ਤਾਨਾਸ਼ਾਹ ਡਰਦਾ ਹੈ

ਤਾਨਾਸ਼ਾਹ ਡਰਦਾ ਹੈ

ਸੰਗੀਤ ਤੂਰ, ਟੀਕਰੀ ਮੋਰਚਾ

ਤਾਨਾਸ਼ਾਹ ਸਭ ਤੋਂ ਡਰਦਾ ਹੈ। ਪਰ ਸਬ ਤੋਂ ਵੱਧ ਭੈਅਭੀਤ ਓਹਨੂੰ ਕੁੜੀਆਂ ਕਰਦੀਆਂ ਨੇ। ਦਿੱਲੀ ਪੁਲਿਸ ਨੇ 17 ਸਾਲਾਂ ਦੀ ਗਰੇਟਾ ਥਨਬਰਗ ਤੇ ਪਰਚਾ ਪਾ ਕੇ ਆਪਣੀ ਬੌਣੀ ਸੋਚ ਨੂੰ ਤੇ ਸੈਂਟਰ ਸਰਕਾਰ ਦੀ ਬੁਜ਼ਦਿਲੀ ਨੂੰ ਜੱਗ ਜਾਹਰ ਕੀਤਾ ਹੈ। ਇਕ ਫਰਵਰੀ ਨੂੰ ਭਾਰਤ ਸਰਕਾਰ ਨੇ ਨਵਪ੍ਰੀਤ ਸਿੰਘ ਦੀ ਦਿੱਲੀ ਪੁਲਿਸ ਵੱਲੋਂ ਗੋਲੀ ਮਾਰ ਕੇ ਕੀਤੀ ਹੱਤਿਆ ਨੂੰ ਨਸ਼ਰ ਕਰ ਰਹੇ ਖ਼ਬਰ ਅਦਾਰਿਆਂ ਤੇ ਪੱਤਰਕਾਰਾਂ ਤੇ ਪਰਚੇ ਪਾਏ ਤੇ ਓਹਨਾ ਦੇ ਟਵਿੱਟਰ ਅਕਾਊਂਟ ਬੰਦ ਕਰਾਏ। 3 ਫਰਵਰੀ ਨੂੰ ਗਰੇਟਾ ਤੇ ਫਿਰ ਰਿਹਾਨਾ ਤੇ ਹੋਰ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਪਾਏ ਗਏ।  ਦਮਗਜੇ ਮਾਰਨ ਵਾਲੀ ਸਰਕਾਰ ਦੋ ਕੁੜੀਆਂ ਦੇ ਦੋ ਟਵੀਟ ਤੋਂ ਮਿੰਟੋ ਮਿੰਟੀ ਕੰਬ ਉਠੀ। ਕੱਚ ਦੇ ਮਹਿਲਾਂ ਰਹਿਣ ਵਾਲੇ ਨੂੰ ਕੁੜੀਆਂ ਦੇ ਚਾਰ ਅੱਖਰ ਪੱਥਰਾਂ ਵਾਂਗੂ ਵੱਜੇ। 

