ਕਿਸਾਨ ਕਾਫ਼ਿਲਾ- ਜਾਗਰੂਕਤਾ ਦਾ ਸਫ਼ਰ

ਕਿਸਾਨ ਕਾਫ਼ਿਲਾ- ਜਾਗਰੂਕਤਾ ਦਾ ਸਫ਼ਰ

ਮਨਜਿੰਦਰ ਸਿੰਘ, ਸੁਖਜਿੰਦਰ ਸਿੰਘ

ਕਿਸਾਨ ਕਾਫ਼ਿਲਾ ਸਫ਼ਰ ਦੀ ਸ਼ੁਰੂਆਤ ਦਿੱਲੀ ਵਿਚ ਸਿੰਘੂ ਬਾਰਡਰ ਤੇ ਵਿਚਰਦਿਆਂ ਇਹ ਖ਼ਿਆਲ ਆਇਆ ਕੇ ਪੰਜਾਬ ਹਰਿਆਣਾ ਅਤੇ ਇਕ ਦੋ ਹੋਰ  ਸੂਬਿਆਂ ਤੋਂ ਇਲਾਵਾ ਦਿੱਲੀ, ਤੋਂ ਦੂਰ ਦੇ ਸੂਬਿਆਂ ਦੀ ਸ਼ਮੂਲੀਅਤ ਨਾ ਕਰਨ ਦੇ ਕੀ ਕਾਰਨ ਹੋ ਸਕਦੇ ਹਨ ? ਪਹਿਲਾ ਖ਼ਿਆਲ ਇਹ ਵੀ ਸੀ ਕਿ ਹੋ ਸਕਦੈ, ਟੀਵੀ ਚੈਨਲਾਂ ਦੁਆਰਾ ਫੈਲਾਏ ਜਾ ਰਹੇ ਭਰਮ ਕਾਰਨ ਵੀ, ਲੋਕ ਸ਼ਮੂਲੀਅਤ ਨਾ ਕਰ ਰਹੇ ਹੋਣ ਜਾਂ ਹੋ ਸਕਦੈ ਉਹ ਇਹਨਾਂ ਬਿਲਾਂ ਦੇ ਭਵਿੱਖੀ ਨਤੀਜਿਆਂ ਤੋਂ ਅਣਜਾਣ ਹੋਣ ਸੋ ਇਹਨਾਂ ਕਾਰਨਾਂ ਨੂੰ ਸਮਝਣ ਲਈ ਇਹ ਸਫ਼ਰ ਦੀ ਸ਼ੁਰੂਆਤ ਹੋਈ। 

ਦਿੱਲੀ ਬਾਰਡਰ ਤੋਂ ਸਾਡੇ ਸਫ਼ਰ ਦੀ ਸ਼ੁਰੂਆਤ ਹੋਣ ਤੋਂ ਬਾਅਦ ਸਾਡਾ ਪਹਿਲਾ ਮੁਕਾਮ ਯੂ. ਪੀ. ਸੀ। ਯੂਪੀ ਦੇ ਲੋਕ ਪਹਿਲਾਂ ਹੀ ਗਾਜ਼ੀਪੁਰ ਬਾਰਡਰ ਤੇ ਪਹੁੰਚੇ ਹੋਏ ਸੀ।ਬਾਕੀ ਉੱਥੋਂ ਦੇ ਲੋਕਾਂ ਨਾਲ ਮੁਕਾਲਮਾ ਕਰਨ ਤੇ ਪਤਾ ਲੱਗਾ ਕਿ ਜ਼ਿਆਦਾਤਰ ਲੋਕ ਇਸ ਲਹਿਰ ਵਿੱਚ ਸ਼ਮੂਲੀਅਤ ਕਰਨ ਲਈ ਇਸ ਲਈ ਵੀ ਨਹੀਂ ਗਏ ਕਿ ਇਲਾਕੇ ਦੇ ਪਟਵਾਰੀ ਅਤੇ ਪ੍ਰਸ਼ਾਸ਼ਨ ਦੇ ਹੋਰ ਨੁਮਾਇੰਦੇ ਉਹਨਾਂ ਦੇ ਘਰਾਂ   ਮੁਸਲਸਲ ਗੇੜੇ ਮਾਰ ਰਹੇ ਸਨ ਕਿ ਤੁਸੀਂ ਲੋਕਾਂ ਨੇ ਅੰਦੋਲਨ ਵਿੱਚ ਸ਼ਾਮਲ ਨਹੀਂ ਹੋਣਾ ਜਾਂ ਉਨ੍ਹਾਂ ਨੂੰ ਲੁਕਵੇਂ ਰੂਪ ਵਿੱਚ ਧਮਕਾਇਆ ਜਾ ਰਿਹਾ ਹੈ। ਪਰ ਲੋਕਰਾਏ ਅੰਦੋਲਨ ਪ੍ਰਤੀ ਹਾਂਪੱਖੀ ਸੀ।ਉਹ ਵੀ ਲੁਕਵੇਂ ਰੂਪ ਵਿਚ ਅੰਦੋਲਨਕਾਰੀਆਂ ਦੀ ਮਦਦ ਕਰ ਰਹੇ ਹਨ ਜਿਵੇਂ ਰਸਦ ਭੇਜ ਕੇ ਜਾਂ ਟਰੈਕਟਰਾਂ ਦੇ ਤੇਲ ਲਈ ਮਾਲੀ ਮਦਦ ਭੇਜ ਰਹੇ ਹਨ

