ਸਰਕਾਰ ਦੀਆਂ ਸਾਜਿਸ਼ਾਂ ਰਹੀਆਂ ਨਾਕਾਮ

ਸਰਕਾਰ ਦੀਆਂ ਸਾਜਿਸ਼ਾਂ ਰਹੀਆਂ ਨਾਕਾਮ

ਹਰਕੀਰਤ ਕੌਰ

ਕਹਿੰਦੇ ਨੇ ਕਿ ਕਠਿਨ ਦੌਰ ਕੌਮਾਂ ਲਈ ਪ੍ਰੀਖਿਆ ਵਾਂਗ ਹੁੰਦੇ ਨੇ , 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਜੋ ਘਟਨਾ ਵਾਪਰੀ ਉਸ ਪ੍ਰਤੀ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਸਾਹਮਣੇ ਰਹੇ ਹਨ। ਕੋਈ ਇਸ ਕਦਮ ਦੀ ਸਲਾਘਾ ਕਰ ਰਿਹਾ ਹੈ, ਕੋਈ ਇਸ ਨੂੰ ਸਰਕਾਰ ਦੀ ਮਿਲੀਭੁਗਤ ਨਾਲ ਖੇਡੀ ਗਈ ਸਾਜਿਸ਼ ਮੰਨ ਰਿਹਾ ਕਿਸੇ ਦਾ ਮੰਨਣਾ ਹੈ ਕਿ ਦੀਪ ਸਿੰਧੂ ਨੇ ਸੰਘਰਸ਼ ਵਿੱਚ ਸ਼ਾਮਿਲ ਨਾ ਕਰਨ ਦਾ ਰੋਸ ਪ੍ਰਗਟ ਕੀਤਾ ਹੈ  ਮੁੱਕਦੀ ਗੱਲ ਜਿੰਨੇ ਮੂੰਹ ਓਨੀਆਂ ਗੱਲਾਂ।  ਜੋ ਵੀ ਹੋਇਆ ਕਿਤੇ ਨਾ ਕਿਤੇ ਉਸਨੇ ਅੰਦੋਲਨ ਦੀਆਂ ਜੜਾਂ ਨੂੰ ਇੱਕ ਵਾਰ ਹਿਲਾ ਦਿੱਤਾ ਸੀ। ਜਦੋਂ ਕਿਸੇ ਰੁੱਖ ਦੀਆਂ ਜੜਾਂ ਹਿਲ ਜਾਵਣ ਤਾਂ ਉਸਨੂੰ ਪੁੱਟਣਾ ਅਸਾਨ ਹੋ ਜਾਂਦਾ।

ਇਸ ਘਟਨਾ ਉਪਰੰਤ ਕੇਂਦਰ ਸਰਕਾਰ ਨੂੰ ਵੀ ਕੁਝ ਅਜਿਹਾ ਹੀ ਮਹਿਸੂਸ ਹੋਇਆ ਕਿ ਕਿਸਾਨਾਂ ਦੇ ਉੱਪਰ ਦੀ ਲੱਤ ਰੱਖਣ ਦਾ ਮੌਕਾ ਸਾਨੂੰ ਮਿਲ ਗਿਆ, ਕੇਂਦਰ ਦੇ ਮੰਤਰੀਆਂ ਦੀ ਵੀ ਇੱਕ ਆਸ ਦੀ ਕਿਰਨ ਜਾਗੀ ਕਿ ਖੋਰੇ ਹੁਣ ਕਿਸਾਨੀ ਅੰਦੋਲਨ ਨੂੰ ਆਪਣੀਆਂ ਕੋਝੀਆਂ ਚਾਲਾ ਖੇਡ ਕੇ ਆਪਣੇ ਨਿਯੰਤਰਣ ਹੇਠ ਕਰ ਲੈਣਗੇ। ਸਾਡੇ ਦੇਸ਼ ਦੀ ਸਰਕਾਰ ਨੇ ਇੱਕ ਛੋਟੀ ਜਿਹੀ ਘਟਨਾ ਪਿੱਛੇ ਇੱਕ ਵਾਰ ਫ਼ੇਰ ਆਪਣਾ ਤਾਨਾਸ਼ਾਹੀ ਰੂਪ ਪੇਸ਼ ਕਰਦਿਆਂ ਮਾਸੂਮ ਲੋਕਾਂ ਉੱਤੇ ਅਥਰੂ ਗੈਸ ਦੇ ਗੋਲੇ ਵਰਾਏ। ਡਾਂਗਾਂ ਨਾਲ ਜਵਾਨਾਂ ਦੇ ਸਿਰ ਦੋ ਫਾੜ ਕੀਤੇ, ਇੱਕ ਜਵਾਨ ਨੂੰ ਗੋਲੀ ਲੱਗੀ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਹਾਲਾਤ ਅਜਿਹੇ ਬਣੇ ਕਿ ਇੱਕ ਵਾਰ ਤਾਂ ਸਾਰਿਆਂ ਨੇ ਦਿਲ ਛੱਡ ਦਿੱਤਾ। ਹਰ ਕਿਸਾਨ ਦੀ ਅੱਖ ਵਿੱਚ ਅੱਥਰੂ ਤੇ ਦੁੱਖ ਦੇ ਬੱਦਲ ਛਾਏ ਹੋਏ ਸਨ।

