ਸਮੂਹਿਕ ਚੇਤਨਤਾ ਅਤੇ ਸੰਘਰਸ਼

ਬੀਰ ਸਿੰਘ, ਸਪੋਕਸਮੈਨ ਟੀਵੀ ਨਾਲ਼ ਇੰਟਰਵਿਊ

ਆਗੂਆਂ ਦੇ ਵਿਚਾਰਕ ਮਤਭੇਦ ਤਾਂ ਰਹਿਣਗੇ ਹੀ ਉਹ ਕਦੇ ਵੀ ਇਕਸਾਰ ਨਹੀਂ ਹੁੰਦੇ। ਸਾਰੇ ਲੋਕ ਆਗੂਆਂ ਦੇ ਮੂੰਹ ਵੱਲ ਦੇਖ ਰਹੇ ਨੇ, ਕਿਉਂਕਿ ਗੱਲ ਕਰਨ ਤਾਂ ਇਹਨਾਂ ਨੇ ਹੀ ਜਾਣਾ ਹੈ। ਆਗੂਆਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ। ਪਰ ਜਿਹੜੀ ਗੱਲ ਵੱਲ ਤੁਸੀਂ ਉਹਨਾਂ ਦਾ ਧਿਆਨ ਦਵਾਉਣਾ ਚਾਹੁੰਦੇ ਹੋ ਉਹ ਗੱਲ ਉਹਨਾਂ ਤੱਕ ਪਹੁੰਚਾਉਣੀ ਵੀ ਜਰੂਰੀ ਹੁੰਦੀ ਹੈ। 

ਜੇ ਸਮੂਹਿਕ ਚੇਤਨਤਾ ਦਾ ਸਤਰ ਵਧੇਗਾ ਤਾਂ ਸਿਆਣਪ ਵਧੇਗੀ, ਆਗੂ ਨੂੰ ਵੀ ਓਨਾ ਸਿਆਣਾ ਹੋਣਾ ਪਵੇਗਾ।  ਲੋਕਾਂ ਅਤੇ ਆਗੂਆਂ ਵਿਚ ਪੁਲ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਤਾਂ ਇਹੋ ਚਾਹੇਗੀ ਕਿ ਲੋਕਾਂ ਦਾ ਕਿਸਾਨ ਆਗੂਆਂ ਤੇ ਵਿਸਾਹ ਟੁੱਟੇ। ਜੇ ਕੁਝ ਨੌਜਵਾਨਾਂ ਨਾਲ਼ ਨਹੀਂ ਬਣਦੀ ਤਾਂ ਇਹ ਪਾਟੋਧਾੜ ਹੋਰ ਵਧੇ। 

ਸਾਰੇ ਜਣੇ ਹੱਕਾਂ ਦੀ ਰਾਖੀ ਲਈ ਹੀ ਮੋਰਚੇ ਵਿਚ ਪਹੁੰਚੇ ਹੋਏ ਹਨ। ਹੋ ਸਕਦਾ ਹੈ, ਇਸ ਵਿਚੋਂ ਉਹ ਆਪਣਾ ਵੀ ਕੁਝ ਨਾ ਕੁਝ ਨਿੱਜੀ ਹਿੱਤ ਵੀ ਪੂਰਨਾ ਚਾਹੁੰਦੇ ਹੋਣ। ਉਸ ਚੀਜ ਨੂੰ ਬਾਅਦ ਦੇ ਵਿਚ ਵੀ ਨਜਿੱਠਿਆ ਜਾ ਸਕਦਾ ਹੈ। ਜਿਹੜਾ ਵੀ ਨੌਜਵਾਨ ਸਿੰਘੂ ਜਾਂ ਟੀਕਰੀ ਤੇ ਬੈਠਾ ਹੈ, ਉਹ ਲੋਕ ਅੰਦੋਲਨ ਦਾ ਹਿੱਸਾ ਬਣਨ ਆਇਆ ਹੈ ਤੇ ਉਸ ਦੇ ਇਸ ਰੋਸ ਨਾਲ਼ ਸਾਂਝ ਪਾਉਣ ਦੀ ਲੋੜ ਹੈ। 

 ਆਪਸੀ ਟਕਰਾਉ ਬਹੁਤ ਹੋ ਜਾਂਦੇ ਨੇ। ਲੱਖੇ ਸਿਧਾਣੇ ਨੂੰ ਇਹ ਗਿਲਾ ਰਹਿੰਦਾ ਐ ਕਿ ਉਹਨਾਂ ਨੂੰ ਖੁੱਲ ਕੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੈ। ਜਥੇਬੰਦੀਆਂ ਨੂੰ ਇਹ ਰਹਿੰਦਾ ਹੈ ਕਿ ਉਹ ਸਹੀ ਤਰੀਕੇ ਨਾਲ਼ ਗੱਲ ਨਹੀਂ ਕਰ ਦੇ। ਉਹ ਆਹੁਦਰੇਪਣ ਨੂੰ ਵਧਾ ਸਕਦੇ ਹਨ।

ਦੀਪ ਸਿੱਧੂ ਵੱਲੋਂ ਮਸਲਾ ਇਹ ਰਿਹਾ ਕਿ ਇਹਨਾਂ ਨੇ ਜਥੇਬੰਦੀਆਂ ਦੀ ਅਗਵਾਈ ਦੀ ਬਹੁਤ ਤਿੱਖੀ ਆਲੋਚਨਾ ਕੀਤੀ ਸੀ। ਜਥੇਬੰਦੀਆਂ ਨੂੰ ਇਹ ਹੈ ਕਿ ਜਦੋਂ ਦੀਪ ਸਾਨੂੰ ਯੋਗ ਆਗੂ ਨਹੀਂ ਮੰਨਦਾ ਅਸੀਂ ਇਸ ਨੂੰ ਸਟੇਜ ਕਿਉਂ ਦੇਈਏ।

ਏਦਾਂ ਦੇ ਕਾਫੀ ਮਸਲੇ ਹਨ ਪਰ ਜਰੂਰੀ ਹੈ ਕਿ ਇਸ ਊਰਜਾ ਨੂੰ ਸੁਚੱਜੇ ਤਰੀਕੇ ਨਾਲ਼ ਵਰਤਿਆ ਜਾਵੇ। ਇਹ ਸਮਾਂ ਆਪਣੇ ਆਪਣੇ ਪੱਖ ਨੂੰ ਛੱਡ ਕੇ ਸਮੂਹਿਕ ਪੱਖ ਤੇ ਆਉਣ ਦਾ ਹੈ। ਖੱਬੇ ਪੱਖੀ ਜਾਂ ਸੱਜੇ ਪੱਖੀ ਜਾਂ ਧਾਰਮਿਕ ਪੱਖੀ ਹੋਣਾ ਛੱਡ ਕੇ ਸੰਘਰਸ਼ ਪੱਖੀ ਹੋਣ ਦਾ ਹੈ।

en_GBEnglish