ਮੂੰਹ ਆਈ ਬਾਤ ਨਾ ਰਹਿੰਦੀ ਏ

ਮੂੰਹ ਆਈ ਬਾਤ ਨਾ ਰਹਿੰਦੀ ਏ

ਮੇਰਾ ਕਿਰਸਾਨੀ ਨਾਲ ਕੋਈ ਸਿਧਾ ਸੰਬੰਧ ਨਹੀਂ ਹੈ। ਮੈਂ ਨਾ ਜੱਟ ਹਾਂ, ਨਾ ਪੇਂਡੂ, ਨਾ ਜ਼ਮੀਨ ਦਾ ਮਾਲਿਕ, ਨਾ ਖੇਤ-ਮਜ਼ਦੂਰ ਅਤੇ ਨਾ ਹੀ ਮੇਰਾ ਆੜ੍ਹਤ ਆਦਿ ਦੇ ਧੰਦੇ ਨਾਲ ਕੋਈ ਨਾਤਾ ਹੈ। ਪਰ ਜਦੋਂ ਦਾ ਕਿਸਾਨਾਂ ਨੇ ਹੱਕੀ ਮੰਗਾਂ ਵਾਸਤੇ ਸੰਘਰਸ਼ ਸ਼ੁਰੂ ਕੀਤਾ ਅਤੇ ਜਿਸ ਬੇਸ਼ਰਮੀ, ਬੇਰਹਿਮੀ ਅਤੇ ਬਦਤਮੀਜ਼ੀ ਨਾਲ ਉਸਨੂੰ ਕੁਚਲਣ ਦੀਆਂ ਕੋਸਿ਼ਸ਼ਾਂ ਹੋਈਆਂ, ਮੈਂ ਇਸ ਮੁੱਦੇ ਨੂੰ ਜਿ਼ਆਦਾ ਇਕਾਗਰਤਾ ਨਾਲ ਵਿਚਾਰਨਾ ਆਰੰਭਿਆ। ਇਹ ਗੱਲ ਸਾਫ਼ ਹੈ ਕਿ ਅਸੀਂ ਕਿਸਾਨ ਦੀ ਕਿਰਤ ਅਤੇ ਜ਼ਮੀਨ ਦੀ ਉਪਜ ਦੇ ਸਿਰ ਤੇ ਜੀਵਨ ਬਤੀਤ ਕਰਦੇ ਹਾਂ। ਆਮ ਬੰਦੇ ਨੂੰ ਆਪਣੀ ਜਿ਼ੰਦਗੀ ਵਿਚ ਵਕੀਲ ਅਤੇ ਇੰਜੀਨੀਅਰ ਦੀ ਦੋ-ਤਿੰਨ ਵਾਰ, ਡਾਕਟਰ ਦੀ ਸਾਲ ਵਿਚ ਇਕ-ਅੱਧ ਵਾਰ, ਅਧਿਆਪਕ ਦੀ ਜੀਵਨ ਦੇ ਪਹਿਲੇ ਹਿੱਸੇ ਵਿਚ, ਇੰਸ਼ੋਰੈਂਸ ਦੀ ਦੂਜੇ ਹਿੱਸੇ ਵਿਚ ਅਤੇ ਦਰਜ਼ੀ, ਤਰਖਾਣ, ਲੁਹਾਰ, ਸੁਨਿਆਰੇ ਆਦਿ ਦੀ ਕਦੇ ਕਦੇ ਲੋੜ ਪੈਂਦੀ ਹੈ। ਸਿਰਫ਼ ਕਿਸਾਨ ਹੈ ਜਿਸਦੀ ਲੋੜ ਹਰੇਕ ਦਿਨ ਤਿੰਨੇ ਵਕਤ ਹੈ। ਰੋਟੀ ਅਤੇ ਕਪੜਾ ਦੋਹਾਂ ਵਾਸਤੇ ਅਸੀਂ ਉਸਦੇ ਸਿਰ ਜੀਉਂਦੇ ਹਾਂ। ਸਾਡੀ ਸਗਲੀ ਹੋਂਦ ਪਿੱਛੇ ਕਿਸਾਨ ਹੈ। ਪਰ ਸਿਤਮ ਇਹ ਹੈ ਕਿ ਅਸੀਂ ਤਰੱਕੀ ਕਰ ਰਹੇ ਹਾਂ, ਉਹ ਆਤਮਹੱਤਿਆ ਕਰ ਰਿਹਾ ਹੈ। ਇਕ ਹੋਰ ਨਜ਼ਰ ਤੋਂ ਵੀ ਮੈਂ ਕਿਸਾਨੀ ਨਾਲ ਜੁੜਿਆ ਹੋਇਆ ਹਾਂ। ਲਗਪਗ ਸਾਰੀ ਉਮਰ ਖੇਤਾਂ ਦੇ ਧੀਆਂ-ਪੁੱਤਰਾਂ ਨੂੰ ਕਾਲਜਾਂ ਵਿਚ ਪੜ੍ਹਾਇਆ ਹੈ। ਮੇਰੇ ਸਾਰੇ ਅਨੁਭਵ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸੇ ਲਈ ਪਹਿਲੇ ਦਿਨ ਤੋਂ ਮਹਿਸੂਸ ਹੁੰਦਾ ਰਿਹਾ ਕਿ ਇਹ ਲੜਾਈ ਮੇਰੀ ਵੀ ਹੈ। ਮੂੰਹ ਆਈ ਬਾਤ ਕਰ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ।

ਦਿਲ ਦੀ ਬੀਮਾਰੀ ਨੇ ਮੇਰੇ ਫੇਰੇ-ਤੋਰੇ ਉਤੇ ਰੋਕ ਲਾ ਦਿਤੀ ਸੀ। ਪਤਨੀ ਦੀ ਪਾਰਕਿਨਸਨ (ਝੋਲੇ) ਦੀ ਬੀਮਾਰੀ ਕਾਰਨ ਮੈਂ ਉਹਨਾਂ ਨੂੰ ਛੱਡ ਕੇ ਵੀ ਕਿਤੇ ਨਹੀਂ ਸੀ ਜਾ ਸਕਦਾ ਕਿਉਂਕਿ ਸਾਡੇ ਬੱਚੇ ਬਾਹਰ ਹਨ। ਮੈਂ ਆਪਣਾ ਬਣਦਾ ਹਿੱਸਾ ਪੰਜਾਬ ਨਾਲ ਜੁੜੀਆਂ ਦੋ ਵੱਡੀਆਂ ਸ਼ਖ਼ਸੀਅਤਾਂ (ਹੰਸ ਰਾਜ ਹੰਸ ਅਤੇ ਸਨੀ ਦਿਉਲ) ਨੂੰ ‘ਪੰਜਾਬੀ ਟ੍ਰਿਬਿਊਨ’ ਵਿਚ ਇਕ ਖੁਲ੍ਹਾ ਖ਼ਤ ਲਿਖ ਕੇ ਪਾਇਆ। ਇਹਨਾਂ ਦੋਹਾਂ ਨੂੰ ਪੰਜਾਬ ਨੇ ਪਿਆਰਿਆ ਅਤੇ ਸਤਿਕਾਰਿਆ ਹੈ। ਹੰਸ ਨੂੰ ਹੰਸ ਬਣਾਉਣ ਵਿਚ ਪੰਜਾਬ ਦੇ ਸ੍ਰੋਤਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਜਦੋਂ ਕਿ ਦਿਉਲ ਨੂੰ ਸੰਸਦ ਵਿਚ ਪੁਚਾਉਣ ਵਿਚ ਸਿਰਫ਼ ਪੰਜਾਬ ਦਾ ਹੀ ਹਿੱਸਾ ਹੈ। ਸਬਬ ਨਾਲ ਅੱਜ ਦੋਹੇਂ ਪਾਰਲੀਮੈਂਟ ਦੇ ਮੈਂਬਰ ਹਨ ਅਤੇ ਦੋਹਾਂ ਦਾ ਸੰਬੰਧ ਹਾਕਮ ਪਾਰਟੀ ਨਾਲ ਹੈ। ਮੈਨੂੰ ਜਾਪਦਾ ਸੀ ਕਿ ਜੇ ਇਹ ਸਾਡੀ ਸਹੀ ਪ੍ਰਤੀਨਿਧਤਾ ਕਰਦੇ ਤਾਂ ਸਰਕਾਰ ਨੂੰ ਇੱਥੋਂ ਦੇ ਸੰਕਟ ਦੀ ਸਾਰੀ ਹਾਲਤ ਸਮਝਾ ਸਕਦੇ ਹਨ। ਪਰ ਮੇਰੇ ਕਲਾਕਾਰ ਭਰਾ ਚੁਪ ਬੈਠੇ ਹੋਏ ਸਨ। ਮੈਂ ਇਹਨਾਂ ਨੂੰ ਸਰਗਰਮ ਕਰਨ ਵਾਸਤੇ ਵੰਗਾਰਨ ਦੀ ਇਕ ਸਭਿਅਕ ਕੋਸਿ਼ਸ਼ ਕੀਤੀ। ਹੰਸ ਨੇ ਖ਼ਤ ਪੜ੍ਹ ਕੇ ਮੇਰੇ ਨਾਲ ਲਗਪਗ ਸਵਾ ਘੰਟੇ ਦੀ ਫ਼ੋਨ ‘ਤੇ ਗੱਲਬਾਤ ਕੀਤੀ ਪਰ ਉਸ ਦੇ ਵਿਚਾਰ ਧੁੰਦਲੇ ਸਨ। ਹਾਂ, ਉਸਦੇ ਮਨ ਵਿਚ ਪੰਜਾਬ ਦੇ ਜੱਟਾਂ ਪ੍ਰਤੀ ਆਪਣੀ ਜਾਤੀ ਦੇ ਪ੍ਰਸੰਗ ਵਿਚ ਬਹੁਤ ਕੁੜੱਤਣ ਹੈ, ਤੇ ਮੈਂ ਉਸ ਨਾਲ ਹਮਦਰਦੀ ਰੱਖਦਾ ਹਾਂ। ਦਿਉਲ ਨੇ ਕੋਈ ਸਿੱਧਾ ਪ੍ਰਤੀਕਰਮ ਨਹੀਂ ਦਿੱਤਾ। ਮੈਨੂੰ ਲੱਗਾ ਕਿ ਇਹਨਾਂ ਦੋਹਾਂ ਵਿਚ ਅਗਵਾਈ ਦੇਣ ਵਾਲੀ ਊਰਜਾ ਨਹੀਂ ਹੈ। ਸਟੇਜ ਅਤੇ ਪਰਦੇ ਦੇ ਨਾਇਕ ਪਾਲਿਟਿਕਸ ਵਿਚ ਸਿਰਫ਼ ਐਕਸਟ੍ਰਾ ਹੀ ਹਨ। ਪਰ ਇਸ ਖ਼ਤ ਨੇ ਪੰਜਾਬ ਦੇ ਚੁਣੇ ਹੋਏ ਬਹੁਤ ਸਾਰੇ ਵਿਧਾਇਕਾਂ ਨੂੰ ਇਕ ਹਲੂਣਾ ਜ਼ਰੂਰ ਦਿੱਤਾ ਜਿਨ੍ਹਾਂ ਵਿਚ ਸੱਤਾਧਾਰੀ ਪਾਰਟੀ ਦੇ ਲੋਕ ਵੀ ਹਨ।

ਦਸਵੰਧ ਦਾ ਕੁਝ ਤਿਲ-ਫ਼ੁੱਲ ਹਿੱਸਾ ਦਿੱਲੀ ਬਾਰਡਰ ‘ਤੇ ਭੇਜਣ ਪਿੱਛੋਂ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਸੀ ਮਿਲ ਰਹੀ। ਜਾਪਦਾ ਸੀ ਜਿਵੇਂ ਮੈਂ ਕੁਝ ਵੀ ਨਹੀਂ ਕਰ ਰਿਹਾ। ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਕਿਸਾਨੀ ਜੱਦੋਜਹਿਦ ਨਾਲ ਨੇੜਿਉਂ ਜੁੜਿਆ ਮੇਰਾ ਲਾਡਲਾ ਸਾ਼ਗਿਰਦ ਹੈ। ਮੋਹਾਲੀ ਦੇ ਗੁਰਦਵਾਰਾ ਸਿੰਘ ਸ਼ਹੀਦਾਂ ਦੇ ਬਾਹਰ ਨਿਰੰਤਰ ਹੋ ਰਹੇ ਰੋਸ ਪ੍ਰਦਰਸ਼ਨਾਂ ਨਾਲ ਉਹ ਨੇੜਿਉਂ ਸੰਬੰਧ ਰੱਖਦਾ ਸੀ। ਇਕ ਦਿਨ ਮੈਨੂੰ ਉੱਥੇ ਲੈਕਚਰ ਦੇਣ ਲਈ ਲੈ ਗਿਆ। ਮੇਰਾ ਤਿੰਨ ਗੱਲਾਂ ਤੇ ਜ਼ੋਰ ਸੀ। ਪਹਿਲੀ: ਜਿੰਨੀ ਮਿਹਨਤ ਅਤੇ ਸਬਰ ਕਿਸਾਨ ਆਪਣੀ ਫ਼ਸਲ ਲਈ ਦਿਖਾਉਂਦਾ ਹੈ, ਇਸ ਘੋਲ ਵਿਚ ਵੀ ਪੂਰੀ ਦਿਆਨਤਦਾਰੀ ਨਾਲ ਦਿਖਾ ਰਿਹਾ ਹੈ; ਸਾਨੂੰ ਵੀ ਨਤੀਜੇ ਵਾਸਤੇ ਉਹੀ ਸਬਰ ਦਿਖਾਉਣਾ ਪਵੇਗਾ। ਦੂਜੀ: ਮੀਂਹ, ਸੋਕੇ, ਝੱਖੜ, ਹਨੇਰੀ ਦੇ ਬਾਵਜੂਦ ਉਹ ਆਪਣੀ ਲੜਾਈ ਲੜਦਾ ਹੈ ਅਤੇ ਚੰਗੀ ਫ਼ਸਲ ਵਾਸਤੇ ਆਸਵੰਦ ਰਹਿੰਦਾ ਹੈ; ਉਹ ਇਸ ਲੜਾਈ ਵਿਚ ਵੀ ਆਪਣੀ ਸਫਲਤਾ ਦੀ ਉਮੀਦ ਕਦੇ਼ ਨਹੀਂ ਛੱਡੇਗਾ। ਤੀਜੀ: ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਕਿਸਾਨ ਵੱਡੇ ਰੁੱਖ ਵਾਂਗ ਫ਼ੈਲ ਰਹੇ ਹਨ; ਅਸੀਂ ਪਿੱਛੇ ਬੈਠੇ ਆਮ ਲੋਕ ਉਸ ਰੁੱਖ ਦੀਆਂ ਜੜ੍ਹਾਂ ਹਾਂ। ਜੇ ਅਸੀਂ ਕਾਇਮ ਰਹਾਂਗੇ ਤਾਂ ਹੀ ਅੱਗੇ ਗਏ ਕਿਸਾਨਾਂ ਨੂੰ ਹੁਲਾਰੇ ਦੀ ਖੁਰਾਕ ਮਿਲੇਗੀ। ਇਸ ਲਈ ਜੜ੍ਹਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸੇ ਲਈ ਮੈਂ ਉੱਥੇ ਐਲਾਨ ਕੀਤਾ ਕਿ ਰੋਜ਼ਾਨਾ ਕੁਝ ਵਕਤ ਕਿਸਾਨ-ਮਜ਼ਦੂਰ ਏਕਤਾ ਦਾ ਝੰਡਾ ਲੈ ਕੇ ਮੋਹਾਲੀ ਦੀਆਂ ਸੜਕਾਂ ਤੇ ਖੜੋਵਾਂਗਾ ਤੇ ਜੜਾਂ੍ਹ ਨੂੰ ਤਾਕਤ ਦੇਵਾਂਗਾ। ਇਹ ਵੀ ਸੋਚਿਆ-ਸਮਝਿਆ ਫ਼ੈਸਲਾ ਸੀ ਕਿ ਇਕੱਲਾ ਖੜਾ ਹੋਵਾਂਗਾ ਕਿਉਂਕਿ ਸਰਕਾਰ ਦੇ ਮੰਤਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਵੱਖਵਾਦੀ, ਆਤੰਕਵਾਦੀ, ਖਾਲਸਤਾਨੀ, ਰਾਸ਼ਟਰਧ੍ਰੋਹੀ, ਅੰਦੋਲਨਜੀਵੀ, ਅਪੋਜ਼ੀਸ਼ਨ ਪਾਰਟੀਆਂ ਦੇ ਚਮਚੇ ਆਦਿ ਦੇ ਠੱਪੇ ਲਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ। ਮੈਂ ਸਾਰੇ ਸੰਗਠਨਾਂ ਤੋਂ ਦੂਰੀ ਲੈ ਕੇ ਸੰਯੁਕਤ ਮੋਰਚੇ ਦਾ ਝੰਡਾ ਫ਼ੜਿਆ ਅਤੇ ਲਗਪਗ ਤਿੰਨ ਮਹੀਨੇ ਹਰ ਰੋਜ਼ ਮੋਹਾਲੀ ਦੇ ਇਕ ਚੌਕ ਵਿਚ 40-50 ਮਿੰਟ ਉਸਨੂੰ ਇਕ ਆਮ ਆਦਮੀ ਵਾਂਗ ਲਹਿਰਾਇਆ। ਮੈਂ ਤਾਂ ਆਪਣੀ ਪਛਾਣ ਨੂੰ ਵੀ ਨਹੀਂ ਸੀ ਉਭਾਰਨਾ ਚਾਹੁੰਦਾ। ਮੇਰੇ ਖੁਲ੍ਹੇ ਦਾੜ੍ਹੇ ਉੱਤੇ ਲੱਗਾ ਕੋਵਿਡ ਮਾਸਕ ਮੇਰੀ ਮਦਦ ਕਰ ਰਿਹਾ ਸੀ ਪਰ ਪ੍ਰੈੱਸ ਅਤੇ ਸੋਸ਼ਲ ਮੀਡੀਆ ਨੇ ਇਹ ਖ਼ਬਰ ਲੋਕਾਂ ਤਕ ਪੁਚਾ ਦਿੱਤੀ। ਇਕ ਯੂ ਟਿਊਬ ਚੈਨਲ ਨੇ ਮੈਨੂੰ ‘ਜੇਂਟਲਮੈਨ ਬਾਪੂ’ ਆਖਿਆ ਅਤੇ ਵੀਡੀਓ ਵਾਇਰਲ ਹੋ ਗਈ। ਉਸਦੇ ਪ੍ਰਤੀਕਰਮ ਵਜੋਂ ਮਿਲੇ ਹੁੰਗਾਰੇ ਨੇ ਮੈਨੂੰ ਕਈ ਵਾਰ ਭਾਵੁਕ ਕੀਤਾ।

ਉਸ ਚੌਕ ਵਿਚ ਖਲੋ ਕੇ ਬੜਾ ਸਕੂਨ ਮਿਲਿਆ। ਆਮ ਲੋਕਾਂ ਨੇ ਉਸ ਝੰਡੇ ਵਾਸਤੇ ਜਿਸ ਤਰ੍ਹਾਂ ਦਾ ਪਿਆਰ ਅਤੇ ਸਤਿਕਾਰ ਦਿਖਾਇਆ ਉਹ ਮੇਰੇ ਚੇਤਿਆਂ ਦੀ ਸੁਨਹਿਰੀ ਇਬਾਰਤ ਬਣ ਗਈ ਹੈ। ਬਹੁਤ ਸਾਰੇ ਲੋਕ ਹੈਰਾਨੀ ਨਾਲ ਦੇਖਦੇ ਸਨ, ਕਈਆਂ ਦੇ ਚਿਹਰੇ ਖਿੜ ਜਾਂਦੇ ਸਨ, ਕੁਝ ਮੁਸਕੁਰਾ ਕੇ ਲੰਘਦੇ, ਬੱਚਿਆਂ ਨੂੰ ਤਾਂ ਜਿਵੇਂ ਜੋਸ਼ ਹੀ ਚੜ੍ਹ ਜਾਂਦਾ ਸੀ। ਮਾਵਾਂ ਦੇ ਸਕੂਟਰਾਂ ਦੇ ਅੱਗੇ ਖੜੇ ਬਾਲ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਨੂੰ ਉਲਾਰ ਕੇ ਜਦੋਂ ‘ਕਿਸਾਨ ਮਜ਼ਦੂਰ ਏਕਤਾ ਜਿ਼ੰਦਾਬਾਦ’ ਦੇ ਨਾਰੇ ਲਾਉਂਦੇ ਤਾਂ ਮੈਨੂੰ ਪੰਜਾਬ ਦਾ ਭਵਿੱਖ ਬੜਾ ਉੱਜਲ ਦਿੱਸਦਾ। ਕਾਰਾਂ ਦੇ ਸ਼ੀਸਿ਼ਆਂ ਵਿਚੋਂ ਬਾਹਰ ਨਿਕਲਦੀਆਂ ਮਾਸੂਮ ਬਾਹਾਂ ਵਿਚ ਬੜਾ ਜੋਸ਼ ਸੀ, ਜਾਪਦਾ ਉਹ ਅਸਮਾਨ ਦੇ ਤਾਰੇ ਤੋੜ ਸਕਦੀਆਂ ਨੇ। ਨੌਜਵਾਨ ਆਪਣੀ ਮੁੱਠੀ ਬੰਦ ਕਰਕੇ ਜਿਸ ਨਿੱਗਰ ਤਰੀਕੇ ਨਾਲ ਬਾਹਾਂ ਉਲਾਰਦੇ ਸਨ, ਲਗਦਾ ਸੀ ਸਾਰੀਆਂ ਰੁਕਾਵਟਾਂ ਭੰਨ ਸੁੱਟਣਗੇ। ਇਹ ਉਹੀ ਮੁੱਠੀਆਂ ਸਨ ਜਿਨ੍ਹਾਂ ਨੇ ਹਰਿਆਣੇ ਦੇ ਭਾਰੀ ਬੈਰੀਕੇਡਾਂ, ਪਾਣੀ ਦੀਆਂ ਤਿੱਖੀਆਂ ਬੌਛਾਰਾਂ ਤੇ ਪੁਲੀਸ ਦੇ ਪ੍ਰਬੰਧਾਂ ਨੂੰ ਚੀਰ ਦਿੱਤਾ ਸੀ। ਬਹੁਤ ਸਾਰੇ ਲੋਕ ਆਪਣੇ ਵਾਹਨਾਂ ਦਾ ਹਾਰਨ ਵਜਾ ਕੇ ਮੇਰੇ ਹੱਥ ਵਿਚ ਫ਼ੜੇ ਝੰਡੇ ਦਾ ਸਵਾਗਤ ਕਰਦੇ। ਕੁਝ ਸਿਆਣੇ ਕਾਰਾਂ ਦੇ ਸਟੇਰਿੰਗ ਉੱਤੇ ਆਪਣੇ ਹੱਥ ਜੋੜ ਕੇ ਫ਼ਤਹਿ ਬੁਲਾਉਂਦੇ ਅਤੇ ਕਾਰਾਂ ਦੀਆਂ ਸਵਾਰੀ-ਸੀਟਾਂ ਤੇ ਬੈਠੀਆਂ ਧੀਆਂ-ਭੈਣਾਂ ਆਪਣੀ ਗੱਡੀ ਵਿੱਚੋਂ ਹੀ ਮੱਥਾ ਟੇਕ ਕੇ ਲੰਘਦੀਆਂ। ਇਹ ਮੱਥਾ ਕਿਸ ਵਾਸਤੇ ਸੀ? ਕਿਸਾਨ ਲਈ, ਉਸਦੇ ਝੰਡੇ ਲਈ ਜਾਂ ਝੰਡਾ ਫ਼ੜ ਕੇ ਖੜੇ ਬਾਪੂ ਲਈ, ਇਸਦਾ ਫ਼ਰਕ ਕਰਨਾ ਮੁਸ਼ਕਿਲ ਹੈ। ਇਹਨਾਂ ਸਾਰਿਆਂ ਦਾ ਇਕਮਿਕ ਹੋ ਜਾਣਾ ਹੀ ਇਸ ਪ੍ਰੋਟੈਸਟ ਅਤੇ ਪ੍ਰਦਰਸ਼ਨ ਦੀ ਅਸਲੀ ਤਾਕਤ ਸੀ। ਇਸ ਇਕਮਿਕਤਾ ਨੇ ਇਸ ਨੂੰ ਦੁਨੀਆਂ ਦੇ ਮਹਾਨਤਮ ਰੋਸ-ਪ੍ਰਦਰਸ਼ਨਾਂ ਵਿਚ ਸ਼ਾਮਿਲ ਕਰ ਦੇਣਾ ਹੈ। ਪਰ ਮੈਨੂੰ ਸਭ ਤੋਂ ਵਧ ਚੰਗਾ ਲਗਦਾ ਜਦੋਂ ਨੌਜਵਾਨ ਕੁੜੀਆਂ ਆਪਣੀਆਂ ਕਾਰਾਂ ਅਤੇ ਸਕੂਟਰਾਂ ਤੋਂ ਮੇਰੇ ਨਾਲ ਕਿਸਾਨਾਂ ਨੂੰ ਆਪਣੀ ਅਕੀਦਤ ਪੇਸ਼ ਕਰਦੀਆਂ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਧਰਤੀ ਦੀਆਂ ਬੇਟੀਆਂ ਵੀ ਹੋਣਗੀਆਂ ਅਤੇ ਉਹ ਵੀ ਜਿਹੜੀਆਂ ਰੋਟੀ ਖਾਣ ਤੋਂ ਪਹਿਲਾਂ ਉਸਨੂੰ ਉਪਜਾਉਣ ਵਾਲੇ ਨੂੰ ਚੇਤੇ ਕਰਦੀਆਂ ਹਨ। ਉਦੋਂ ਵੀ ਮਨ ਖਿੜਦਾ ਜਦੋਂ ਕੋਈ-ਕੋਈ ਆਟੋ ਚਲਾ ਰਿਹਾ ਪੂਰਬੀਆ ਹੱਥ ਉਲਾਰਦਾ ਜਾਂ ਹਾਰਨ ਵਜਾਉਂਦਾ। ਉਸਦੇ ਵੀ ਬਹੁਤ ਸਾਰੇ ਭਾਈ ਸਾਡੇ ਖੇਤਾਂ ਨੂੰ ਸਿੰਜਦੇ ਹੋਣਗੇ। ਜੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਖੇਤਾਂ ਦੀ ਉਪਜ ਨੂੰ ਕੁਝ ਵਾਜਬ ਮੁੱਲ ਮਿਲ ਜਾਣ ਤਾਂ ਉਨ੍ਹਾਂ ਨੂੰ ਕੀ ਲੋੜ ਹੈ ਘਰੋਂ ਬੇਘਰ ਹੋਣ ਦੀ?

