ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ!

ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ!

17 ਨਵੰਬਰ 2021 ਨੂੰ ਸਵੇਰੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਮੈਟਰੋ ਪਿਲਰ ਨੰਬਰ 783, ਟਿਕਰੀ ਮੋਰਚਾ ਉਤੇ ਸਥਿਤ ਪੰਜਾਬ ਕਿਸਾਨ ਯੂਨੀਅਨ ਦੇ ਕੈਂਪ ਆਫਿਸ ਵਿਚ ਸਾਥੀ ਹਰਚਰਨ ਸਿੰਘ ਖਾਲਸਾ ਪੁੱਤਰ ਜੰਗੀਰ ਸਿੰਘ (ਉਮਰ 65 ਸਾਲ) ਪਿੰਡ ਹਾਕਮ ਵਾਲਾ, ਥਾਣਾ ਬੋਹਾ, ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਸਦਾ ਲਈ ਵਿਛੋੜਾ ਦੇ ਗਏ। ਨਿਹੰਗ ਬਾਣੇ ਵਿਚ ਸਜੇ ਦਲਿਤ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ, ਕਿਸਾਨ ਮੋਰਚੇ ਦੇ ਆਰੰਭ ਤੋਂ ਹੀ ਟਿਕਰੀ ਬਾਰਡਰ ਮੋਰਚੇ ਉਤੇ ਡੱਟੇ ਹੋਏ ਸਨ । ਉਹ ਇਕ ਵਾਰ ਵੀ ਵਾਪਸ ਅਪਣੇ ਘਰ ਨਹੀਂ ਸੀ ਗਏ।

