“ਭੈਣੇ ਜਦੋਂ ਮੈਂ ਆਇਆ ਸੀ ਮੋਰਚੇ ‘ਤੇ ਤਾਂ ਮੈਨੂੰ ਆਟਾ ਵੀ ਨੀ ਸੀ ਗੁੰਨਣਾ ਆਉਂਦਾ। ਹੁਣ ਦੇਖੋ ਰੋਟੀਆਂ ਕਿਵੇਂ ਫੁੱਲਦੀਆਂ ਨੇ…” ਮੈਨੂੰ ਗਰਮ ਗਰਮ ਰੋਟੀ ਫੜੋਂਦਿਆਂ ਉਸ 23-24 ਸਾਲ ਦੇ ਨੌਜਵਾਨ ਨੇ ਕਿਹਾ। “… ਬਸ ਅਜੇ ਗੋਲ ਨੀ ਬਣਨ ਲੱਗੀਆਂ।”
“ਪਰ ਬਾਈ ਆਹ ਮੋਦੀ ਕਦੋਂ ਮੰਨੂ?” ਕੋਲ ਹੀ ਬੈਠ ਕੇ ਪੇੜੇ ਕਰਦੇ ਇੱਕ ਹੋਰ ਮੁੰਡੇ ਨੇ ਪੁੱਛਿਆ।
ਤਵੇ ਤੋਂ ਰੋਟੀ ਚੁੱਕ, ਘੀ ਲਾਉਂਦੇ ਉਸ 45 ਕੁ ਸਾਲ ਦੇ ਬਾਈ ਨੇ ਅੱਗੋਂ ਫੱਟ ਦੇਣੇ ਆਖਿਆ, “ਜਿੱਦਣ ਇਹਦੀਆਂ ਰੋਟੀਆਂ ਗੋਲ ਬਣਨ ਲੱਗ ਗਈਆਂ।” ਤੇ ਇਹ ਸੁਣ ਸਾਰੇ ਹੱਸਣ ਲੱਗੇ।
“ਆਹੋ, ਬਾਈ ਦੀ ਗੱਲ ਜਵਾਂ ਸਹੀ ਐ!” ਮੈਂ ਬਾਈ ਦੀ ਕਹੀ ‘ਚ ਆਪਣੀ ਹਾਂ ਮਿਲਾਈ।
ਅੱਗੋਂ ਬਾਈ ਕਹਿੰਦਾ, “ਰਾਜੇ, ਪਹਿਲੋਂ ਰਾਤ ਬਰਾਤੇ ਘਰ ਜਾਈਦਾ ਤੇ ਘਰ ਦੀ ਨੂੰ ਸੁੱਤੀ ਪਈ ਨੂੰ ਠਾ ਕੇ ਕਹੀਦਾ ਸੀ ਬੀ ਪੰਜ ਜਣਿਆਂ ਦੀ ਰੋਟੀ ਲਾਹ ਦੇ। ਓਦੋਂ ਲਗਦਾ ਹੁੰਦਾ ਕਿ ਕਿੱਡੀ ਕੁ ਖਾਸ ਗੱਲ ਐ। ਪਰ ਹੁਣ ਪਤਾ ਲਗਦਾ ਕਿ ਪੰਜ ਜਣਿਆਂ ਦੀ ਰੋਟੀ ਲਾਉਣੀ ਕੀ ਹੁੰਦੀ ਐ।”
ਐਨੇ ਨੂੰ ਮੇਰੀ ਥਾਲੀ ਚ ਸਬਜ਼ੀ ਮੁੱਕ ਗਈ ਅਤੇ ਇੱਕ 60-65 ਸਾਲਾਂ ਦੇ ਬਾਬਾ ਜੀ ਨੇ ਆ ਕੇ ਮੇਰੀ ਥਾਲੀ ਚ ਸਬਜ਼ੀ ਪਰੋਸ ਦਿੱਤੀ।
ਤੇ ਕੋਲ ਬੈਠੇ ਦਿੱਲੀਓਂ ਆਏ ਮੇਰੇ ਇੱਕ ਦੋਸਤ ਨੇ ਬਾਈ ਨੂੰ ਪੁੱਛਿਆ, “ਆਪਕੀ ਫੋਟੋ ਖੀਚ ਲੂੰ?”
ਬਾਈ ਥੋੜਾ ਸੰਗ ਕੇ ਕਹਿੰਦਾ, “ਖੀਚ ਤਾਂ ਲੈ ਪਰ ਫੇਸਬੁੱਕ ਤੇ ਨਾ ਪਾਈਂ। ਜੇ ਥੋਡੀ ਭਾਬੀ ਨੇ ਦੇਖ ਲਈ ਤਾਂ ਪਿੰਡ ਮੁੜ ਕੇ ਮੇਰੇ ਲਈ ਔਖਾ ਹੋਜੂ।”
ਫੇਰ ਹਾਸਾ ਪੈ ਗਿਆ। ਅਤੇ ਇੰਜ ਹੀ ਛੋਟੀਆਂ ਛੋਟੀਆਂ ਗੱਲਾਂ ਤੇ ਢਹਾਕੇ ਮਾਰਦਿਆਂ ਓਹਨਾਂ 20-25 ਬੰਦਿਆਂ ਦੀਆਂ ਰੋਟੀਆਂ ਲਾਹ ਲਈਆਂ।
ਜਦੋਂ ਮੈਂ ਰੋਟੀ ਖਾ ਕੇ ਉੱਠੀ ਤਾਂ ਬਾਬਾ ਜੀ ਕੋਲ ਆਕੇ ਕਹਿੰਦੇ, “ਆ ਗਈ ਥੋਡੇ ਲਈ ਤਾਂ ਕ੍ਰਾਂਤੀ?”
“ਜੀ ਮਤਲਬ” ਮੈਂ ਸਵਾਲੀਆ ਨਜ਼ਰਾਂ ਨਾਲ ਓਹਨਾਂ ਵੱਲ ਵੇਖਿਆ।
“ਆਹੋ ਭਾਈ, ਅੱਗੇ ਕੁੜੀਆਂ-ਜਨਾਨੀਆਂ ਬੰਦਿਆ ਨੂੰ ਰੋਟੀ ਖਵਾਓਂਦੀਆਂ ਹੁੰਦੀਆਂ ਸੀ। ਆ ਦੇਖ ਲੋ ਅੱਜ ਉਲਟਾ ਅਸੀਂ ਖਵਾ ਰਹੇ ਆਂ। ਥੋਡੀ ਤਾਂ ਫੇਰ ਕ੍ਰਾਂਤੀ ਹੋ ਈ ਗਈ।” ਮੈਂ ਬਿਨਾ ਕੁਝ ਬੋਲੇ ‘56 ਇੰਚ’ ਜਿੰਨੀ ਮੁਸਕਾਨ ਸੁੱਟ, ਬਾਬਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਆਪਣੀ ਟਰਾਲੀ ਵੱਲ ਚੱਲ ਪਈ।