ਹਰੇ ਰੰਗ ਦੀ ਟਕਸਾਲੀ ਦਿੱਖ ਉਹਦੇ ਚੇਤਿਆਂ ‘ਚ ਚੌਂਕੜੀ ਮਾਰੀ ਬੈਠੀ ਰਹਿੰਦੀ ਹੈ। ਮਿੱਟੀ ਦੀਆਂ ਡਲੀਆਂ ਉਹਨੂੰ ਅੰਗਾਂ-ਪੈਰਾਂ ਜਿੰਨੀਆਂ ਪਿਆਰੀਆਂ ਤੇ ਧਰਤੀ ਦੀ ਛੋਹ ਉਹਦੇ ਖਿੱਲਰੇ ਮਨ ਦੇ ਟੋਟੇ ‘ਕੱਠੇ ਕਰਦੀ ਹੈ। ਉਹਦੀ ਪੈਦਾਵਾਰ ਉਹਦੇ ਰਗਾਂ ਰੇਸ਼ਿਆਂ ‘ਚ ਨੱਚਦੀ ਰੰਗਲੀ ਧੁੱਪ ਦਾ ਸਾਰ ਹੈ। ਉਹ ‘ਕੱਲਾ ਖੇਤਾਂ ‘ਚ ਜੂਝਦਾ ਫਸਲਾਂ ਉਗਾਉਣ ਵਾਲਾ ਆਮ ਜਿਹਾ ਬੰਦਾ ਹੀ ਨਹੀਂ। ਉਹ ਸਾਡੇ ਜੀਵਨ ਦੇ ਹਰ ਪੱਖ ‘ਚ ਹਾਜ਼ਰ ਹੈ।
ਉਹ ਤੜਕੇ ਸੂਰਜ ਨੂੰ ਜਗਾਉਂਦਾ ਤੇ ਧੁੱਪਾਂ ‘ਚ ਜ਼ੋਰ ਮਾਰਦਾ ਹੈ। ਹਵਾ ਬਣ ਕੇ ਉਹਨਾਂ ਲੋਟੂਆਂ ਦੇ ਘਰਾਂ ‘ਚ ਵੀ ਸਾਹ ਵੰਡਦੈ ਜਿਹੜੇ ਉਹਦੇ ਖ਼ੂਨ ਵਿੱਚ ਆਪਣੀਆਂ ਦਾਲਾਂ ਰਿੰਨ੍ਹਦੇ ਨੇ। ਕਈ ਕਵਿਤਾਵਾਂ ਬਿਨ ਕਾਗਜ਼ਾਂ-ਕਲਮਾਂ ਤੋਂ ਲਿਖੀਆਂ ਜਾਂਦੀਆਂ ਜਿਉਂ ਉਹਦੀ ਪਿੱਠ ਉੱਤੇ ਚਿਉਂਦਾ ਮੁੜ੍ਹਕਾ ਵਿਸ਼ਵ ਦੀਆਂ ਮਹਾਨ ਕਵਿਤਾਵਾਂ ‘ਚੋਂ ਇੱਕ ਹੈ।
ਉਹ ਫਸਲਾਂ ਬੂਟਿਆਂ ਦੀ ਖੇਤੀ ਹੀ ਨਹੀਂ ਕਰਦਾ। ਕਿਰਸਾਨ ਵਿਚਾਰਾਂ ਦੀ ਖੇਤੀ ਵੀ ਕਰਦਾ। ਗੱਲਾਂ ‘ਚ ਸਹਿਜ ਤੇ ਸ਼ੱਕਰ ਭਰਦਾ। ਸਮਿਆਂ ਨੇ ਉਹਨੂੰ ਉਜੱਡ, ਗੰਵਾਰ, ਬੂਝੜ ਜਾਂ ਖਾੜਕੂ ਕਿਹਾ ਪਰ ਯਾਦ ਰੱਖਣਾ ਸਿੱਟਿਆਂ ਉੱਤੋਂ ਉੱਡੀ ਚਿੜੀਆ ਦੀ ‘ਡਾਰ ਨਾਲ ਆਪ ਵੀ ਉੱਡਦਾ। ਉਸ ਦਰਵੇਸ ਨੂੰ ਭਲਾਂ ਕਿਹੜੇ ਬੰਨ੍ਹ ਰੋਕ ਸਕਦੇ ਨੇ ਜੀਹਨੂੰ ਔਖ ਤੇ ਸੌਖ ਵਿੱਚ ਵੀ ਕੋਈ ਫਰਕ ਨਹੀਂ ਲਗਦਾ ਤੇ ਜੀਹਨੂੰ ਮਿੱਟੀ ਦਿਆਂ ਕਣਾਂ ‘ਚੋਂ ਵੀ ਪਹਾੜ ਦਿਸਦੇ ਨੇ। ਰੱਬ ਰਾਖਾ।
ਧਰਤੀ, ਧਰਮ, ਧਿਆਨ ਦੀ ਵਿੱਥਿਆ
ਹਰ ਯੁੱਗ ਅੰਦਰ ਯਾਦ ਰਹੇਗੀ
ਮਿਟ ਜਾਵਣਗੇ ਮੇਟਣ ਵਾਲ਼ੇ
ਕਿਰਸਾਨੀ ਆਬਾਦ ਰਹੇਗੀ।
ਕਿਰਸਾਨੀ ਆਬਾਦ ਰਹੇਗੀ।