ਸੁਰਮੀਤ ਮਾਵੀ, ਟੀਕਰੀ ਮੋਰਚਾ
ਦਿੱਲੀ ਦੇ ਦੁਆਲੇ ਅਤੇ ਦੇਸ਼ ਭਰ ਚ ਚੱਲ ਰਹੇ ਕਿਸਾਨ ਸੰਘਰਸ਼ ਦਾ ਲੋਕ ਮਨਾਂ ਚ ਗਲਤ ਅਕਸ ਬਨਾਉਣ ਅਤੇ ਇਸਦਾ ਦਮਨ ਕਰਨ ਲਈ ਦੇਸ਼ ਦੀ ਸਰਕਾਰ ਨੇ ਕਿਹੜਾ ਹੀਲਾ ਨਹੀਂ ਵਰਤਕੇ ਦੇਖਿਆ। ਨਕਸਲੀ, ਖਾਲਿਸਤਾਨੀ, ਚੀਨੀ ਏਜੰਟ, ਪਕਿਸਤਾਨੀ, ਭਟਕੀ ਭੀੜ, ਸਿਆਸੀ ਪਾਰਟੀਆਂ ਦੇ ਢਹੇ ਚੜ੍ਹੇ ਆਦਿ ਵਿਸ਼ੇਸ਼ਣਾਂ ਨਾਲ ਦੇਸ਼ ਦੇ ਅੰਨਦਾਤਾ ਦੀ ਬੇਹੁਰਮਤੀ ਕੀਤੀ ਅਤੇ ਉਹਦੇ ਉੱਤੇ ਲਾਠੀਆਂ, ਜਲ ਤੋਪਾਂ, ਹੰਝੂ ਗੈਸ ਦੇ ਗੋਲੇ ਵਰ੍ਹਾਏ। ਬਹੁ–ਪਰਤੀ ਬੈਰੀਕੇਡ ਲਾਏ ਅਤੇ ਸੜਕਾਂ ਪੁੱਟਕੇ ਲੋਹੇ ਦੇ ਕਿੱਲ ਲਾਏ ਗਏ, ਸਿਰਫ ਇਹ ਤਸਵੀਰ ਪੇਸ਼ ਕਰਨ ਲਈ ਕਿ ਕਿਸਾਨ ਭਾਰਤ ਦਾ ਚੀਨ ਜਾਂ ਪਾਕਿਸਤਾਨ ਤੋਂ ਵੱਡਾ ਦੁਸ਼ਮਨ ਹੈ ਅਤੇ ਉਹਦੇ ਤੋਂ ਜ਼ਿਆਦਾ ਖਤਰਨਾਕ ਵੀ। ਲੇਕਿਨ ਇਹ ਸਭ ਕਿਉਂ? ਕਿਉਂਕਿ ਉਹ ਅੰਦੋਲਨ ਕਰ ਰਿਹਾ ਹੈ। ਦੇਸ਼ ਦੀ ਸਰਕਾਰ ਦੇ ਲੋਕ ਵਿਰੋਧੀ ਰਵਈਏ ਦੀ ਆਲੋਚਨਾ ਕਰ ਰਿਹਾ ਹੈ, ਉਸ ਦੌਰ ਵਿਚ ਜਦੋਂ ਸਿਰਫ ਲੋਕ ਵਿਰੋਧੀ ਕਾਨੂੰਨ ਹੀ ਨਹੀਂ ਬਣਾਏ ਜਾ ਰਹੇ ਬਲਕਿ ਜਮਹੂਰੀਅਤ ਦਾ ਘਾਣ ਕਰਨ ਲਈ ਸਰਕਾਰ ਇਸ ਹੱਦ ਤੱਕ ਗੈਰ ਜਮਹੂਰੀ ਤੌਰ ਤਰੀਕਿਆਂ ਉੱਤੇ ਉੱਤਰ ਆਈ ਹੈ ਕਿ ਸਰਕਾਰ ਦੇ ਫੈਸਲਿਆਂ ਦੀ ਨੁਕਤਾਚੀਨੀ, ਜੋ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਗੁਣ ਹੈ, ਨੂੰ ਦੇਸ਼ਦ੍ਰੋਹ ਦਾ ਨਾਮ ਦੇਕੇ ਪ੍ਰਦਰਸ਼ਨਕਾਰੀਆਂ ਨੂੰ ਜੇਲ੍ਹਾਂ ਚ ਧੱਕ ਦਿੱਤਾ ਜਾਂਦਾ ਹੈ। ਵੈਸੇ ਤਾਂ ਜੇ ਇਹ ਦੇਸ਼ਦ੍ਰੋਹ ਹੈ ਫੇਰ ਤਾਂ ਸੰਸਦ ਚ ਬੈਠਣ ਵਾਲੀ ਸਾਰੀ ਵਿਰੋਧੀ ਧਿਰ ਦੀ ਜਗ੍ਹਾ ਸੰਸਦ ਚ ਨਹੀਂ, ਜੇਲ੍ਹ ਚ ਹੋਈ, ਦੇਸ਼ਦ੍ਰੋਹ ਦੇ ਕੇਸ ਚ। ਖੈਰ ਥੋੜ੍ਹੀ ਚਰਚਾ ਇਸੇ ਤੇ ਕੀਤੀ ਜਾਣੀ ਬਣਦੀ ਹੈ ਕਿ ਦਰਅਸਲ ਨਿਜ਼ਾਮ ਦੇ ਖਿਲਾਫ ਵਿਵਸਥਾ ਦੇ ਵਿਰੁੱਧ ਸੰਘਰਸ਼–ਅੰਦੋਲਨ ਸਮਾਜ ਲਈ ਨਾਂਹ–ਪੱਖੀ ਭੂਮਿਕਾ ਨਿਭਾਉਂਦੇ ਨੇ ਕਿ ਫਾਇਦਾ ਕਰਦੇ ਨੇ?
