ਪਾਸ਼
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ–ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ
ਖੇਤਾਂ ਦੇ ਓਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ,
ਵਕਤ ਮਿਣਦੇ ਹਨ।
ਓਹਨਾਂ ਕੋਲ ਢਿੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ।
ਤੇ ਓਹ ਭੁੱਖ ਲੱਗਣ ‘ਤੇ
ਆਪਣੇ ਅੰਗ ਵੀ ਚਬਾ ਸਕਦੇ ਹਨ,
ਓਨ੍ਹਾਂ ਲਈ ਜ਼ਿੰਦਗੀ ਇਕ ਪਰੰਪਰਾ ਹੈ
ਤੇ ਮੌਤ ਦੇ ਅਰਥ ਹਨ ਮੁਕਤੀ।
ਜਦ ਵੀ ਕੋਈ ਸਮੁੱਚੇ ਭਾਰਤ ਦੀ
‘ਕੌਮੀ ਏਕਤਾ’ ਦੀ ਗੱਲ ਕਰਦਾ ਹੈ
ਤਾਂ ਮੇਰਾ ਚਿਤ ਕਰਦਾ ਹੈ–
ਉਸ ਦੀ ਟੋਪੀ ਹਵਾ ‘ਚ ਉਛਾਲ ਦਿਆਂ।
ਉਸ ਨੂੰ ਦੱਸਾਂ
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸੰਬਧਤ ਨਹੀਂ
ਸਗੋਂ ਖੇਤਾਂ ਵਿੱਚ ਦਾਇਰ ਹਨ।
ਜਿਥੇ ਅੰਨ ਉੱਗਦਾ ਹੈ
ਜਿੱਥੇ ਸੰਨ੍ਹਾਂ ਲੱਗਦੀਆਂ ਹਨ …