ਪੜਨ ਦੀ ਤਾਂਘ

ਪੜਨ ਦੀ ਤਾਂਘ

ਜਿਵੇਂ ਕਿ ਤੁਹਾਨੂੰ ਫ਼ੋਟੋ ਦੇਖ ਕੇ ਅੰਦਾਜ਼ਾ ਹੋ ਗਿਆ ਹੋਵੇਗਾ, ਬਾਪੂ ਜੀ ਇਕੱਲੇ ਬੈਠੇ ਇੱਕ ਕਾਗਜ਼ ਨੂੰ ਅੱਖਾਂ ਦੇ ਬਹੁਤ ਹੀ ਨੇੜੇ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ| ਮੈਂ ਧਰਨੇ ਵਿੱਚ ਸ਼ਾਮਿਲ ਬਜ਼ੁਰਗਾਂ ਦੀਆਂ ਫ਼ੋਟੋਆਂ ਖਿੱਚ ਰਹੀ ਸੀ ਤਾਂ ਮੇਰੇ ਦੋਸਤ ਇੰਦਰ ਨੇ ਮੈਨੂੰ ਇਸ਼ਾਰਾ ਕਰਕੇ ਇਹਨਾਂ ਦੀ ਫ਼ੋਟੋ ਕਰਨ ਨੂੰ ਕਿਹਾ| ਪਰ ਬਾਪੂ ਵੱਲ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਫ਼ੋਟੋ ਕਰਨ ਤੋਂ ਪਹਿਲਾਂ ਹੀ ਮੈਂ ਧਾਰ ਲਿਆ ਸੀ ਕਿ ਮੈਂ ਕੋਲ ਜਾ ਕੇ ਗੱਲਬਾਤ ਕਰਾਂਗੀ| ਸੋ ਫ਼ੋਟੋ ਕਰਨ ਤੋਂ ਬਾਅਦ ਮੈਂ ਕੋਲ ਜਾ ਕੇ ਪੁੱਛਿਆ ਕਿ ਬਾਪੂ ਜੀ ਐਨਕ ਘਰ ਰਹਿ ਗਈ? ਕਹਿੰਦੇ, “ਨਾ ਪੁੱਤ, ਮੈਨੂੰ ਚੱਜ ਨਾਲ ਪੜਨਾ ਨਹੀਂ ਆਉਂਦਾ, ਬੱਸ ਅੱਖਰ ਪਛਾਣ ਲੈਨਾਂ ਆਂ, ਜੋੜ ਜੋੜ ਕੇ ਕੋਈ ਕੋਈ ਅੱਖਰ ਉੱਠ ਖੜਦਾ!” ਮੈਂ ਪੁੱਛਿਆ ਕਿ ਬਾਪੂ ਜੀ, ਮੈਂ ਪੜ੍ਹ ਕੇ ਸੁਣਾਵਾਂ! ਕਹਿੰਦੇ ਕਿ ਫੇਰ ਤਾਂ ਪੁੱਤ ਮੇਰਿਆ ਕਮਾਲ ਹੋਜੂ!

ਸੰਯੁਕਤ ਕਿਸਾਨ ਕਮੇਟੀ ਵੱਲੋਂ ਛਾਪਿਆ 4-5 ਪੰਨਿਆਂ ਦਾ ਪਰਚਾ ਸੀ, ਮੈਂ ਪੜ੍ਹਦੀ ਰਹੀ ਤੇ ਯਕੀਨ ਮੰਨਿਓ ਬਾਪੂ ਜੀ ਉਸਦੀ ਵਿਆਖਿਆ ਕਰਦੇ ਰਹੇ| ਉਹਨਾਂ ਦੀ ਉਮਰ 85 ਵਰ੍ਹੇ ਹੈ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਝੋਰੜਾਂ ਦੇ ਵਸਨੀਕ ਹਨ| ਗੱਲ ਕਰਦਿਆਂ ਈ ਬਾਪੂ ਨੇ ਜੇਬ ਵਿੱਚੋਂ ਇੱਕ ਬਹੁਤ ਪੁਰਾਣੀ ਜਿਹੀ ਨਿੱਕੀ ਜਿਹੀ ਡਾਇਰੀ ਕੱਢੀ ਤੇ ਮੈਨੂੰ ਮੇਰਾ ਨਾਮ ਲਿਖ ਕੇ ਦੇਣ ਨੂੰ ਕਿਹਾ! ਮੈਂ ਕਿਹਾ ਨੰਬਰ ਲਿਖ ਦਵਾਂ? ਕਹਿੰਦੇ, “ਧੀਏ ਪਿੰਡ ਦਾ ਨਾਂ ਲਿਖ ਦੇ, ਮੈਂ ਤੇਰੇ ਪਿੰਡ ਵੱਲ ਜਦੋਂ ਵੀ ਆਇਆ, ਮੈਂ ਤੈਨੂੰ ਲੱਭ ਕੇ ਮਿਲਣ ਆਊਂਗਾ, ਤੂੰ ਮੈਨੂੰ ਅੱਜ ਬਹੁਤ ਕੁਝ ਸਿਖਾਇਆ|” ਪਰ ਦਰਅਸਲ ਮੈਂ ਸਿਰਫ਼ ਪੜ੍ਹ ਕੇ ਸੁਣਾਇਆ ਸੀ, ਸਿਖਾਇਆ ਤਾਂ ਬਾਪੂ ਜੀ ਨੇ ਮੈਨੂੰ ਸੀ|

ਓਨੇ ਵਿੱਚ ਈ ਮੈਂ ਦੇਖਿਆ ਕਿ ਬਾਪੂ ਕੋਲ ਕੰਬਲ ਨਹੀਂ ਦੀਂਹਦਾ ਤੇ ਉਸ ਸ਼ਾਮ ਮੀਂਹ ਤੋਂ ਬਾਅਦ ਠੰਡ ਬੜੀ ਵਧ ਗਈ ਸੀ| ਪੁੱਛਣ ‘ਤੇ ਪਤਾ ਲੱਗਿਆ ਕਿ ਉਹ ਘਰੋਂ ਲੈ ਕੇ ਨਾ ਆਏ ਤੇ ਏਧਰ ਨੇੜੇ ਕੋਈ ਵੰਡ ਵੀ ਨਹੀਂ ਸੀ ਰਿਹਾ| ਨੇੜੇ ਲੱਗੀ ਇੱਕ ਟਰਾਲੀ ਕੋਲ ਖੜੇ ਰੋਟੀ ਖਾਂਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਬਾਪੂ ਨੂੰ ਰਜਾਈ ਦਾ ਬੰਦੋਬਸਤ ਕਰ ਦੇਣ| ਉਹਨਾਂ ਵਾਅਦਾ ਕੀਤਾ ਕਿ ਉਹ ਕਰਨਗੇ| ਮੈਂ ਕਾਹਲੀ ਵਿੱਚ ਉਹਨਾਂ ਦਾ ਨੰਬਰ ਵੀ ਨਾ ਲਿਆ, ਪਰ ਖ਼ੁਦ ਨੂੰ ਕੰਬਲ ਵਿੱਚ ਬੈਠਿਆਂ ਝੋਰਾ ਬਾਪੂ ਦਾ ਈ ਖਾ ਰਿਹਾ ਸੀ|

ਘੰਟੇ ਕੁ ਬਾਅਦ ਉਹਨਾਂ ਮੁੰਡਿਆਂ ਵਿੱਚ ਇੱਕ ਵੀਰ ਦਾ ਇੰਸਟਾਗ੍ਰਾਮ ‘ਤੇ ਸੁਨੇਹਾ ਆ ਗਿਆ ਕਿ ਭੈਣੇ ਬਾਪੂ ਜੀ ਨੂੰ ਰਜ਼ਾਈ ਦੇ ਦਿੱਤੀ, ਅਸੀਂ ਟਰਾਲੀ ਵਿੱਚ ਸੌਣ ਦੀ ਬੇਨਤੀ ਵੀ ਕੀਤੀ ਕਿ ਇੱਥੇ ਨਿੱਘ ਹੈ, ਪਰ ਬਾਪੂ ਜੀ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਕਿ ਪੁੱਤਰ ਜੇ ਮੈਂ ਇਥੋਂ ਉੱਠ ਖੜਿਆ ਤਾਂ ਇਹ ਯੁੱਧ ਦੇ ਮੈਦਾਨ ਵਿੱਚੋਂ ਭੱਜਣ ਵਾਲੀ ਗੱਲ ਹੋਵੇਗੀ| ਸੋ ਬਾਪੂ ਜੀ ਜ਼ਮੀਨ ‘ਤੇ ਵਿਛੀ ਦਰੀ ‘ਤੇ ਈ ਸੁੱਤੇ|

ਮੇਰੇ ਪਿਆਰੇ ਵੀਰੋ ਤੇ ਭੈਣੋ ਇਹ 85 ਸਾਲ ਦੇ ਸਾਡੇ ਇੱਕ ਦਾਦੇ ਦੇ ਹੌਂਸਲੇ ਤੇ ਗਿਆਨ ਦੀ ਮਿਸਾਲ ਹੈ| ਸਾਡੇ ਹਜ਼ਾਰਾਂ ਦਾਦੇ-ਦਾਦੀਆਂ ਤੇ ਮਾਪੇ ਇਥੇ ਇਹੋ ਜਿਹੇ ਹੌਂਸਲੇ ਲਈ ਬੈਠੇ ਨੇ ਤਾਂ ਫੇਰ ਭਲਾ ਅਸੀਂ ਚੜਦੀ ਕਲਾ ‘ਚ ਕਿਉਂ ਨਾ ਰਹੀਏ|

en_GBEnglish