ਮੌਜੂਦਾ ਕਿਸਾਨ ਸੰਘਰਸ਼ ਦੇ ਚੱਲਦਿਆਂ ਮੋਦੀ ਸ਼ਾਹ ਐਂਡ ਕੰਪਨੀ ਨੇ ਜਿੱਥੇ “ਗਰੇਵਾਲੀਏ ਹਰਜੀਤ” ਅਤੇ “ਲਾਲਪੁਰੀਏ ਇਕਬਾਲ ਸਿੰਘ” ਪੱਗਾਂ ਵਾਲੇ ਆਗੂ ਗਾਹਲਾਂ ਖਾਣ ਲਈ ਅੱਗੇ ਕਰ ਰੱਖੇ ਹਨ ਉੱਥੇ ਉਸਨੇ ਪੰਜਾਬ ਵਿੱਚ ਵੀਹ ਬਾਈ ਦੀਆਂ ਚੋਣਾਂ ‘ਤੇ ਅੱਖ ਰੱਖ ਕੇ ਉਹ ਦਲਿਤ ਮੁੱਖ ਮੰਤਰੀ ਬਣਾਉਣ ਦਾ ਪੱਤਾ ਖੇਡਦੀ ਨਜ਼ਰ ਆਉਂਦੀ ਹੈ। ਉਸਦੇ ਇਸ ਘਰਾਟ ਰਾਗ ਦੇ ਪ੍ਰਭਾਵ ਥੱਲੇ ਕੁੱਝ “ਲਾਲਚੀ” ਕਿਸਮ ਦੇ ਲੋਕ ਆ ਵੀ ਰਹੇ ਹਨ ਜੋ ਸੱਤਾ ਦੇ ਸੁਪਨੇ ਲੈਕੇ ਮਲਾਈ ਛਕਣ ਦੀ ਕਾਹਲ ‘ਚ ਹਨ।
ਕੱਲ੍ਹ ਇਕ ਦਲਿਤ ਨੇਤਾ ਮਿਲਿਆ। ਬੜਾ ਉਤਸ਼ਾਹੀ ਸੀ- ਦਲਿਤ ਮੁੱਖ ਮੰਤਰੀ ਬਣੂ। ਪੰਜਾਬ ਦੇ ਹਿੰਦੂ ਤੇ ਦਲਿਤ ਰਲਕੇ ਪੰਜਾਬ ਦੀ ਸੱਤਾ ਸੰਭਾਲ ਲੈਣਗੇ। ਇਹ ਬੀ ਜੇ ਪੀ ਹੀ ਕਰ ਸਕਦੀ ਹੈ। ਉਹੀ ਦਲਿਤ ਮੁੱਖ ਮੰਤਰੀ ਬਣਾ ਸਕਦੀ ਹੈ।
ਮੈਂ ਉਸਨੂੰ ਆਖਿਆ ਤੁਸੀਂ ਦਲਿਤ ਮੁੱਖ ਮੰਤਰੀ ਦੀ ਉਡੀਕ ਕਿਉਂ ਕਰ ਰਹੇ ਹੋ। ਬੀ ਜੇ ਪੀ ਨੇ ਤਾਂ ਮਹਾਂ ਮਹਿਮ ਰਾਸ਼ਟਰਪਤੀ ਵੀ ਦਲਿਤ ਬਣਾਇਆ ਹੋਇਆ ਹੈ। ਉਸ ਰਾਹੀਂ ਹੀ ਦਲਿਤਾਂ ਦੇ ਸਾਰੇ ਦੁੱਖ ਦਰਦ ਦੂਰ ਕਰਾ ਲਵੋ। ਦਲਿਤਾਂ ਲਈ ਮੰਦਰਾਂ ਦੇ ਦਰਵਾਜ਼ੇ ਖੁਲਵਾ ਦਿਉ। ਯੂਨੀਵਰਸਿਟੀਆਂ ਕਾਲਜਾਂ ਵਿੱਚ ਪੜ੍ਹਾਈ ਮੁਫਤ ਕਰਾ ਦਿਓ। ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਕੇ ਗਰੀਬ ਗੁਰਬਿਆਂ ਦੀਆਂ ਜਾਨਾਂ ਬਚਾ ਲਵੋ। ਸਰਕਾਰੀ ਅਦਾਰੇ ਤਾਂ ਖਤਮ ਕਰ ਦਿੱਤੇ ਜਿਥੇ ਰਾਖਵੇਂਕਰਨ ਨਾਲ ਦਲਿਤਾਂ ਨੂੰ ਨੌਕਰੀ ਮਿਲਦੀ ਸੀ। ਰਾਸ਼ਟਰਪਤੀ ਜੀ ਰਾਹੀਂ ਸਾਰੇ ਪ੍ਰਾਈਵੇਟ ਅਦਾਰਿਆਂ ਵਿੱਚ ਰਾਖਵਾਂਕਰਨ ਲਾਗੂ ਕਰਵਾ ਦਿਓ। ਦਲਿਤ ਬਹੂ ਬੇਟੀਆਂ ਨਾਲ ਆਏ ਦਿਨ ਹੁੰਦੇ ਜਬਰ ਜਿਨਾਹ ਹੀ ਬੰਦ ਕਰਵਾ ਦਿਉ। ਵਪਾਰ ਵਿੱਚ ਦਲਿਤਾਂ ਦੀ ਹਿੱਸੇਦਾਰੀ ਪਵਾਓ। ਕਾਰਪੋਰੇਸ਼ਨਾਂ/ਬੋਰਡਾਂ ਦੀਆਂ ਚੇਅਰਮੈਨੀਆਂ/ਮੰਤਰੀ ਪਦ ਹਰ ਥਾਂ ਬਣਦੀ ਹਿੱਸੇਦਾਰੀ ਦੁਆਓ। ਗਟਰ ਸਾਫ ਕਰਨ ਵਾਲੇ ਸਫਾਈ ਕਾਮਿਆਂ/ਸੀਵਰਮੈਨਾਂ ਨੂੰ ਗਲੀਜ਼ ਕੰਮਾਂ ਤੋਂ ਛੁਟਕਾਰਾ ਦਵਾਓ। ਤਿੰਨ ਤਿੰਨ ਚਾਰ ਚਾਰ ਹਜ਼ਾਰ ਦੀ ਨਿਗੂਣੀ ਤਨਖਾਹ ‘ਤੇ ਕੰਮ ਕਰਦੇ ਸਫਾਈ ਕਾਮਿਆਂ ਨੂੰ ਠੇਕੇਦਾਰਾਂ ਦੇ ਚੁੰਗਲ ‘ਚੋਂ ਕਢਵਾ ਦਿਓ। ਇਹਨਾਂ ਕਰਮਚਾਰੀਆਂ ਨੂੰ ਸਿਪਾਹੀਆਂ ਦਾ ਦਰਜਾ ਦਿਵਾ ਦਿਉ ਤੇ ਸਾਰਿਆਂ ਨੂੰ ਪੱਕੇ ਕਰਵਾਓ।
ਮੈਂ ਉਸ ਮੋਦੀ ਭਗਤ ਦਲਿਤ ਨੂੰ ਕਿਹਾ ਕਿ ਮੁੱਖ ਮੰਤਰੀ ਬਣਾਉਣ ਨੂੰ ਦੇਰ ਲੱਗੂ ਉਸ ਤੋਂ ਪਹਿਲਾਂ ਦੇਸ਼ ਦੇ 29 ਸੂਬਿਆਂ ‘ਚੋਂ ਅੱਠਾਂ ਦੇ ਗਵਰਨਰ ਦਲਿਤ ਲਗਵਾ ਲਵੋ। ਦੇਸ਼ ਦੀ ਸਰਵੁਉਚ ਅਦਾਲਤ ‘ਚ ਦੋ ਚਾਰ ਮੀ ਲਾਰਡ “ਜਸਟਿਸ” ਹੀ ਰਖਵਾ ਲਵੋ ਤਾਂ ਜੋ ਫੈਸਲੇ ਦਲਿਤਾਂ ਦੇ ਹੱਕ ‘ਚ ਹੋ ਸਕਣ। ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਣੇ ਤਾਂ ਔਖਾ ਕੰਮ ਨਹੀ–ਮੋਦੀ ਸ਼ਾਹ ਨੂੰ ਕਹਿਕੇ 100 ਕੁ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਹੀ ਦਲਿਤ ਲਗਵਾ ਲਵੋ। ਯੂ ਪੀ ਐਸ ਸੀ ਅਤੇ ਭਰਤੀ ਬੋਰਡਾਂ ਦੇ ਮੁਖੀ ਹੀ ਲਗਵਾ ਲਵੋ, ਇਹਨਾਂ ਲਈ ਕਿਹੜਾ ਵੋਟਾਂ ਦੀ ਲੋੜ ਹੁੰਦੀ ਹੈ।
