ਸਾਡਾ ਏਕਾ 

ਸਾਡਾ ਏਕਾ 

ਗੁਲ ਪਨਾਗ, ਸਿੰਘੂ ਮੋਰਚਾ

 

 

ਦਿੱਲੀ ਵੱਡੇ ਬੁਜੁਰਗ ਕਹਿੰਦੇ ਨੇ ਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਇਰ ਕਦਮ ਤੋਂ ਸ਼ੁਰੂ ਹੁੰਦਾ ਹੈ। ਅੱਜ ਅਸੀਂ ਆਪਣੇ ਸੰਘਰਸ਼ ਦੇ ਰਾਹੀਂ ਕਾਫ਼ੀ ਦੂਰ ਆ ਚੁੱਕੇ ਹਾਂ। ਪਰ, ਸਾਡਾ ਸਫ਼ਰ ਹਾਲੇ ਬਹੁਤ ਲੰਬਾ ਹੈ। ਜਿਹੜੇ ਸਬਕ ਅਸੀਂ ਇਸ ਲੋਕ ਸੰਘਰਸ਼  ਤੋਂ ਸਿੱਖੇ ਹਨ ਇਹ ਸਾਨੂੰ ਅੱਗੇ ਆਪਣੇ ਸਫ਼ਰ ਚ ਬਹੁਤ ਕੰਮ ਆਉਣਗੇ।

 

ਏਕਤਾ ਤੇ ਸਬਰ, ਸੰਘਰਸ਼ ਦੀ ਜੰਗ ਵਿਚ ਸਾਡੇ ਲਈ ਕਿਰਪਾਨ ਅਤੇ ਢਾਲ ਵਾਂਗੂੰ ਨੇ। ਤੇ ਅਸੀਂ ਸਾਰਿਆਂ ਨੂੰ ਦਿਖਾ ਚੁੱਕੇ ਹਾਂ ਕਿ ਸਾਡਾ ਏਕਾ ਕਿੰਨਾ ਮਜ਼ਬੂਤ ਹੈ। ਫੇਰ ਉਹ ਭਾਵੇਂ ਸਾਡੇ ਹਰਿਆਣੇ ਤੇ ਪੰਜਾਬ ਦੇ ਵੀਰਾਂ ਦਾ ਏਕਾ ਹੋਵੇ , ਜੋ ਮੋਢੇ ਨਾਲ ਮੋਢਾ ਜੋੜ ਇਸ ਲੜਾਈ ਵਿਚ ਲੱਗੇ ਹੋਏ ਨੇ, ਜਾਂ ਫਿਰ ਹਰ ਸੂਬੇ, ਧਰਮ ਤੇ ਜਾਤੀ ਦੇ ਲੋਕਾਂ ਦਾ ਏਕਾ  ਹੋਵੇ, ਜਿਨਾ ਨੇ ਇਸ ਠੰਡ ਚ ਇਕੱਠਿਆਂ ਰਾਤਾਂ ਕੱਟੀਆਂ ਨੇ।

 

ਜਿਹੜੇ ਲੋਕ ਸਾਡਾ ਹੌਸਲਾ ਤੇ ਏਕਾ ਤੋੜਨ ਨੂੰ ਫਿਰਦੇ ਸਨ, ਉਹ ਅੱਜ ਆਪ ਹਾਰੇ ਬੈਠੇ ਹਨ ਕਿਉਂਕਿ ਉਹਨਾਂ ਦੀ ਕੋਈ ਚਾਲ ਕਾਮਯਾਬ ਨਹੀਂ ਹੋ ਸਕੀ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਕੋਈ ਗਲਤੀ ਕਰੀਏ, ਮਾੜਾ ਬੋਲੀਏ, ਗ਼ੁੱਸਾ ਕਰੀਏ….. ਤਾਕਿ ਉਹ ਸਾਡੇ ਤੇ ਹੋਰ ਇਲਜ਼ਾਮ ਲਾ ਸਕਣ। ਪਰ ਪੰਜਾਬ ਦੇ ਹਰ ਸਿੰਘ ਤੇ ਕੌਰ ਨੇ, ਸਬਰ ਦੀ ਤਾਕਤ ਦਾ ਇਸਤਮਾਲ ਕੀਤਾ। ਕਿਸ ਤਰਾਂ ਅਸੀਂ ਹਰ ਮੋਰਚੇ ਨੂੰ ਫਤਹਿ ਕਰਨ ਦਾ ਹੌਸਲਾ ਰੱਖਦੇ ਹਾਂ ਅੱਜ ਸਾਰੀ ਦੁਨੀਆ ਦੇਖ ਚੁੱਕੀ ਹੈ।

 

ਸੰਘਰਸ਼ ਵਿਚ ਹਿੱਸਾ ਪਾਉਣ ਦਾ ਮੌਕਾ ਬੜੀ ਕਿਸਮਤ ਨਾਲ਼ ਮਿਲਦਾ ਹੈ, ਤੇ ਜੇ ਅਜ ਸਾਨੂੰ ਇਹ ਮੌਕਾ ਮਿਲਿਆ ਹੈ ਤੇ ਸਾਡਾ ਸਭ ਤੋਂ ਵੱਡਾ ਫਰਜ਼ ਹੈ ਕਿ ਅਸੀਂ ਇਥੋਂ ਮਿਲੇ ਸਬਕ ਕਦੇ ਨਾ ਭੁਲਾਈਏ, ਅਤੇ ਏਕਾ ਅਤੇ ਸਬਰ ਦੇ ਸਬਕ ਦੀ ਬੁਨਿਆਦ ਉੱਪਰ ਅਸੀਂ ਨਵੇਂ ਪੰਜਾਬ ਦੀ ਰਚਨਾ ਕਰੀਏ।

ਚੜ੍ਹਦੀ ਕਲਾ।

en_GBEnglish