ਬਾਪੂ ਹਰਚਰਨ

ਬਾਪੂ ਹਰਚਰਨ

 

ਗੁਰਦੀਪ ਸਿੰਘ, ਟੀਕਰੀ ਮੋਰਚਾ

ਬਾਪੂ ਹਰਚਰਨ ਜੀ ਪਹਿਲੇ ਦਿਨੋਂ ਧਰਨੇ ‘ਤੇ ਨੇ, ਮੈਂ ਵੀ 26 ਨਵੰਬਰ ਨੂੰ ਉਹਨਾਂ ਦੇ ਨਾਲ ਪਿੰਡੋਂ ਟ੍ਰਾਲੀ ‘ਤੇ ਆਇਆ ਸੀ। ਪਿੰਡੋਂ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਪਰ ਬਾਪੂ ਜੀ ਓਥੇ ਈ ਡਟੇ ਹੋਏ ਨੇ। ਉਹਨਾਂ ਟਰਾਲੀ ‘ਤੇ ਆਏ ਕਿਸੇ ਵੀ ਸ਼ਖ਼ਸ ਨੂੰ ਖਾਲ਼ੀ ਨੀ ਮੋੜਿਆ। ਹਰ ਕਿਸੇ ਨੂੰ ਪੁੱਤ ਕਹਿ ਕੇ ਬੁਲਾਉਂਦੇ ਨੇ, ਰਾਤ ਨੂੰ ਦੋ ਵਜੇ ਵੀ ਕੋਈ ਆ ਜਾਵੇ, ‘ਆ ਗਿਆ ਪੁੱਤ, ਆ ਗਿਆ ਪੁੱਤ’ ਕਹਿੰਦੇ ਬਿਨਾ ਖੇਸ ਲਏ ਟਰਾਲੀ ‘ਚੋਂ ਬਾਹਰ ਚਲੇ ਜਾਂਦੇ ਨੇ।

ਪਿੱਛੇ ਜਿਹੇ ਉਹਨਾਂ ਦੀ ਕੁੜੀ ਨੇ ਕਿਸੇ ਕੰਮ ਲਈ ਕਨੇਡਾ ਤੋਂ ਆਉਣਾ ਸੀ। ਪਤਾ ਲੱਗਣ ‘ਤੇ ਉਹਨਾਂ ਨੇ ਕੁੜੀ ਨੂੰ ਫ਼ੋਨ ਲਾਇਆ ਤੇ ਕਹਿੰਦੇ, ‘ਦੱਸ ਦਈਂ ਪੁੱਤ ਜਿਦੇਂ ਆਈ, ਮੈਂ ਆਥਣ ਤੱਕ ਆ ਜਾਊਂ। ਮਿਲ ਕੇ ਸਵੇਰ ਨੂੰ ਫੇਰ ਧਰਨੇ ‘ਤੇ ਮੁੜ ਆਊਂ।’ ਅੱਗੋਂ ਜੋ ਕੁੜੀ ਨੇ ਕਿਹਾ ਉਹ ਬਾਪੂ ਜੀ ਦੇ ਜਜ਼ਬੇ ਨੂੰ ਵੀ ਪਾਰ ਕਰ ਗਿਆ। ਕੁੜੀ ਕਹਿੰਦੀ, ‘ਬਾਪੂ ਤੂੰ ਰਹਿੰਣਦੇ ਆਉਣ ਨੂੰ, ਧਰਨੇ ਨੂੰ ਤੇਰੀ ਜਿਆਦਾ ਲੋੜ ਆ। ਹੁਣ ਤਾਂ ਤੂੰ ਜਿੱਤ ਕੇ ਈ ਮੁੜੀਂ। ਅਸੀਂ ਤੈਨੂੰ ਧਰਨੇ ਤੇ ਈ ਆ ਕੇ ਮਿਲ ਜਾਵਾਂਗੇ।’ ਬਾਪੂ ਜੀ ਮਾਣ ਨਾਲ ਖਿੜ ਉੱਠੇ। ਜੇ ਕਿਸੇ ਨਵੇਂ ਬੰਦੇ ਨੂੰ ਮਿਲਦੇ ਨੇ ਤਾਂ ਇਹ ਗੱਲ ਜ਼ਰੂਰ ਸੁਣਾਉਂਦੇ ਨੇ।

en_GBEnglish