵਿਚ ਧਰਤੀ ਤੇ ਆਪ ਨੂੰ ਨਹੀਂ ਢਾਲਾਂ ਗੇ ਉਦੋਂ ਤੱਕ ਗੁਜਾਰਾ ਹੀ ਨਹੀਂ ਹੋਵੇਗਾ। ਆਪਣੇ ਆਪ ਨੂੰ ਢਾਲਦੇ ਢਾਲਦੇ ਅਸੀਂ ਢਾਹ ਦਿੱਤੇ ਗਏ ਹਾਂ। ਜ਼ਮੀਨ ਸਾਨੂੰ ਲਲਕਾਰਦੀ ਹੈ

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ

ਸਾਈਂ ਬਾਝਹੁ ਆਪਣੇ ਵੇਦਣ ਕਹੀਐ ਕਿਸੁ

ਧਰਤੀ ਕੀ ਚਾਹੁੰਦੀ ਹੈ, ਇਹ ਗੱਲ ਵਿਚਾਰਨ ਦੀ ਲੋੜ ਹੈ।

 

en_GBEnglish