ਰਹਿੰਦੀ ਖੂੰਹਦੀ ਕਸਰ ਗੋਦੀ ਮੀਡੀਆ ਦੁਆਰਾ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ  ਵਖਾਉਣ ਨੇ ਕਰ ਦਿੱਤੀ। ਇਸ ਸਾਰੀ ਸਾਜਿਸ਼ ਨੇ ਕਿਤੇ ਨਾ ਕਿਤੇ ਡਟੇ ਸੂਰਮਿਆਂ ਦੇ ਹੌਸਲੇ ਨੂੰ ਡਗਮਗਾਉਣ ਦੀ ਕੋਸ਼ਿਸ਼ ਕੀਤੀ। ਪਰ ਰਾਕੇਸ਼ ਟਾਕੈਤ ਦੇ ਦਰਦ ਭਰੇ ਬੋਲਾਂ ਅਤੇ  ਆਸ ਦੇ ਬੁਝਦੇ ਦੀਵੇ ਵਿੱਚ ਤੇਲ ਦੀ ਜਗ੍ਹਾ ਆਪਣੇ ਹੰਝੂ ਪਾ ਅੰਦੋਲਨ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਇਸ ਦੀਵੇ ਦੀ ਲੋਅ ਨੇ ਐਸਾ ਚਾਨਣ ਕੀਤਾ ਕਿ ਕੇਂਦਰ ਸਰਕਾਰ ਦੀਆਂ ਕੋਝੀਆਂ, ਘਟੀਆ ਚਾਲਾਂ ਨੂੰ ਹਨੇਰੇ ਵਿੱਚ ਗਾਇਬ ਕਰ ਦਿੱਤਾ। 

ਰਾਕੇਸ਼ ਟਾਕੈਤ ਦੇ ਇਸ ਸਾਥ ਨੇ ਆਪਣੇ ਵੱਡੇ ਵੀਰ ਦੇ ਡਗਮਗਾ ਰਹੇ ਹੌਸਲੇ ਨੂੰ ਸੰਭਾਲਦਿਆਂ ਸਕੇ ਭਰਾ ਵਾਲਾ ਫਰਜ਼ ਨਿਭਾਇਆ। ਇਹ ਕਿਸਾਨ ਅੰਦੋਲਨ ਦਾ ਇੱਕ ਸੰਖੇਪ ਸਾਰ ਸੀ। ਪਰ ਇੱਥੇ ਇਹ ਵਿਚਾਰਨਾ ਵੀ ਬਹੁਤ ਜਰੂਰੀ ਹੈ ਕਿ ਅੱਜ ਦੇ ਮਾਹੋਲ ਵਿੱਚ ਆਪਣੇ ਆਪ ਨੂੰ ਕਿਸਾਨ ਅਖਵਾਉਣ ਵਾਲੇ ਹਰੇਕ ਸਖਸ਼ ਦੇ ਸਿਰ ਉੱਪਰ ਬਹੁਤ ਵੱਡੀ ਜਿੰਮੇਵਾਰੀ ਹੈ। ਹਾਲਾਤ ਏਦਾਂ ਦੇ ਹਨ ਕਿ ਜੇਕਰ ਕਿਸੇ ਇੱਕ ਵੀ ਵਿਅਕਤੀ ਦੁਆਰਾ ਲਾਪਰਵਾਹੀ, ਬੇਸਮਝੀ ਜਾਂ ਹੁੱਲੜਬਾਜੀ ਵਿੱਚ ਕੰਮ ਕੀਤਾ ਗਿਆ ਤਾਂ ਸਾਡੇ ਪੂਰੇ ਕਿਸਾਨੀ ਅੰਦੋਲਨ ਨੂੰ ਢਾਹ ਲਾ ਸਕਦਾ ਹੈ।