1 ਅਕਤੂਬਰ 2021 ਨੂੰ ਟਿਕਰੀ ਸਟੇਜ ਤੋਂ ਸਾਇਕਲ ਉਤੇ ਵਾਪਸ ਜਾਂਦੇ ਵਕਤ ਹਰਚਰਨ ਸਿੰਘ ਨੂੰ ਇਕ ਕੈਂਟਰ ਫੇਟ ਮਾਰ ਗਿਆ ਸੀ । ਸਿਵਲ ਹਸਪਤਾਲ ਬਹਾਦਰਗੜ੍ਹ ਵਿੱਚੋਂ ਮੁੱਢਲੀ ਸਹਾਇਤਾ ਬਾਦ ਉਨ੍ਹਾਂ ਨੂੰ ਪੀਜੀਆਈ ਰੋਹਤਕ ਨੂੰ ਰੈਫਰ ਕਰ ਦਿੱਤਾ ਗਿਆ। ਉਥੇ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਕੁਝ ਹੋਰ ਸੱਟਾਂ ਤੋਂ ਇਲਾਵਾ ਐਕਸੀਡੈਂਟ ਵਿਚ ਹਰਚਰਨ ਸਿੰਘ ਦੀ ਗਰਦਨ ਦਾ ਇਕ ਮਣਕਾ ਵੀ ਫ੍ਰੈਕਚਰ ਹੋ ਗਿਆ ਹੈ। ਇਸ ਲਈ ਉਨਾਂ ਨੂੰ ਇਲਾਜ ਲਈ ਉਥੇ ਦਾਖਲ ਕਰ ਲਿਆ ਗਿਆ। ਜਿਥੇ ਇਕ ਮਹੀਨੇ ਬਾਦ 30 ਅਕਤੂਬਰ ਨੂੰ ਮਾਹਿਰ ਡਾਕਟਰਾਂ ਵਲੋਂ ਉਨਾਂ ਦਾ ਅੱਠ ਘੰਟੇ ਲੰਬਾ ਇਕ ਮੇਜਰ ਅਪਰੇਸ਼ਨ ਸਫਲਤਾ ਨਾਲ ਕੀਤਾ ਗਿਆ। ਅਪਰੇਸ਼ਨ ਤੋਂ ਇਕ ਹਫਤੇ ਬਾਦ ਛੁੱਟੀ ਦੇਣ ਵਕਤ ਡਾਕਟਰਾਂ ਵਲੋਂ ਉਨਾਂ ਨੂੰ ਤਿੰਨ ਮਹੀਨੇ ਤੱਕ ਬਿਸਤਰੇ ਤੋਂ ਸਿਰ ਨਾ ਚੁੱਕਣ ਦੀ ਹਿਦਾਇਤ ਕੀਤੀ ਗਈ ਸੀ। ਰੰਗਰੇਟਾ ਗੁਰੂ ਕਾ ਬੇਟਾ ਹਰਚਰਨ ਸਿੰਘ ਅਪਣੇ ਇਰਾਦੇ ਦਾ ਐਨਾ ਪੱਕਾ ਸੀ ਕਿ ਮੈਂ ਜਦੋਂ ਵੀ ਪੀਜੀਆਈ ਰੋਹਤਕ ਵਿਚ ਉਸ ਨੂੰ ਮਿਲਣ ਲਈ ਗਿਆ, ਤਾਂ ਹਰ ਵਾਰ ਉਹ ਇਹ ਗੱਲ ਜਰੂਰ ਦੁਹਰਾਉਦੇ : ‘ਜਦੋਂ ਮੈਨੂੰ ਹਸਪਤਾਲੋਂ ਛੁੱਟੀ ਮਿਲੂ, ਤਾਂ ਮੈਂ ਪਿੰਡ ਨਹੀਂ ਜਾਣਾ, ਵਾਪਸ ਮੋਰਚੇ ਉਤੇ ਹੀ ਜਾਵਾਂਗਾ!’
ਉਨਾਂ ਦੇ ਇਸ ਦ੍ਰਿੜ ਇਰਾਦੇ ਦਾ ਸਤਿਕਾਰ ਕਰਦੇ ਹੋਏ 8 ਨਵੰਬਰ ਨੂੰ ਪੀਜੀਆਈ ਰੋਹਤਕ ਤੋਂ ਛੁੱਟੀ ਮਿਲਣ ‘ਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਦਾ ਰਿਹਾ ਉਨਾਂ ਦਾ ਬੇਟਾ ਮੱਖਣ ਸਿੰਘ ਹਰਚਰਨ ਸਿੰਘ ਖ਼ਾਲਸਾ ਨੂੰ ਟਿਕਰੀ ਬਾਰਡਰ ਉਤੇ ਸਾਡੇ ਕੈਂਪ ਵਿਚ ਲੈ ਆਇਆ। ਬਾਕੀ ਪਰਿਵਾਰ ਤੇ ਰਿਸ਼ਤੇਦਾਰ ਵੀ ਉਨ੍ਹਾਂ ਦਾ ਪਤਾ ਲੈਣ ਲਈ ਮੋਰਚੇ ਉਤੇ ਹੀ ਆਉਂਦੇ ਸਨ। 17 ਨਵੰਬਰ ਨੂੰ ਉਨ੍ਹਾਂ ਨੂੰ ਚੈੱਕਅਪ ਲਈ ਮੁੜ ਰੋਹਤਕ ਲੈ ਕੇ ਜਾਣਾ ਸੀ, ਇਸ ਲਈ ਸਵੇਰੇ ਅੱਠ ਵਜੇ ਦੇ ਕਰੀਬ ਉਨਾਂ ਦੇ ਬੇਟੇ ਵਲੋਂ ਆਮ ਵਾਂਗ ਉਨ੍ਹਾਂ ਨੂੰ ਕੋਸਾ ਪਾਣੀ ਅਤੇ ਚਾਹ ਆਦਿ ਪਿਆਈ ਗਈ। ਅਸੀਂ ਉਨਾਂ ਦੇ ਨੇੜੇ ਬੈਠੇ ਰੋਹਤਕ ਜਾਣ ਵਾਸਤੇ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਆਪਸ ਵਿਚ ਸਲਾਹ ਮਸ਼ਵਰਾ ਕਰਦੇ ਰਹੇ, ਜਦ ਦਸ ਕੁ ਵਜੇ ਜਾਣ ਲਈ ਤਿਆਰੀ ਹਿੱਤ ਹਰਚਰਨ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ, ਤਦ ਪਤਾ ਲੱਗਾ ਕਿ ਉਹ ਸਾਡੇ ਤੋਂ ਸਦਾ ਲਈ ਦੂਰ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਖ਼ਾਲਸਾ ਜੀ ਅਤੇ ਉਨਾਂ ਦਾ ਪਰਿਵਾਰ ਅਤੇ ਭਾਈ ਭਤੀਜੇ ਲੰਬੇ ਸਮੇਂ ਤੋਂ ਜੁਝਾਰੂ ਮਜ਼ਦੂਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਤੋਂ ਐਨ ਦੋ ਦਿਨ ਪਹਿਲਾਂ ਸ਼ਹੀਦ ਹੋਏ ਸਾਥੀ ਹਰਚਰਨ ਸਿੰਘ ਜੀ ਖਾਲਸਾ ਬਾਰੇ ਇਹ ਕਹਿਣਾ ਕਿ ਉਹ ਕਿਸਾਨ ਮਜ਼ਦੂਰ ਏਕਤਾ ਦੇ ਪ੍ਰਤੀਕ ਅਤੇ ਅੰਦੋਲਨ ਦੇ ਨੀਂਹਾਂ ਦੇ ਰੋੜੇ ਸਨ ਕੋਈ ਅੱਤਕਥਨੀ ਨਹੀਂ ਹੋਵੇਗੀ। ਟਰਾਲੀ ਟਾਈਮਜ਼ ਦੀ ਸਮੁੱਚੀ ਟੀਮ ਹਰਚਰਨ ਸਿੰਘ ਜੀ ਖਾਲਸਾ ਸਮੇਤ ਅੰਦੋਲਨ ਦੇ ਸੈਂਕੜੇ ਸ਼ਹੀਦਾਂ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਟ ਕਰਦੀ ਹੈ।

en_GBEnglish

Discover more from Trolley Times

Subscribe now to keep reading and get access to the full archive.

Continue reading