ਇਹ ਇਕੱਲੇ ਕਿਸਾਨ ਦਾ ਘੋਲ ਨਹੀਂ ਸੀ, ਸੰਵੇਦਨਾਵਾਂ ਨਾਲ ਭਰੇ ਹਰੇਕ ਇਨਸਾਨ ਦੀ ਜਦੋਜਹਿਦ ਸੀ। ਮੇਰੇ ਲਈ ਐਸਾ ਮਾਹੌਲ ਬਣਦਾ ਜਿਸ ਵਿਚ ਚੁੰਬਕੀ ਤਾਕਤ ਪੈਦਾ ਹੋ ਜਾਂਦੀ। ਸਾਰੇ ਵਾਤਾਵਰਨ ਵਿਚ ਇਕ ਬਿਜਲੀ ਫ਼ੈਲ ਜਾਂਦੀ ਅਤੇ 40-50 ਮਿੰਟ ਮੇਰੀਆਂ ਬੁਢੀਆਂ ਬਾਹਵਾਂ ਨੂੰ ਯਾਦ ਵੀ ਨਹੀਂ ਸੀ ਰਹਿੰਦਾ ਕਿ ਮੈਂ ਉਨ੍ਹਾਂ ਨੂੰ ਰਤਾ ਅਰਾਮ ਵੀ ਦੇਣਾ ਹੈ। ਮੈਨੂੰ ਸਚਮੁਚ ਲਗਦਾ ਸੀ ਕਿ ਇਹ ਲੜਾਈ ਅਵੱਸ਼ ਜਿੱਤ ਤੱਕ ਪਹੁੰਚੇਗੀ ਕਿਉਂਕਿ ਇਕ ਪਾਸੇ ਕਿਸਾਨ ਸਨ ਜਿਨ੍ਹਾਂ ਦੇ ਪੈਰਾਂ ਹੇਠ ਜ਼ਮੀਨੀ ਸਚਾਈ ਸੀ, ਖੇਤ ਵਾਲੀ ਜ਼ਮੀਨ ਵੀ ਅਤੇ ਇਖਲਾਕ ਵਾਲੀ ਵੀ। ਦੂਜੇ ਪਾਸੇ ਸਿਆਸਤਦਾਨ ਅਤੇ ਉਨ੍ਹਾਂ ਦੇ ਤੋਤੇ ਸਨ ਜਿਨ੍ਹਾਂ ਕੋਲ ਸਿਰਫ਼ ਚਾਲਾਂ ਤੇ ਚਤੁਰਾਈਆਂ ਸਨ; ਬੇਥਵ੍ਹੇ ਫ਼ਤਵੇ ਅਤੇ ਫ਼ੱਕੜ ਸਨ, ਜ਼ਮੀਰ ਉਨ੍ਹਾਂ ਕੋਲ ਹੈ ਨਹੀਂ ਤੇ ਜ਼ਮੀਨਾਂ ਨੂੰ ਖੋਹਣਾ ਚਾਹੁੰਦੇ ਸਨ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਕਿਸਾਨ ਖਾਲੀ ਵਾਪਸ ਨਹੀਂ ਆਵੇਗਾ। ਇਸੇ ਲਈ ਲਗਦਾ ਸੀ ਕਿ ਮੈਂ ਉਸ ਚੁੰਬਕੀ ਮਾਹੌਲ ਅੰਦਰ ਕਿਸਾਨਾਂ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਆਪਣੇ ਕੋਲ ਖੜੇ ਹੋਣ ਵਾਲੇ ਕੁਝ ਲੋਕਾਂ ਦਾ ਵੀ ਮੈਂ ਇਸੇ ਤਰ੍ਹਾਂ ਮਨੋਬਲ ਵਧਾਉਂਦਾ ਰਿਹਾ। ਬੋਧੀ ਮੰਦਰਾਂ ਵਿਚ ਕੁਝ ਝੰਡੀਆਂ ਲਗੀਆਂ ਹੁੰਦੀਆਂ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਉੱਤੇ ਲਿਖੇ ਸ਼ਬਦਾਂ ਦਾ ਵਾਤਾਵਰਨ ਉੱਤੇ ਅਸਰ ਪੈਂਦਾ ਹੈ। ਮੇਰਾ ਝੰਡਾ ਇਹੋ ਕੰਮ ਕਰਦਾ ਜਾਪ ਰਿਹਾ ਸੀ। ਉਸ ਝੰਡੇ ਦੀ ਆਤਮਾ ਵਿਚ ਮਿਹਨਤ ਕਰਨ ਵਾਲਿਆਂ ਦੇ ਪਸੀਨੇ ਦੀ ਖ਼ਸ਼ਬੂ ਸੀ ਜੋ ਚੁਫ਼ੇਰੇ ਫ਼ੈਲ ਰਹੀ ਸੀ। ਇਸ ਝੰਡੇ ਹੇਠ ਪੰਜਾਬ, ਹਰਿਆਣਾ ਅਤੇ ਪੱਛਮੀ ਯੂ ਪੀ ਦੇ ਕਿਸਾਨ ਇਕਜੁਟ ਹੋ ਗਏ ਹਨ। ਉੱਤਰ ਭਾਰਤ ਦਾ ਮੁੱਖ ਮੁੱਦਾ ਮਜ਼੍ਹਬ ਜਾਂ ਜਾਤ ਦੀ ਥਾਵੇਂ ਕਿਰਸਾਨੀ ਅਤੇ ਆਰਥਿਕਤਾ ਬਣ ਗਿਆ ਸੀ।