ਇਹ ਵੇਲਾ ਇੱਕ ਦੂਸਰੇ ਦੀਆਂ ਖਾਮੀਆਂ ਲੱਭਣ ਦਾ  ਨਹੀ ਬਲਕਿ ਇੱਕ ਦੂਸਰੇ ਦੀ ਢਾਲ ਬਣਨ ਦਾ ਹੈ। ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਸ ਰੁੱਖ ਦੀਆਂ ਜੜਾਂ ਹਿਲੀਆਂ  ਹੋਣ ਉਸ ਰੁੱਖ ਨੂੰ ਪੁੱਟਣਾ ਕੋਈ ਔਖਾ ਕੰੰਮ ਨਹੀ ਹੁੰਦਾ। ਸੋ ਇਸ ਸਮੇਂ ਸਾਨੂੰ ਇੱਕ ਦੂਸਰੇ ਦੇ ਨਾਲ ਮਿਲ ਕੇ ਆਪਣੀਆਂ ਜੜਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਤਾਨਾਸ਼ਾਹੀ ਸਰਕਾਰ ਦੀਆਂ ਕੋਝੀਆਂ ਸਾਜਿਸ਼ਾਂ ਦੇ ਕਿੰਨੇ ਵੀ ਝੱਖੜ ਕਿਉਂ ਨਾ ਆਉਣ, ਓਹ ਸਾਨੂੰ ਕਦੇ ਹਿਲਾ ਨਹੀ ਸਕਣਗੇ। ਪਰ ਜਿਵੇਂ ਰੁੱਖ ਨੂੰ ਵੱਢਣ ਲੱਗਿਆ ਜਿਸ ਕੁਹਾੜੇ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਵਿੱਚ ਦਸਤਾ ਲੱਕੜ ਦਾ ਹੀ ਹੁੰਦਾ, ਇਸੇ ਤਰ੍ਹਾਂ ਕੁਝ ਆਪਣੇ ਵਿਚੋਂ ਹੀ ਗਦਾਰ ਲੋਕ ਸਰਕਾਰ ਦੀਆਂ ਚਾਲਾਂ ਨੂੰ ਸਿਰੇ ਲਾਉਣ ਵਿੱਚ ਉਸਦੀ ਮਦਦ ਕਰ ਰਹੇ ਹਨ।

ਇਹ ਵੇਲਾ ਜੋਸ਼ ਤੋਂ ਨਹੀਂ ਬਲਕਿ ਹੋਸ਼ ਤੋਂ ਕੰਮ ਲੈਣ ਦਾ ਹੈ। ਹਿੱਕ ਠੋਕ ਕੇ ਡਟੇ ਰਹਿਣ ਦੀ ਸਮਾਂ ਹੈ, ਗੁਰੂ ਪਾਤਸ਼ਾਹ ਦੀ ਇਲਾਹੀ ਬਾਣੀ ਦਾ ਓਟ ਆਸਰਾ ਲੈ, ਹੌਸਲੇ ਬੁਲੰਦ ਰੱਖ ਅਸੀਂ ਸਾਰਿਆਂ ਆਪਣੇ ਇਸ ਕਿਸਾਨੀ ਅੰਦੋਲਨ ਨੂੰ ਇਸਦੇ ਸਕਾਰਾਤਮਕ ਅੰਜਾਮ ਤੱਕ ਪੁਹਂਚਾਉਣਾ ਹੈ। ਜੇਕਰ ਇਕੱਠੇ ਰਹਾਂਗੇ ਤਾਂ ਕੋਈ ਸਾਜਿਸ਼ ਸਾਨੂੰ ਹਰਾ ਨਹੀਂ ਸਕਦੀ ਜੇ ਬਿਖਰ ਗਏ ਤਾਂ ਭਰਾਭਰਾ ਦਾ ਵੈਰੀ ਬਨਣ ਲੱਗਿਆ ਕੋਈ ਜਿਆਦਾ ਸਮਾਂ ਨਹੀਂ ਲੱਗੇਗਾ।

en_GBEnglish