ਦਿੱਲੀ ਮੋਰਚੇ ਦਾ ਹਿੱਸਾ ਬਣਦਿਆਂ

ਦਿੱਲੀ ਮੋਰਚੇ ਦਾ ਹਿੱਸਾ ਬਣਦਿਆਂ

ਮੰਨਤ ਮੰਡ,  ਕੁੰਡਲੀ ਬਾਰਡਰ

ਸ਼ਾਮ:

ਇਕ ਪੱਤਰਕਾਰ ਨੇ ਬਜ਼ੁਰਗ ਮਾਈ ਨੂੰ ਸਵਾਲ ਕੀਤਾ, “ਬੀਬੀ, ਠੰਡ ਬਹੁਤ ਹੈ , ਗੋਡੇ ਨੀ ਦੁਖਦੇ ?  ਤਾਂ ਬੀਬੀ ਦਾ ਜਵਾਬ ਸੀ, “ਜੇ ਗੁਰੂ ਅਰਜਨ ਦੇਵ ਪਾਤਸ਼ਾਹ ਹੱਕਾਂ ਖਾਤਰ ਤੱਤੀ ਤਵੀ ਤੇ ਬਹਿ ਸਕਦੇ ਨੇ ਤਾਂ ਮੈਂ ਠੰਡ ‘ਚ ਕਿਉਂ ਨਹੀਂ ਬਹਿ ਸਕਦੀ ।  ਮੈਂ ਚੜ੍ਹਦੀ ਕਲਾ ‘ਚ ਹਾਂ” । ਦੂਸਰਾ ਮੰਜ਼ਰ ਜਿਸ ਨੇ ਮੈਨੂੰ ਬਹੁਤ ਖੁਸ਼ ਤੇ ਹੈਰਾਨ ਕੀਤਾ, ਪੰਜਾਬੀ ਤੇ ਹਰਿਆਣਵੀ ਮੁੰਡਿਆਂ ਦਾ ਵਤੀਰਾ ਸੀ । ਜਿਹੜੇ ਕਿਸੇ ਕੁੜੀ ਨੂੰ ਤੁਰੀ ਆਉਂਦੀ ਵੇਖ ਕੇ ਪਿੱਛੇ ਹਟ ਜਾਂਦੇ ਸੀ, ਭੈਣੇ ਭੈਣੇ ਕਹਿ ਕੇ ਸੰਬੋਧਨ ਕਰ ਰਹੇ ਸੀ ।  

 ਰਾਤੀ:

ਸਾਰੇ ਅੱਗ ਦੀ ਧੂਣੀ ਦੁਆਲੇ ਬਹਿ ਕੇ ਅੰਦੋਲਨ ਦੀਆਂ ਗਤੀਵਿਧੀਆਂ ਵਿਚਾਰਨ ਲੱਗੇ । ਕਈ ਸਾਥੀਆਂ ਨੇ ਮੋਦੀ ਸਰਕਾਰ ਤੇ ਕਿਸਾਨੀ ਦੇ ਵਿਸ਼ੇ ਉੱਤੇ ਜੋ ਕਵਿਤਾਵਾਂ, ਸ਼ੇਅਰ, ਵਿਚਾਰ ਲਿਖੇ ਸੀ, ਜਿੰਨ੍ਹਾ ‘ਚ ਕਈ ਸਰਕਾਰ ਨੂੰ ਵੰਗਾਰਨ ਵਾਲੇ, ਕਈ ਸ਼ਰਮਸਾਰ ਕਰਨ ਵਾਲੇ ਤੇ ਕਈ ਟਿੱਚਰਾਂ ਕਰਨ ਵਾਲੇ ਸੀ, ਸੁਣਾਉਣੇ ਸ਼ੁਰੂ ਕੀਤੇ। ਮੈਂ ਵੀ ਓਸ ਸੰਗਰਾਮੀ ਮਹੌਲ ਵਿਚ ਢੁੱਕਦਾ ਸੰਤ ਰਾਮ ਉਦਾਸੀ ਹੋਰਾਂ ਦਾ ਗੀਤ  ‘ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਸੁਣਾਇਆ।

ਅਗਲੀ  ਸਵੇਰ: 

ਹਰ ਚੀਜ ਵਾਧੂ ਵਰਤਾਈ ਜਾ ਰਹੀ ਸੀ ਪਰ ਵੇਸਟੇਜ ਕੋਈ ਨਹੀਂ। ਇਹ ਲੰਗਰ ਪ੍ਰਥਾ ਦੀ ਸਮਝ ਤੇ ਸਤਿਕਾਰ ਸੀ।  ਬੀਬੀਆਂ ਨੇ ਵਾਜ ਮਾਰ ਕੇ ਸਾਨੂੰ ਮੇਥੀ ਦੇ ਪਰੌਂਠੇ ਖਵਾਏ। ਇਕ ਬੀਬੀ ਨੇ ਦਹੀਂ ਦਾ ਭਰਿਆ ਗਲਾਸ ਮੈਂਨੂੰ ਦਿੱਤਾ, ਮੈਂ ਘੱਟ ਕਰਨ ਲਈ ਆਖਿਆ ਤਾਂ ਕਹਿੰਦੇ, “ਪੁੱਤ ਖਾ ਲੈ, ਇੰਜ ਨੀ ਮੋਦੀ ਨਾਲ ਲੜਿਆ ਜਾਣਾ”।