ਇਸ ਸਾਰੇ ਸੰਘਰਸ਼ ਦੌਰਾਨ ਸਾਹਿਤਕਾਰਾਂ, ਗੀਤਕਾਰਾਂ ਅਤੇ ਗਾਇਕਾਂ ਨੇ ਬਹੁਤ ਸਾਰੀ ਰਚਨਾ ਕੀਤੀ ਹੈ। ਮੈਂ ਜੋ ਕੁਝ ਉਸ ਸੜਕ ਦੇ ਅਨੁਭਵ ਵਿੱਚੋਂ ਕਮਾਇਆ ਹੈ ਅਤੇ ਖੇਤੀ ਬਾਰੇ ਜੋ ਕੁਝ ਜਿ਼ੰਦਗੀ ਵਿੱਚੋਂ ਲੱਭਿਆ ਹੈ ਉਸਨੂੰ ਇਕ ਨਾਟਕ ਵਿਚ ਪ੍ਰੋਣ ਦੀ ਕੋਸਿ਼ਸ਼ ਜ਼ਰੂਰ ਕਰਾਂਗਾ। ਸੋਮਪਾਲ ਹੀਰਾ ਵਰਗੇ ਰੰਗਕਰਮੀਆਂ ਨੇ ਕਈ ਨਾਟਕਾਂ ਦੀ ਰਚਨਾ ਕਰਕੇ ਉਨ੍ਹਾਂ ਨੂੰ ਥਾਂ-ਥਾਂ ਤੇ ਖੇਡਿਆ ਹੈ। ਮੈਂ ਇੰਨਾ ਜ਼ਰਖ਼ੇਜ਼ ਨਹੀਂ ਹਾਂ; ਆਪਣਾ ਸਮਾਂ ਲਵਾਂਗਾ ਅਤੇ ਕੋਈ ਨਵੀਂ ਰਚਨਾ ਜ਼ਰੂਰ ਕਰਾਂਗਾ ਕਿਉਂਕਿ ਅੱਖਾਂ ਅਤੇ ਮੂੰਹ ਨੂੰ ਬੰਦ ਕਰਕੇ ਜੀਉਂਦੇ ਰਹਿਣਾ ਬਹੁਤ ਔਖਾ ਹੈ। ਜੇ ਮੁਲਕ ਦੇ ਬਾਰਡਰ ਉੱਤੇ ਪੁੱਤ ਸ਼ਹੀਦ ਕਰਾਉਣ ਵਾਲਾ, ਆਪਣੇ ਖੇਤ ਦੀ ਰੱਖਿਆ ਲਈ ਅੰਨ੍ਹੀ ਤਾਕਤ ਨਾਲ ਆਢਾ ਲਾਉਣ ਵਾਲਾ ਅਤੇ ਮੁਲਕ ਭਰ ਦੇ ਮਜ਼ਦੂਰਾਂ ਅਤੇ ਕਿਸਾਨਾਂ ਲਈ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਣ ਵਾਲਾ ਇਨਸਾਨ ਦੇਸ਼ਧ੍ਰੋਹੀ ਹੈ ਤਾਂ ਵੀ ਮੈਂ ਉਹਦੇ ਚਰਨਾਂ ਵਿਚ ਆਪਣਾ ਸਿਰ ਝੁਕਾਉਂਦਾ ਹਾਂ। ਤੁਹਾਡੇ ਕੋਲ ਬਹੁਮੱਤ ਦਾ ਅਰਥ ਇਹ ਨਹੀਂ ਕਿ ਤੁਹਾਡੇ ਕੋਲ ਮੱਤ ਵੀ ਬਹੁਤੀ ਹੈ। ਸਿਰਫ਼ ਸ਼ਾਮਲ-ਵਾਜਿਆਂ ਦੇ ਸਿਰ ਤੇ ਲੋਕਾਂ ਨੂੰ ਦਰੜਨਾ ਅਸੰਭਵ ਹੈ। ਜੇਕਰ ਕਿਸਾਨਾਂ ਨੂੰ ਆਤੰਕਵਾਦੀ, ਖਾਲਿਸਤਾਨੀ, ਰਾਸ਼ਟਰ-ਵਿਰੋਧੀ ਅਤੇ ਅੰਦੋਲਨਜੀਵੀ ਕਹਿਣ ਵਾਲੇ ਆਪਣਾ ਸੀਨਾ ਚੌੜਾ ਕਰਕੇ ਉਨ੍ਹਾਂ ਕੋਲੋਂ ਮੁਆਫ਼ੀ ਮੰਗ ਲੈਣ ਤਾਂ ਕਿਸਾਨ ਵੱਡੇ ਹਿਰਦੇ ਨਾਲ ਮਾਫ਼ ਕਰ ਦੇਣਗੇ। ਇਸਦਾ ਫ਼ੈਸਲਾ ਤਾਂ ਇਤਿਹਾਸ ਕਰੇਗਾ ਕਿ ਅਸਲ ਵਿਚ ਦੇਸ਼ਭਗਤ ਅਤੇ ਦੇਸ਼ਧ੍ਰੋਹੀ ਕੌਣ ਹੁੰਦਾ ਹੈ।

en_GBEnglish