ਤਾਨਾਸ਼ਾਹ ਹਵਾ ਦੇ ਬੁੱਲਿਆਂ ਤੋਂ ਕੰਬਦਾ ਹੈ। ਮਤੇ ਚੰਗੀ ਭਲੀ ਚਲਦੀ ਹਵਾ ਹਨ੍ਹੇਰੀ ਨਾ ਬਣ ਉਠੇ। 2019 ਵਿੱਚ ਸਵੀਡਨ ਦੀ ਗਰੇਟਾ ਯੂ ਐਨ ਦੀ ਨਿਊ ਯੌਰਕ ਵਿਚ ਹੋਈ ਕਾਨਫਰੈਂਸ ਬੋਲੀ।ਤੁਹਾਡੀ ਹਿੰਮਤ ਕਿਵੇਂ ਹੋਈ? ਤੁਸੀਂ ਮੇਰੇ ਸੁਪਨੇ ਤੇ ਮੇਰਾ ਬਚਪਨ ਆਪਣੇ ਖੋਖਲੇ ਸ਼ਬਦਾਂ ਨਾਲ਼ ਖੋਹਿਆ ਹੈ।ਉਸ ਵਕਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਵਾਬ ਵਿੱਚ ਟਵੀਟ ਕੀਤਾ, “ਨਿੱਕੀ ਅਤੇ ਪਿਆਰੀ ਕੁੜੀ ਇੱਕ ਬਹੁਤ ਖੁਸ਼ਹਾਲ ਭਵਿੱਖ ਦੀ ਆਸ ਰੱਖਦੀ ਹੈ।ਇਹ ਲਾ ਕੇ ਦਿੱਤਾ ਗਿਆ ਜਵਾਬ ਸੀ। ਨਰੇਂਦਰ ਮੋਦੀ ਵਾਂਗੂ ਉਹ ਬਹਾਨੇ ਘੜ ਕੇ ਪਰਚੇ ਨ੍ਹੀਂ ਸੀ ਪਵਾ ਸਕਦਾ। ਉਹ ਗਰੇਟਾ ਨੂੰ ਸ਼ਰਮਸਾਰ ਕਰਨਾ ਚਾਹੁੰਦਾ ਸੀ। ਓਹਨੂੰ ਚੁੱਪ ਕਰਾਉਣਾ ਚਾਹੁੰਦਾ ਸੀ। ਪਰ ਉਹ ਡਟੀ ਰਹੀ। ਤਾਨਾਸ਼ਾਹ ਅੱਜ ਕੋਈ ਹੋਰ ਹੈ ਤੇ ਉਹ ਅੱਜ ਵੀ ਡਟੀ ਹੋਈ ਹੈ। 

ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ

ਪੁਲਿਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਟੇਜ ਸੰਯੁਕਤ ਮੋਰਚੇ ਵਾਲੇ ਪਾਸਿਓਂ ਅਤੇ ਦਿੱਲੀ ਵਾਲੇ ਪਾਸਿਓਂ ਬੈਰੀਕੇਡ ਲਾ ਕੇ ਘੇਰਿਆ ਹੋਇਆ ਹੈ। 27 ਜਨਵਰੀ ਨੂੰ ਹੈਲੀਕਾਪਟਰ ਰਾਹੀਂ ਦੋ ਬੰਬ ਵੀ ਸਟੇਜ ਤੇ ਸੁੱਟੇ ਗਏ। ਪੁਲਿਸ ਦੀ ਸ਼ਹਿ ਤੇ ਗੁੰਡਿਆਂ ਨੇ ਬੀਬੀਆਂ ਦੇ ਟੈਂਟ ਤੇ ਹਮਲਾ ਕੀਤਾ। ਕਈ ਜਾਣੇ ਪੁਲਿਸ ਫੜ ਕੇ ਲੈ ਗਈ।  ਪਾਣੀ ਬੰਦ ਕਰ ਦਿੱਤਾ ਗਿਆ ਹੈ, ਰਾਸ਼ਨ ਪਾਣੀ ਰਿਹੜੀਆਂ ਰਾਹੀਂ ਛੋਟੀਆਂ ਗਲੀਆਂ ਵਿਚ ਦੀ ਲਿਆਂਦਾ ਜਾਂਦਾ ਹੈ।  ਸਾਰੀਆਂ ਟੋਇਲੈਟ ਪੁਲਿਸ ਨੇ ਚੁੱਕ ਕੇ ਬੈਰੀਕੇਡਾਂ ਦੇ ਦੂਜੇ ਪਾਸੇ ਕਰ ਲਈਆਂ ਹਨ। ਟੋਇਲੈਟ ਜਾਣ ਲਈ ਇਕੋ ਇਕ ਥਾਂ ਪੈਟਰੋਲ ਪੰਪ ਹੈ।ਭਾਵੇਂ ਸਾਡੀ ਘੇਰਾਬੰਦੀ ਕਰ ਦਿੱਤੀ ਗਈ ਹੈ, ਪਰ ਅਸੀਂ ਨਿਰਭੈ ਹਾਂ ਅਤੇ ਡਟੇ ਰਹਾਂ ਗੇ। ਮੁਕਾਬਲਾ ਕਰਾਂਗੇ, ਮਰਨਾ ਵੀ ਪੈ ਗਿਆ, ਜੂਝ ਕੇ ਮਰਾਂਗੇ।”  ਦੁਗਲਵਾਲਾ, ਅਮ੍ਰਿਤਸਰ ਦੀ ਚਰਨ ਕੌਰ (80 ਸਾਲ) ਨੇ ਕਿਹਾ।

en_GBEnglish