ਅਗਲੀ ਸ਼ਾਮ:

ਸ਼ਾਮੀ ਅਸੀਂ ਕਈ ਕਿਲੋਮੀਟਰ ਲੰਮਾ ਪੈਦਲ ਮਾਰਚ ਕੱਢਿਆ। ਮਾਰਚ ਵਿਚ ਨਾਹਰੇ ਗੂੰਜ ਰਹੇ ਸਨ,  “ਇਨਕਲਾਬ ਜਿੰਦਾਬਾਦ”,  “ਬੱਚਾ ਬੱਚਾ ਝੋਕ ਦਿਆਂਗੇ,ਜ਼ਮੀਨ ਤੇ ਕਬਜਾ ਰੋਕ ਦਿਆਂਗੇ”, “ਡਰਦੇ ਨਹੀਂ ਤੇਰੀ ਘੁਰਕੀ ਤੋਂ, ਖਿੱਚ ਲਵਾਂਗੇ ਕੁਰਸੀ ਤੋਂ”, “ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ”।

ਵਾਪਸੀ ਤੇ ਇਕ ਜਗ੍ਹਾ ਮੁਸਲਿਮ ਵੀਰਾਂ ਨੇ ਲੰਗਰ ਲਾਇਆ ਹੋਇਆ ਸੀ । ਇਕ ਵੀਰ ਹੱਥ ਜੋੜ ਕੇ ਜੋਰ ਦੇ ਕੇ ਕਹਿਣ ਲੱਗਾ, “ਦੀਦੀ ਮੀਠੇ ਔਰ ਨਮਕ ਵਾਲੇ ਚਾਵਲ ਬਹੁਤ ਸਵਾਦ ਬਨੇ ਹੈਂ, ਥੋੜੇ ਸੇ ਖਾ ਕੇ ਦੇਖੋ”। ਮੈਂ ਮਹਿਸੂਸ ਕੀਤਾ ਕਿ ਇਸ ਅੰਦੋਲਨ ਨੇ ਭਾਈਚਾਰੇ ਨੂੰ ਲਾਂਬੂ ਲਾ ਕੇ ਉੱਤੇ ਸਿਆਸਤ ਦੀਆਂ ਰੋਟੀਆਂ ਸੇਕਣ ਦੀ ਸਾਜਿਸ਼ ਨੂੰ ਢਾਲ ਬਣ ਕੇ ਰੋਕ ਲਿਆ ਹੈ।

ਇਸ ਅੰਦੋਲਨ ਨੇ ਮੁਲਕ ਦੀ ਨੌਜਵਾਨੀ ਨੂੰ ਸੇਧ ਦੇਣ ਅਤੇ ਮਰਦੀ ਜਾ ਰਹੀ ਅਣਖ ਨੂੰ ਮੁੜ ਜਗਾਉਣ ਦਾ ਇਤਿਹਾਸਕ ਕੰਮ ਕੀਤਾ ਹੈ । ਵਿਅਕਤੀਗਤ ਤੌਰ ਤੇ ਇਥੇ ਆ ਕੇ ਮੈਂ ਵੀ ਆਪਣੇ ਆਪ ਵਿਚ ਬਹੁਤ ਪੌਜ਼ੇਟਿਵ ਬਦਲਾਅ ਤੇ ਜੋਸ਼ ਮਹਿਸੂਸ ਕੀਤਾ ।   ਮੈਂ ਮਹਿਸੂਸ ਕੀਤਾ ਕਿ ਏਡਾ ਵੱਡਾ ਅੰਦੋਲਨ ਸ਼ਾਂਤਮਈ, ਅਨੁਸ਼ਾਸਤ ਤਰੀਕੇ ਨਾਲ ਅਗਾਂਹ ਵਧਦਾ ਜਾ ਰਿਹਾ, ਕਿਉਂਕਿ ਇਸਨੂੰ ਸੇਧ ਤੇ ਹੌਸਲਾ ਦੇਣ ਵਾਲਾ ਖੁਦ ਸਾਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ ।  ਵਾਪਿਸ ਮੁੜਦਿਆਂ ਇਕ ਰਿਸ਼ਤੇਦਾਰ ਨੇ ਫੋਨ ਕਰਕੇ ਪੁੱਛਿਆ, “ਕਿਵੇਂ ਸੀ ਮੋਰਚਾ ? ਕੀ ਲਗਦਾ, ਕੀ ਬਣੂ”? “ਸਮਾਜ ਕਿਹੋ ਜਿਹਾ ਹੋਵੇ, ਨੌਜਵਾਨੀ ਕਿੱਦਾਂ ਦੀ ਹੋਵੇ, ਦੇਸ਼ ‘ਚ ਕੈਸਾ ਭਾਈਚਾਰਾ ਹੋਵੇ, ਜਿਸਦਾ ਸੁਪਨਾ ਲੈਂਦਿਆਂ ਭਗਤ ਸਿੰਘ ਹੋਰਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹੋਣਗੇ,  ਉਹ ਅਜ਼ਾਦ ਭਾਰਤ ਤੇ ਸਮਾਜ ਦਿੱਲੀ ਦੀਆਂ ਬਰੂਹਾਂ ਤੇ ਮੈਂ ਵੇਖ ਆਈ ਹਾਂ” । ਮੈਂ ਫ਼ਖਰ ਮਹਿਸੂਸ ਕਰਦਿਆਂ ਕਿਹਾ ।

en_GBEnglish