ਯੂਪੀ ਤੋਂ ਬਾਅਦ ਬਿਹਾਰ ਵਿੱਚ ਦਖ਼ਲ ਹੋਣ ਤੇ ਉਥੋਂ ਦੇ ਕਿਸਾਨਾਂ ਦੀ ਰਾਏ ਤਲਬ ਕਰਨ ਤੋਂ ਬਾਅਦ ਇਹ ਪ੍ਰਤੀਕਰਮ ਉਪਜਿਆ ਕਿ ਕਿਸਾਨ ਬਹੁਤ ਜ਼ਿਆਦਾ ਗਰੀਬ ਹੋਣ ਕਰਕੇ ਘਰ ਬਾਰਾਂ ਨੂੰ ਛੱਡ ਕੇ ਅੰਦੋਲਨ ਵਿਚ ਹਿੱਸਾ ਲੈਣ ਤੋਂ ਬੇਜ਼ਾਰ ਹਨ ਅਤੇ ਬਹੁਤ ਸਾਰੇ ਲੋਕ ਬਿਲਾਂ ਤੋਂ ਉੱਕਾ ਹੀ ਨਾਵਾਕਿਫ਼ ਅਤੇ ਮੁਕੰਮਲ ਤੌਰ ਤੇ ਬਿਲਾਂ ਦੇ ਫਾਇਦੇਨੁਕਸਾਨ ਤੋਂ  ਵੀ ਨਾਸ਼ਨਾਸੀ ਰੱਖਦੇ ਸਨ। ਉਹਨਾਂ ਨਾਲ ਖ਼ਬਰਾਂ ਪੜ੍ਹਨ ਸੁਣਨ ਜਾਂ ਵੇਖਣ ਮੁਤੱਲਕ ਗੱਲਬਾਤ ਕਰਦੇ ਸਮੇਂ ਇਹ ਗੱਲ ਜ਼ਾਹਿਰ ਹੋਈ ਕਿ ਉਹ ਅੰਦੋਲਨਕਾਰੀਆਂ ਨੂੰ ਖ਼ਾਲਿਸਤਾਨੀ ਖ਼ਿਆਲਾਤ ਵਾਲੇ ਲੋਕ ਸਮਝਦੇ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਟੀਵੀ ਉੱਤੇ ਚੱਲਣ ਵਾਲੇ ਮੁਫ਼ਤ ਚੈਨਲਾਂ ਦੀ ਫ਼ੇਹਰਿਸਤ ਵਿਚ ਸਿਰਫ਼ ਸਰਕਾਰੀ ਪੁੱਠ ਵਾਲ਼ੇ ਚੈਨਲ ਹੀ ਆਉਂਦੇ ਹਨ ਜਿਸ ਕਰਕੇ ਉਹ ਅੰਦੋਲਨਕਾਰੀਆਂ ਨੂੰ ਖ਼ਾਲਿਸਤਾਨੀ ਸਮਝ ਕੇ ਅੰਦੋਲਨ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੇ ਸਨ।

ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਅਤੇ ਉੱਤਰਪੂਰਬ ਭਾਰਤ ਦੇ ਲੋਕ ਵੀ ਇਨ੍ਹਾਂ ਬਿਲਾਂ ਜਾਂ ਕਿਸਾਨਾਂ ਦੀ ਮੁਖ਼ਾਲਫਤ ਦੇ ਕਾਰਨਾਂ ਤੋਂ ਪੂਰੀ ਤਰ੍ਹਾਂ ਵਾਕਿਫ਼ ਨਹੀਂ ਸਨ। ਜ਼ਿਆਦਾਤਾਰ ਉੱਤਰਪੂਰਬ ਭਾਰਤ ਦੇ ਲੋਕਾਂ ਨੂੰ ਹਿੰਦੀ ਸਮਝ ਨਹੀਂ ਆਉਂਦੀ ਅਤੇ ਉਨ੍ਹਾਂ ਦੀ ਰਾਏ ਵੀ ਟੀ ਵੀ ਚੈਨਲਾਂ ਦੇ ਦੱਸਣ ਮੁਤਾਬਕ ਹੀ ਬਣੀ ਹੋਈ ਸੀ।ਉਨ੍ਹਾਂ ਨੂੰ ਐਮ ਐਸ ਪੀ ਅਤੇ ਪੀ ਐਮ ਸੀ ਮੰਡੀਆਂ ਬਾਰੇ ਵੀ ਕੋਈ ਜਾਣਕਾਰੀ ਨਹੀਂ। ਉਹ ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਉਹ ਆਪਣੀ ਚਾਵਲ ਦੀ ਫ਼ਸਲ 700 ਰੁਪਏ ਤੋਂ ਲੈ ਕੇ 1100 ਸੌ ਰੁਪਏ ਪ੍ਰਤੀ ਕੁਇੰਟਲ ਤੱਕ ਵੇਚਦੇ ਹਨ ਜਦੋਂ ਅਸੀਂ ਇਸ ਦੇ ਮੁਕਾਬਲੇ ਪੰਜਾਬ ਵਿੱਚ ਫ਼ਸਲਾਂ ਦੀਆਂ ਕੀਮਤਾਂ ਬਾਰੇ ਦੱਸਿਆ ਤਾਂ ਉਹ ਹੈਰਾਨ ਸਨ। ਉੱਤਰਪੂਰਬ ਭਾਰਤ ਦੇ ਜ਼ਿਆਦਾਤਰ ਲੋਕ ਇੱਕ ਹੀ ਫ਼ਸਲ ਬੀਜਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਦੂਸਰੀ ਫ਼ਸਲ ਬੀਜਦੇ ਹਨ ਤਾਂ ਖ਼ਰਚਾ ਹੀ ਪੱਲੇ ਪੈਂਦਾ ਹੈ ਤੇ ਚਾਵਲ ਸਿਰਫ਼ ਖਾਣ ਲਈ ਬੀਜਦੇ ਹਨ ਅਤੇ ਬਾਕੀ ਬਚਦਾ ਹਿੱਸਾ ਵੇਚ ਕੇ ਘਰ ਦੇ ਗੁਜ਼ਾਰੇ ਦਾ ਸਮਾਨ ਜਾਂਦਾ ਹੈ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਜਦੋਂ ਉਹਨਾਂ ਨੂੰ ਦਿੱਲੀ ਵਿੱਚ ਹੋ ਰਹੇ ਕਿਸਾਨੀਬਿਲਾਂ ਦੇ ਵਿਰੋਧ ਦੇ ਅਸਲ ਨੁਕਤਿਆਂ ਤੋਂ ਜਾਣੂ ਕਰਵਾਇਆ ਤਾਂ ਉਨ੍ਹਾਂ ਦਾ ਰਵੱਈਆ ਵਿਰੋਧ ਕਰ ਰਹੇ ਕਿਸਾਨਾਂ ਪ੍ਰਤੀ ਹਾਂਪੱਖੀ ਸੀ। ਉਹਨਾਂ ਨੇ ਹਰ ਇੱਕ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਲਈ ਆਵਾਜ਼ ਉਠਾਉਣ ਦੇ  ਨਾਲ ਨਾਲ ਸਾਡੇ ਜ਼ਰੀਏ ਮਾਲੀ ਮਦਦ ਵੀ ਕਰਨੀ ਚਾਹੀ।ਬਾਕੀ ਓਥੋਂ ਦੇ ਕੁਝ ਸੱਤਾਧਾਰੀ ਪਾਰਟੀ ਨਾਲ ਜੁੜੇਲੋਕ ਵੀ ਮਿਲੇ ਜੋ ਅੰਦਰੂਨੀ ਤੌਰ ਤੇ ਕਿਸਾਨ ਬਿਲਾਂ ਦੀ ਮੁਖ਼ਾਲਫ਼ਤ ਕਰਦੇ ਹਨ ਅਤੇ ਦਿੱਲੀ ਵਿੱਚ ਜੂਝ ਰਹੇ ਕਿਸਾਨਾਂ ਦੀ ਹਰ ਤਰਾਂ ਦੀ ਮਦਦ ਕਰਨ ਦੇ ਹਾਮੀ ਹਨ ਪਰ ਪਾਰਟੀ ਦੇ ਨੁਮਾਇੰਦੇ ਜਾਂ ਕਾਰਕੁਨ ਹੋਣ ਕਰਕੇ  ਬੇਜ਼ਾਰੀ ਦਾ ਇਜ਼ਹਾਰ ਕਰ ਰਹੇ ਹਨ।

en_GBEnglish