ਜਤਿੰਦਰ ਮੌਹਰ, ਟੀਕਰੀ ਮੋਰਚਾ
ਫ਼ਿਕਰ ਤੇਰੇ ਸਮਿਆਂ ਦੀ ਸੀ ਅਤੇ ਸਾਡੇ ਸਮਿਆਂ ਦੀ ਵੀ ਹੈ। ਲ਼ੋਕ ਤਾਂ ਲੋਕ ਹੁੰਦੇ ਹਨ। ਹਮੇਸ਼ਾਂ ਫ਼ਿਕਰ ਕਰਨਗੇ। ਸੱਚ ਕਿਸੇ ਹਥਿਆਰ ਦੀ ਰਖੈਲ ਨਹੀਂ ਅਤੇ ਸਮਾਂ ਕਿਸੇ ਦਾ ਕੁੱਤਾ ਨੀ। ਧਨੌਲੇ ਤੋਂ ਉੱਠਦੀ ਮਾਵਾਂ ਦੀ ਵੰਗਾਰ ਚਾਹੇ ਕਟੈਹੜੇ ਵਿੱਚ ਸੁਣੇ ਅਤੇ ਚਾਹੇ ਦਿੱਲੀ ਵਿੱਚ ਪਰ ਡਾਲਰਾਂ ਦੀ ਖੜਖੜਾਹਟ ਵਿੱਚ ਉੱਕਾ ਹੀ ਅਣਸੁਣੀ ਹੋ ਜਾਂਦੀ ਹੈ। ਖੇਤਾਂ ਦੇ ਪੁੱਤਾਂ ਨੇ ‘ਬਚੇ–ਖੁਚੇ ਖੂਹਾਂ’ ਦੀ ਪਛਾਣ ਕਰ ਲੈਣੀ ਹੈ। ਜਿੱਥੇ ਚਿੰਘਾੜਦੇ ਹਨੇਰਾ ਦੇ ਮੱਥੇ ਉੱਤੇ ਤੂੰ ਚਾਨਣ ਦੇ ਚੰਦ ਹਰਫ਼ ਲਿਖੇ ਸਨ। ਖੂਹ ਅੱਜ ਵੀ ਭਾਗਭਰੀ ਧਰਤੀ ਨੂੰ ‘ਅੰਤਮ ਸੱਚ’ ਦੇ ਪਾਠ ਪੜਾਉਂਦੇ ਹਨ। ਕੀ ਉਨ੍ਹਾਂ ਕੋਲ ਸੱਚ ਜਿਹਾ ਕੁਝ ਬਚਿਆ ਹੈ? ਤੂੰ ਕਿਹਾ ਸੀ ਕਿ ਕਿਸੇ ਦੇ ਮੰਨਣ ਜਾਂ ਨਾ ਮੰਨਣ ਨਾਲ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ। ਜਿਨ੍ਹਾਂ ਦੁਖਦੇ ਅੰਗਾਂ ਉੱਤੇ ਸੱਚ ਨੇ ਇੱਕ ਜੂਨ ਭੋਗੀ ਹੈ। ਉਹ ਸੱਚ ਯੁੱਗ ਵਿੱਚ ਬਦਲ ਜਾਂਦਾ ਹੈ। ਅਤੀਤ ਨੂੰ ਵਡਿਉਂਦੇ ਭਜਨਾਂ ਦੀ ਭਾਲ ਵਿੱਚ ਅਤੀਤ ਗਾਉਂਦੀਆਂ ਬੜ੍ਹਕਾਂ ਸੱਚ ਦਾ ਜਿੰਨ੍ਹਾਂ ਮਰਜ਼ੀ ਗਰਭਪਾਤ ਕਰ ਲੈਣ, ਬਚੇ ਭਰੂਣ ਨੇ ਘਾਹ ਬਣ ਹੀ ਜਾਣਾ ਹੈ। ਝੁੱਗੀਆਂ ਵਿੱਚ ਪਸਰੇ ਸੱਚ ਨੂੰ ਉਹ ਚਾਹੇ ਅੱਜ ਵੀ ਸੱਚ ਨਾ ਮੰਨਣ ਪਰ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ।
ਬਚਾਅ ਦੀ ਆਖ਼ਰੀ ਜੰਗ ਲੜਦਾ ਖੂੰਖਾਰ ਹਨੇਰਾ ਹਰ ਸ਼ੈਅ ਨੂੰ ਵਿੰਨਦਾ ਹੈ। ਜੋ ਤੇਰੇ ਸੀਨੇ ਲੱਗੀ ਗੋਲੀ ਦੇ ਜਖ਼ਮ ਨੂੰ ਮਾਮੂਲੀ ਕਰਾਰ ਦਿੰਦਾ ਹੈ। ਬੇਸ਼ੱਕ ਤੂੰ ਜਿਉਣ ਦੀ ਸਹੁੰ ਖਾ ਕੇ ਜੰਮਿਆਂ ਸੀ। ਸ਼ਬਦਾਂ ਦੀ ਸੰਘੀ ਘੁੱਟਣ ਵਾਲਿਆਂ ਨੂੰ ਮਤਾ ਪਤਾ ਹੀ ਹੋਵੇ ਕਿ ਨਜ਼ਮਾਂ ਇਤਿਹਾਸ ਬਣ ਜਾਂਦੀਆਂ ਹਨ। ਖੂਹਾਂ ਦਾ ਹਨੇਰਾ ਹਰ ਵਿਰਲ ਥਾਈਂ ਆਉਂਦਾ ਹੈ। ਇਹ ਹਨੇਰਾ ਮੈਦਾਨ ਨੂੰ ਜੰਗਲ ਬਣਾਉਂਦੇ ‘ਪਾੜ੍ਹਿਆਂ’ ਦੀਆਂ ਖੁਰਦਰੀਆਂ ਜੀਭਾਂ ਵਿੱਚੋਂ ਬੋਲਦਾ ਹੈ। ਉਹ ਜੀਭਾਂ ਜੋ ਆਪਣਿਆਂ ਨੂੰ ਟੁੱਕਦੀਆਂ ਹਨ। ਅਸੀਂ ਕਦੇ ਨਹੀਂ ਭੁੱਲੇ ਕਿ ਤੇਰਾ ਜੰਗਲ ਲੋਕਾਂ ਦਾ ਜੰਗਲ ਹੈ। ਹਰ ਹੱਕੀ ਸੰਗਰਾਮ ਵਿੱਚ ਤੇਰਾ ਲਹੂ ਆਬਾਦ ਹੈ। ਰਹਿਨੁਮਾ ਬਣ ਕੇ ਕਤਲਗਾਹਾਂ ਵਿੱਚ ਛੱਡ ਕੇ ਆਉਣ ਵਾਲਿਆਂ ਦਾ ਸੱਚ ਤੂੰ ਵੀ ਜਾਣਦਾ ਹੈਂ ਤੇ ਅਸੀਂ ਵੀ। ਉਡਦਿਆਂ ਬਾਜਾਂ ਮਗਰ ਚੱਲਣ ਵਾਲੇ ਲੋਕਾਂ ਦੇ ਨਾਲ ਨਾਲ ਕੁਝ ਅਜਿਹੇ ਬਾਜ਼ ਚੱਲਦੇ ਹਨ। ਜਿਨ੍ਹਾਂ ਵਿੱਚੋਂ ਕਈਆਂ ਨੂੰ ਖੂਹਾਂ ਦੇ ਹਨੇਰਾ ਦਾ ਰੰਗ ਕਦੇ ਕਦੇ ਆਪਣੇ ਜਿਹੇ ਲੱਗਣ ਲੱਗ ਪੈਂਦਾ ਹੈ।
ਬਾਈ! ਯਾਦ ਸਾਨੂੰ ਘੁੰਮਣ ਸੂ ਉਗਰਾਹਾਂ ਵੀ ਹੈ ਅਤੇ ਦਿਖਦਾ ਸਾਨੂੰ ਜੋਗਿੰਦਰ ਸਿਉਂ ਵੀ ਹੈ। ਬਾਈ ਨੂੰ ਤੂੰ ਭਾਊ ਆਖ ਲੀਂ ਚਾਹੇ ਭਾਜੀ। ਦੁਆਬੇ ਦਾ ਮਾਣ ਚਾਹੇ ਬਾਬੇ ਨਾਲ ਹੋਵੇ ਤੇ ਭਾਵੇਂ ਢਾਹੇ ਦੇ ਚੋਬਰ ਨਾਲ। ਮਾਣ ਪਛਾਣ ਦਾ ਹੋਵੇ ਨਾ ਹੋਵੇ, ਮੁਕਤੀ ਦਾ ਜ਼ਰੂਰ ਹੁੰਦਾ ਹੈ। ਜੇ ਇਤਿਹਾਸ ਧਰਤੀ ਦਾ ਹੁੰਦਾ ਹੈ, ਜੇ ਇਤਿਹਾਸ ਲੋਕਾਂ ਦਾ ਹੁੰਦਾ ਹੈ ਤਾਂ ਯਕੀਨ ਰੱਖੀਂ ਕਿ ਪਟਾ ਪਛਾਣ ਦੇ ਨਾਮ ਨਹੀਂ ਚੜ੍ਹਨਾ। ਜਿਨ੍ਹਾਂ ਪੁਰਖਿਆਂ ਨੇ ਫ਼ਿਕਰ ਆਪਣੇ ਸਮਿਆਂ ਦੀ ਕੀਤੀ ਹੋਵੇ, ਉਨ੍ਹਾਂ ਲਈ ਪੋਤਿਆਂ ਦਾ ਫ਼ਿਕਰ ਲਾਂਭੇ ਕਿਵੇਂ ਰਹਿ ਸਕਦਾ ਹੈ? ਬਾਈ ਸਿੰਹਾਂ! ਫ਼ਿਕਰਮੰਦੀ ਤੋਂ ਨਾਬਰੀ ਦਾ ਰਾਹ ਦਰਦਮੰਦੀ ਰਾਹੀਂ ਨਿਕਲਦਾ ਹੈ। ਤੇਰਾ ਯਕੀਨ ਸਾਡਾ ਯਕੀਨ ਹੈ, “ਮਿੱਤਰਾਂ ਦੇ ਫ਼ੌੜ੍ਹੇ ਦਾ ਵਾਰ ਸੁੱਕਾ ਨੀ ਜਾਣਾ।”