ਉਸ ਮਹਾਨ ਬੁਧੀਜੀਵੀ ਨੂੰ ਆਖਿਆ — ਬੀ ਜੇ ਪੀ ਦਾ ਕਈ ਸੂਬਿਆਂ ਵਿੱਚ ਰਾਜ ਹੈ, ਪਹਿਲਾਂ ਉਥੇ ਹੀ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣਾ ਦਿੰਦੇ। ਉਹਨਾਂ ਨੇ ਤਾਂ ਆਦਿਵਾਸੀਆਂ ਦੀ ਆਬਾਦੀ ਵਾਲੇ ਸੂਬੇ ਝਾਰਖੰਡ ਦਾ ਮੁੱਖ ਮੰਤਰੀ ਵੀ ‘ਰਘੁਵਰ ਪ੍ਰਸਾਦ’ ਨਾਂ ਦੇ ਉਚ ਜਾਤੀਏ ਨੂੰ ਬਣਾਇਆ ਸੀ। ਆਸਾਮ ਆਦਿਵਾਸੀ ਸੂਬਾ ਹੈ — ਉਥੇ ਵੀ ਸਰਬਾਨੰਦ ਸੋਨਵਾਲ ਮੁੱਖ ਮੰਤਰੀ ਹੈ। ਬੀ ਜੇ ਪੀ ਪੰਜਾਬ ਦੀਆਂ ਚੋਣਾਂ ਕਿਉਂ ਉਡੀਕਦੀ ਹੈ — ਆਪਣੀ ਸੱਤਾ ਵਾਲੇ ਸੂਬਿਆਂ ਵਿੱਚ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣਾ ਦਿੰਦੀ।
ਮੁੱਖ ਮੰਤਰੀ ਬਣਾਉਣ ਦੀ ਛੱਡੋ, ਉਹ ਸਾਧਵੀ ਪਰਾਚੀ ਵਰਗੀਆਂ ਨੂੰ ਸ਼ੂਦਰਾਂ ਪ੍ਰਤੀ ਜ਼ਹਿਰ ਉਗਲਣੋ ਹੀ ਰੋਕ ਲਵੇ। ਬੀ ਜੇ ਪੀ ਦਾ ਦਲਿਤ ਮੁੱਖ ਮੰਤਰੀ ਵਾਲਾ ਘਰਾਟ ਰਾਗ ਮਜ਼ਦੂਰਾਂ ਨੂੰ ਕਿਸਾਨਾਂ ਦੇ ਸੰਘਰਸ਼ ਤੋਂ ਦੂਰ ਰੱਖਣ ਦਾ ਹੱਥਕੰਡਾ ਹੈ ਹੋਰ ਕੁਝ ਨਹੀਂ। ਅਠਾਵਲੇ ਵਰਗੇ ਮੰਤਰੀ ਗਾਹਲਾਂ ਖਾਣ ਵਾਸਤੇ ਰੱਖੇ ਹੋਏ ਹਨ। ਉਸਦੇ ਇਸ ਯਤਨ ਦੇ ਬਾਵਜੂਦ ਹਜ਼ਾਰਾਂ ਮਜ਼ਦੂਰ ਦਿੱਲੀ ਦੀ ਹਿੱਕ ਉੱਤੇ ਚੜੇ ਬੈਠੇ ਹਨ ਤੇ ਮੇਵਾ ਸਿੰਘ ਖੋਟੇ, ਸੋਹਣ ਖਾਨ ਭਿੰਡਰ ਕਲਾਂ ਵਾਂਗ ਸ਼ਹੀਦੀਆਂ ਵੀ ਪਾ ਰਹੇ ਨੇ।