ਮਨੁੱਖੀ ਇਤਿਹਾਸ ਦੱਸਦਾ ਹੈ ਕਿ ਸਾਡੀ ਦੁਨੀਆ ਦੀ ਪੂਰੀ ਦੀ ਪੂਰੀ ਸਮਾਜੀ ਤਰੱਕੀ ਨਿਜ਼ਾਮ ਨਾਲ ਅਵਾਮ ਦੇ ਵਿਰੋਧ ਅਤੇ ਸੰਘਰਸ਼ ਤੋਂ ਹੀ ਹੁੰਦਾ ਆਇਆ ਹੈ। ਕਾਰਲ ਮਾਰਕਸ ਨੇ ਇਹ ਸਿੱਧ ਕੀਤਾ ਸਮਾਜ ਦੇ ਜਮਾਤਾਂ ਚ ਵੰਡੇ ਜਾਂ ਤੋਂ ਲੈਕੇ ਹੁਣ ਤੱਕ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ। ਅਤੇ ਇਹ ਉਸਦੁਆਰਾ ਨਿਰਮਾਣ ਕੀਤੀ ਕੋਈ ਸਮਾਜਿਕ ਵਿਕਾਸ ਦੀ ਵਿਧੀ ਨਹੀਂ, ਇਤਿਹਾਸ ਦਾ ਅਧਿਐਨ ਕਰਕੇ ਖੋਜਿਆ ਗਿਆ ਵਰਤਾਰਾ ਹੈ। ਸਮਾਜਿਕ ਵਿਕਾਸ ਦੇ ਸਿਧਾਂਤ ਵੀ ਕੁਦਰਤ ਦੇ ਵਰਤਾਰਿਆਂ ਵਾਂਙ ਆਪਮੁਹਾਰੇ ਅਤੇ ਅਟੱਲ ਹੁੰਦੇ ਨੇ ਜਿਹਨਾਂ ਨੂੰ ਜਾਣਿਆ ਜਾ ਸਕਦਾ ਹੈ, ਬਦਲਿਆ ਨਹੀਂ ਜਾ ਸਕਦਾ।
ਮਨੁੱਖੀ ਇਤਿਹਾਸ ਦੱਸਦਾ ਹੈ ਕਿ ਸਾਡੀ ਦੁਨੀਆ ਦੀ ਪੂਰੀ ਦੀ ਪੂਰੀ ਸਮਾਜੀ ਤਰੱਕੀ ਨਿਜ਼ਾਮ ਨਾਲ ਅਵਾਮ ਦੇ ਵਿਰੋਧ ਅਤੇ ਸੰਘਰਸ਼ ਤੋਂ ਹੀ ਹੁੰਦਾ ਆਇਆ ਹੈ। ਕਾਰਲ ਮਾਰਕਸ ਨੇ ਇਹ ਸਿੱਧ ਕੀਤਾ ਸਮਾਜ ਦੇ ਜਮਾਤਾਂ ਚ ਵੰਡੇ ਜਾਂ ਤੋਂ ਲੈਕੇ ਹੁਣ ਤੱਕ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ। ਅਤੇ ਇਹ ਉਸਦੁਆਰਾ ਨਿਰਮਾਣ ਕੀਤੀ ਕੋਈ ਸਮਾਜਿਕ ਵਿਕਾਸ ਦੀ ਵਿਧੀ ਨਹੀਂ, ਇਤਿਹਾਸ ਦਾ ਅਧਿਐਨ ਕਰਕੇ ਖੋਜਿਆ ਗਿਆ ਵਰਤਾਰਾ ਹੈ। ਸਮਾਜਿਕ ਵਿਕਾਸ ਦੇ ਸਿਧਾਂਤ ਵੀ ਕੁਦਰਤ ਦੇ ਵਰਤਾਰਿਆਂ ਵਾਂਙ ਆਪਮੁਹਾਰੇ ਅਤੇ ਅਟੱਲ ਹੁੰਦੇ ਨੇ ਜਿਹਨਾਂ ਨੂੰ ਜਾਣਿਆ ਜਾ ਸਕਦਾ ਹੈ, ਬਦਲਿਆ ਨਹੀਂ ਜਾ ਸਕਦਾ। ਦੁਨੀਆ ਦੀ ਸਭ ਤੋਂ ਪਹਿਲੀ ਕ੍ਰਾਂਤੀ ਦਾ ਰੁਤਬਾ ਅਠਾਰਵੀਂ ਸਦੀ ਦੇ ਅੰਤ ਵਿਚ ਵਾਪਰੀ ਫਰਾਂਸ ਦੀ ਕ੍ਰਾਂਤੀ ਨੂੰ ਦਿੱਤਾ ਜਾਂਦਾ ਹੈ ਜਦੋਂ ਰਾਜਾ ਲੂਈ 16ਵੇਂ ਦੇ ਰਾਜਕਾਲ ਦੌਰਾਨ ਦੌਰਾਨ ਨੇ ਨਿਰੰਕੁਸ਼ ਰਾਜਾਸ਼ਾਹੀ, ਨਵੀਂ ਟੈਕਸ ਨੀਤੀ ਅਤੇ ਹੋਰ ਲੋਕ ਵਿਰੋਧੀ ਫੈਸਲਿਆਂ ਦੇ ਵਿਰੁੱਧ ਜਨਤਾ ਦੀ ਆਵਾਜ਼ ਨੂੰ ਰਾਜ–ਪ੍ਰਣਾਲੀ ਚ ਮਾਨਤਾ ਦਿੱਤੇ ਜਾਣ ਲਈ ਉੱਠ ਖੜ੍ਹੇ ਹੋਏ। ਇਸੇ ਇਨਕਲਾਬ ਦੇ ਨਤੀਜੇ ਵੱਜੋਂ ਫਰਾਂਸੀਸੀ ਗਣਤੰਤਰ ਦੀ ਸਥਾਪਨਾ ਹੋਈ ਯਾਨੀ ਕਿ ਜਨਤਾ ਨੂੰ ਸ਼ਾਸਨ ਵਿੱਚ ਬੋਲਣ ਦਾ ਅਧਿਕਾਰ ਪ੍ਰਾਪਤ ਹੋਇਆ; ਇਸ ਹੱਦ ਤੱਕ ਕਿ ਰਾਜੇ ਉੱਤੇ ਮੁਕਦਮਾ ਦਾਇਰ ਕਰ ਦਿੱਤਾ ਗਿਆ। ਇਹ ਉਹ ਇਨਕਲਾਬ ਸੀ ਜਿਸਨੇ ਦੁਨੀਆ ਦੇ ਅਗਲੇਰੇ ਇਨਕਲਾਬਾਂ ਨੂੰ ਰਾਹ ਦਿਖਾਉਣਾ ਸੀ। ਦੁਨੀਆ ਦੇ ਕਿਰਤ ਦੇ ਸਾਰੇ ਸਾਧਨਾਂ ਰਾਹੀਂ ਧਨ ਦੌਲਤ ਦੀ ਸਿਰਜਣਾ ਕਰ ਰਹੇ ਹੋਣ ਦੇ ਬਾਵਜੂਦ ਭੁੱਖਾਂ–ਥੁੜ੍ਹਾਂ ਨਾਲ ਜੂਝ ਰਹੇ ਰੂਸੀ ਕਿਰਤੀਆਂ ਨੇ 1917 ਚ ਦੁਨੀਆ ਨੂੰ ਪਲਟਾ ਦਿੱਤਾ ਅਤੇ ਕਿਰਤ ਉੱਤੇ ਕਿਰਤੀ ਦੇ ਅਧਿਕਾਰ ਨੂੰ ਸਥਾਪਿਤ ਕੀਤਾ। ਕੰਮ ਦੇ ਸੀਮਿਤ ਘੰਟੇ ਅਤੇ ਉਚਿਤ ਮਿਹਨਤਾਨੇ ਵਰਗੇ ਅਧਿਕਾਰ ਇਹਨਾਂ ਇਨਕਲਾਬਾਂ ਚੋਣ ਹਾਸਿਲ ਹੋਏ ਅਤੇ ਇਨਕਲਾਬਾਂ ਦੀ ਲੜੀ ਉਦੋਂ ਤੋਂ ਅੱਜ ਤੱਕ ਚੱਲਦੀ ਆਈ ਹੈ। ਇਸ ਵਿਸ਼ੇ ਉੱਤੇ ਵਿਸਥਾਰ ਨਾਲ ਗੱਲ ਕਰਨ ਲਈ ਬੰਦਾ ਕੁਝ ਹੈ ਲੇਕਿਨ ਸੰਖੇਪ ਚ ਐਨਾ ਕਾਫੀ ਹੈ ਕਿ ਨਿਜ਼ਾਮ ਤੇ ਅਵਾਮ ਦਾ ਵਿਚਾਰਕ ਟਕਰਾਅ ਇੱਕ ਬਿਹਤਰ ਸਥਿਤੀ ਦੀ ਕਲਪਨਾ ਨੂੰ ਜਨਮ ਦਿੰਦਾ ਹੈ। ਫਿਰ ਉਸ ਬਿਹਤਰ ਸਥਿਤੀ ਲਈ ਸੰਘਰਸ਼ ਸ਼ੁਰੂ ਹੁੰਦਾ ਹੈ ਅਤੇ ਉਸ ਸੰਘਰਸ਼ ਦੀ ਜਿੱਤ ਵਿਚੋਂ ਇੱਕ ਨਵੇਂ ਸਿਧਾਂਤ ਦਾ ਜਨਮ ਹੁੰਦਾ ਹੈ। ਇਹ ਵੀ ਇੱਕ ਵਰਤਾਰਾ ਹੈ ਕਿ ਉਸ ਸਿਧਾਂਤ ਦੇ ਲਗਾਤਾਰ ਅਭਿਆਸ ਬਾਅਦ ਪਿਛਾਖੜੀ ਤਾਕਤਾਂ ਉਸ ਅਭਿਆਸ ਵਿੱਚ ਖੜੋਤ ਲਈ ਜ਼ੋਰ ਲਾਉਂਦੀਆਂ ਨੇ ਜਿਸ ਵਿਚੋਂ ਫੇਰ ਇੱਕ ਟਕਰਾਅ ਪੈਦਾ ਹੁੰਦਾ ਹੈ ਅਤੇ ਅਗਾਂਹਵਧੂ ਧਿਰ ਇੱਕ ਹੋਰ ਬਿਹਤਰੀ ਦਾ ਸੁਪਨਾ ਸਿਰਜਕੇ ਇੱਕ ਨਵਾਂ ਸੰਘਰਸ਼ ਵਿੱਢ ਲੈਂਦੀਆਂ ਨੇ, ਸਮਾਜ ਦੇ ਹੋਰ ਬਿਹਤਰ ਭਵਿੱਖ ਲਈ।
ਕੁੱਲ ਮਿਲਾਕੇ ਜੇ ਅੱਜ ਅਸੀਂ ਲੋਕਤੰਤਰ ਦਾ ਅਨੰਦ ਮਾਨ ਰਹੇ ਹਾਂ ਤਾਂ ਇੱਕ ਗੱਲ ਹਮੇਸ਼ਾ ਚੇਤੇ ਰੱਖੀਏ ਕਿ ਲੋਕਤੰਤਰ ਦੀ ਸਥਾਪਤੀ ਵੀ ਸਮਾਜੀ ਸਿਆਸੀ ਸੰਘਰਸ਼ ਤੋਂ ਹੀ ਹੋਇਆ ਹੈ ਅਤੇ ਇਹਦੀ ਅਗਾਂਹ ਬਿਹਤਰੀ ਵੀ ਅੰਦੋਲਨਾਂ–ਕ੍ਰਾਂਤੀਆਂ ਸਦਕਾ ਹੀ ਹੋਈ ਹੈ। ਆਓ, ਆਪਾਂ ਸਾਰੇ ਭਾਰਤਵਾਸੀ ਦੇਸ਼ ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਨਮਸਕਾਰ ਕਰੀਏ ਅਤੇ ਇਸ ਅੰਦੋਲਨ ਦੇ ਆਗੂਆਂ ਅਤੇ ਸਾਰੇ ਕਿਸਾਨਾਂ ਨੂੰ ਦੇਸ਼ਭਗਤਾਂ ਦਾ ਦਰਜ ਦੇਕੇ ਉਹਨਾਂ ਨੂੰ ਪਲਕਾਂ ਤੇ ਬਿਠਾਈਏ।