ਅਸੀਂ ਹੁਣ ਵੈਣ ਨਹੀਂ ਪਾਉਣੇ……

ਅਸੀਂ ਹੁਣ ਵੈਣ ਨਹੀਂ ਪਾਉਣੇ……

ਅਤੇ ਅੰਤ ਵਿੱਚ ਲੋਕ ਜਿੱਤ ਗਏ ! ਉਹ ਲੋਕ ਜੋ ਦਿੱਲੀ ਦੇ ਦਿਲ ਤੋਂ ਦੂਰ ਸੀ, ਉਹਨਾਂ ਦਿੱਲੀ ਦੇ ਦਿਲ ਨੂੰ ਏਨਾ ਮਜਬੂਰ ਕਰ ਦਿੱਤਾ ਕਿ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਮੁੱਢ ਤੋਂ ਹੀ ਰੱਦ ਕਰਨੇ ਪਏ। ਲੋਕਾਂ ਦੇ ਇਸ ਸੰਘਰਸ਼ ਵਿੱਚ ਸਮਾਜ ਦੇ ਹਰ ਹਿੱਸੇ ਦਾ ਪੂਰਾ ਸਹਿਯੋਗ ਰਿਹਾ। ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਬੁਜ਼ੁਰਗ ਬੀਬੀਆਂ ਅਤੇ ਬਾਪੂ ਹਰ ਮੌਸਮ ਦੀ ਮਾਰ ਝੱਲਦਿਆਂ ਹੋਇਆਂ ਡਟੇ ਰਹੇ। ਆਪਣੇ ਜਿੰਦਗੀ ਦੇ ਕਈ ਦਹਾਕਿਆਂ ਦੇ ਤਜਰਬੇ ਸੱਦਕਾ ਬੁਜ਼ੁਰਗਾਂ ਨੇ ਇਸ ਅੰਦੋਲਨ ਨੂੰ ਸਬਰ ਅਤੇ ਸ਼ਾਂਤਮਈ ਰੱਖਿਆ ਅਤੇ ਜਿੱਤ ਵੱਲ ਲੈਕੇ ਗਏ। ਇਹ ਸਾਡੇ ਬੁਜ਼ੁਰਗ ਹੀ ਸੀ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦਾ ਮਾਰਗਦਰਸ਼ਨ ਕੀਤਾ। ਇਸਦੀ ਝਲਕ ਪੰਜਾਬੀ ਗੀਤ – ਕਿਸਾਨ ਐਂਥਮ ਵਿੱਚ ਵੀ ਦਿਖਦੀ ਹੈ ਜਿੱਥੇ ਕਿਹਾ ਗਿਆ ਹੈ ਕਿ “ਹੁੰਦੇ ਹੀ ਇਸ਼ਾਰੇ ਡੰਡਾ ਡੂਕ ਦੇਣਗੇ ਨੀ ਅਜੇ ਪੁੱਤ-ਪੁੱਤ ਆਖਕੇ ਬਿਠਾਏ ਹੋਏ ਨੇ”।

ਦੇਸ਼ ਦੇ ਨੌਜਵਾਨਾਂ, ਖਾਸਕਰ ਪੰਜਾਬ ਦੇ ਨੌਜਵਾਨਾਂ ਬਾਰੇ ਬਹੁਤ ਗ਼ਲਤ ਨਜਰੀਆ ਰੱਖਿਆ ਜਾਂਦਾ ਸੀ। ਸਾਡੀਆਂ ਸਰਕਾਰਾਂ ਨੇ ਬੇਰੋਜਗਾਰੀ ਅਤੇ ਫਿਰਕਾਪ੍ਰਸਤੀ ਹੇਠ ਜਵਾਨੀ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ਦੇ ਇਸ ਅੰਦੋਲਨ ਵਿੱਚ ਜ਼ੋਰਾਂ ਸ਼ੋਰਾਂ ਨਾਲ ਹਿੱਸਾ ਪਾਇਆ। ਨੌਜਵਾਨਾਂ ਨੇ ਇਸ ਲਹਿਰ ਵਿੱਚ ਪੂਰੀ ਤਾਕਤ ਦਿਖਾਈ ਹੈ। ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਨੌਜਵਾਨਾਂ ਨੇ ਲੰਗਰ, ਡਾਕਟਰੀ ਸੇਵਾਵਾਂ, ਸੋਸ਼ਲ ਮੀਡੀਆ, ਸਾਫ ਸਫਾਈ, ਮੰਚ ਸੰਚਾਲਨ ਵਰਗੇ ਕੰਮਾਂ ‘ਚ ਮਿਹਨਤ ਅਤੇ ਸ਼ਿੱਦਤ ਨਾਲ ਕੰਮ ਕੀਤਾ। ਨੌਜਵਾਨਾਂ ਨੇ ਮੀਡੀਆ ਅਤੇ ਸਰਕਾਰ ਦੇ ਪ੍ਰਚਾਰ ਦੇ ਵਿਰੁੱਧ ਵੀ ਉੱਦਮ ਕੀਤਾ। ਇਸਦੇ ਲਈ ਟ੍ਰੈਕਟਰ2ਟਵਿੱਟਰ, ਟਰਾਲੀ ਟਾਈਮਜ਼, ਅੰਬੇਡਕਰ ਲਾਇਬ੍ਰੇਰੀ, ਕਰਤੀ-ਧਰਤੀ, ਕਿਸਾਨ ਏਕਤਾ ਮੋਰਚਾ, ਵੇਹੜਾ, ਨਾਨਕ ਹੱਟ, ਸਾਂਝੀ ਸੱਥ, ਮਾਂ ਧਰਤੀ ਕੇ ਵਾਰਿਸ ਜਿਹੇ ਉਪਰਾਲੇ ਕੀਤੇ ਅਤੇ ਅਮਨ ਬਾਲੀ, ਸਨਦੀਪ ਸਿੰਘ, ਅਸੀਸ ਕੌਰ, ਰਣਦੀਪ ਸੰਗਤਪੁਰਾ, ਗੁਰਸ਼ਮਸ਼ੀਰ ਸਿੰਘ, ਅਮਰ ਪੰਧੇਰ, ਗੁਰਪ੍ਰੀਤ ਕੋਟਲੀ ਵਰਗੇ ਸੁਤੰਤਰ ਪਤਰਕਾਰ ਵੀ ਉਭਰ ਕੇ ਸਾਹਮਣੇ ਆਏ।

ਇਹ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਨਹੀਂ ਪਹੁੰਚ ਸਕਦਾ ਸੀ ਜੇਕਰ ਅੰਬਾਲਾ ਦੇ ਨੌਜਵਾਨ ਸਰਕਾਰ ਦੀਆਂ ਗੋਡਣੀਆਂ ਲਵਾਕੇ ਸਾਰੇ ਬੈਰੀਕੇਡ ਨਾ ਤੋੜਦੇ। ਪਰ ਨੌਜਵਾਨਾਂ ਨੇ ਇਹ ਵੀ ਸਮਝਿਆ ਕਿ ਸਿਰਫ ਬੈਰੀਕੇਡ ਤੋੜਨਾ ਹੀ ਅੰਦੋਲਨ ਨਹੀਂ ਹੈ। ਜਿਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਹੀ, ਉਸ ਵੇਲੇ ਨਾ ਕੋਈ ਬੈਰੀਕੇਡ ਤੋੜੇ ਗਏ, ਨਾ ਕਿਤੇ ਕਬਜ਼ਾ ਕੀਤਾ ਗਿਆ; ਉਹ ਮੋਰਚੇ ਦੇ ਸਬਰ ਅਤੇ ਸ਼ਾਂਤਮਈ ਰੋਹ ਦਾ ਹੀ ਨਤੀਜਾ ਹੈ। ਇਸ ਅੰਦੋਲਨ ਨੇ ਇਹ ਸਾਬਿਤ ਕਰ ਦਿੱਤਾ ਕਿ ਇਹ ਜਰੂਰੀ ਨਹੀਂ ਕਿ ਸਰਕਾਰਾਂ ਕੋਲੋਂ ਮੰਗਾਂ ਮਨਵਾਉਣ ਲਈ ਇਕ ਹਿੰਸਕ ਕਾਰਵਾਈ ਹੀ ਜਰੂਰੀ ਹੈ।
ਪੰਜਾਬ ਅਤੇ ਦੇਸ਼ ਵਿੱਚ ਨੌਕਰੀਆਂ ਦਾ ਬਹੁਤ ਬੁਰਾ ਹਾਲ ਹੈ, ਜੋ ਨੌਜਵਾਨ ਵਰਗ ਦਾ ਇਸ ਕਿਸਾਨੀ ਅੰਦੋਲਨ ਵਿੱਚ ਜੁੜਣ ਦਾ ਵੀ ਬਹੁਤ ਵੱਡਾ ਕਾਰਨ ਸੀ। ਉਹਨਾਂ ਨੇ ਸਮੁੱਚੇ ਪੂੰਜੀਵਾਦੀ ਅਰਥਚਾਰੇ ਦੇ ਢਾਂਚੇ ਨੂੰ ਸਮਝ ਲਿਆ ਹੈ ਅਤੇ ਉਨ੍ਹਾਂ ਨੂੰ ਬਹੁਤ ਬੁਰਾ ਭਵਿੱਖ ਨਜ਼ਰ ਆ ਰਿਹਾ ਹੈ। ਖੇਤੀ ਬਹੁਤ ਗਹਿਰੇ ਸੰਕਟ ਵਿੱਚੋਂ ਗੁਜਰ ਰਹੀ ਹੈ ਅਤੇ ਖੇਤੀ ਤੋਂ ਬਾਹਰ ਵੀ ਕੋਈ ਲਾਹੇਮੰਦ ਰੋਜ਼ਗਾਰ ਦੇ ਸਾਧਨ ਨਜ਼ਰ ਨਹੀਂ ਆਉਂਦੇ। ਇਸ ਅੰਦੋਲਨ ਰਾਹੀਂ ਨੌਜਵਾਨਾਂ ਨੇ ਸੰਘਰਸ਼ ਦਾ ਨਵਾਂ ਰਾਸਤਾ ਅਤੇ ਤਰੀਕਾ ਸਿਖਿਆ ਹੈ ਕਿ ਅਸੀਂ ਕਿਵੇਂ ਸਿਆਸਤ ਨੂੰ ਮਜਬੂਰ ਕਰ ਸਕਦੇ ਹਾਂ ਸਾਡੀ ਖੇਤੀ ਅਤੇ ਰੁਜ਼ਗਾਰ ਦੀ ਸੁਰੱਖਿਆ ਦੇ ਲਈ। ਹਾਲ ਹੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨੌਜਵਾਨਾਂ ਨੇ ਯੂਨੀਵਰਸਿਟੀ ਦੇ ਫੋਰਥ ਗਰੇਡ ਕਰਮਚਾਰੀਆਂ ਦੇ ਸੰਘਰਸ਼ ਵਿੱਚ ਬਰਾਬਰ ਹਿੱਸਾ ਪਾਇਆ ਅਤੇ ਅਖੀਰ ਵਿੱਚ ਕਰਮਚਾਰੀਆਂ ਦੀ ਜਿੱਤ ਹੋਈ।

ਜਿਸ ਨੌਜਵਾਨ ਪੀੜੀ ਨੂੰ ਨਸ਼ਿਆਂ ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਨੌਜਵਾਨ ਪੂਰੇ ਹੋਸ਼ ਵਿੱਚ ਆਕੇ ਸੰਘਰਸ਼ ਕਰ ਰਹੇ ਹਨ। ਪਿਤਰਸਤਾ ਦੀਆਂ ਸੰਗਲਾਂ ਨੂੰ ਤੋੜਦੀਆਂ ਹੋਈਆਂ ਨੌਜਵਾਨ ਕੁੜੀਆਂ ਸਰਕਾਰ/ਪ੍ਰਸ਼ਾਸਨ ਨੂੰ ਝੁਕਣ ਨੂੰ ਮਜਬੂਰ ਕਰ ਰਹੀਆਂ ਹਨ। ਕਲਮ ਤੋਂ ਸੜਕ ਤੱਕ ਸੰਘਰਸ਼ ਕਰਦਿਆਂ ਇਹ ਕੁੜੀਆਂ ਰਾਜ ਦੇ ਲਈ ਬਹੁਤ ਵੱਡਾ ਖਤਰਾ ਹਨ ਅਤੇ ਔਰਤ ਦੀ ਆਜ਼ਾਦੀ ਲਈ ਇਕ ਰਾਸਤਾ ਬਣਾਉਂਦੀਆਂ ਹਨ। ਇਸੇ ਤਰੀਕੇ ਨਾਲ ਜਾਤਾਂ ਦੇ ਪਾੜੇ ਨੂੰ ਖ਼ਤਮ ਕਰਦੇ ਹੋਏ ਨੌਜਵਾਨ ‘ਮਜਦੂਰ-ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਹੇਠ ਇਕੱਠੇ ਹੋਕੇ ਸੰਘਰਸ਼ ਕਰ ਰਹੇ ਹਨ। ਹਾਲਾਂਕਿ ਯੂਨੀਵਰਸਿਟੀ ਕਾਲਜਾਂ ਦੀਆਂ ਫੀਸਾਂ ਦਿਨੋਂ ਦਿਨ ਵੱਧ ਰਹੀਆਂ ਨੇ ਪਰ ਕਿਵੇਂ ਵੀ ਉਪਰਾਲਾ ਕਰਕੇ ਨੌਜਵਾਨ ਪੜ੍ਹਾਈ ਕਰਕੇ ਲੜਾਈ ਲਈ ਤਿਆਰ ਹੋ ਰਹੇ ਹਨ। ਪੰਜਾਬ ਦੀ ਨੌਜਵਾਨੀ ਹੁਣ ਸੰਘਰਸ਼ ਰਾਹੀਂ ਆਪਣੇ ਆਤਮ-ਸਨਮਾਨ ਅਤੇ ਆਜ਼ਾਦੀ ਦੀ ਸੁਰੱਖਿਆ ਕਰ ਰਹੇ ਹਨ। ਜਿਵੇਂ ਕ੍ਰਾਂਤੀਕਾਰੀ ਕਵੀ ਪਾਸ਼ ਦਾ ਕਹਿਣਾ ਹੈ:

“ਅਸੀਂ ਤਾਂ ਖੋਹਣੀ ਹੈ
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਹੈ ਜ਼ੋਰ
ਖੂਨ-ਲਿਬੜੇ ਹੱਥਾਂ ਦਾ
ਉਨ੍ਹਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਂਣੇ…”
ਹੁਣ ਨੌਜਵਾਨ ਵੈਣ ਨਹੀਂ ਪਾਉਣਗੇ, ਹੁਣ ਸੰਘਰਸ਼ ਕਰਨਗੇ, ਉਹ ਲੜਨਗੇ, ਉਹ ਜਿੱਤਣਗੇ।

en_GBEnglish

Discover more from Trolley Times

Subscribe now to keep reading and get access to the full archive.

Continue reading