‘ਜਿਵੇਂ ਪਾਸ ਹੋਏ ਆ ਵਾਪਸ ਵੀ ਉਸ ਤਰਾਂ ਹੀ ਹੋਣਗੇ।’

‘ਜਿਵੇਂ ਪਾਸ ਹੋਏ ਆ ਵਾਪਸ ਵੀ ਉਸ ਤਰਾਂ ਹੀ ਹੋਣਗੇ।’

ਨਾਮ ਮੇਰਾ ਨਛੱਤਰ ਸਿੰਘ ਐ। ਜ਼ਿਲ੍ਹਾ ਬਰਨਾਲਾ, ਪਿੰਡ ਵਿਧਾਤਾ; ਤਪਾ ਥਾਣਾ ਲੱਗਦਾ ਐ ਸਾਨੂੰ। ਟੱਲੇਵਾਲ ਬਠਿੰਡੇ ਵਾਲੀ ਨਹਿਰ ਉੱਤੇ ਪਿੰਡ ਆ ਸਾਡਾ। ਜਿੱਥੇ ਤੱਕ ਪੜ੍ਹਾਈ ਲਿਖਾਈ ਦਾ ਸਵਾਲ ਐ, ਮੈਂ ਦਸਵੀਂ ਤਕ ਹੀ ਕਰੀ ਐ। ਉਸ ਤੋਂ ਬਾਅਦ ਮੇਰਾ ਆਰਟ ਕਰਾਫਟ (ਕੋਰਸ) ਕਰਿਆ ਹੋਇਆ, ਡਰਾਇੰਗ ਟੀਚਰ ਆਲਾ। ਮੈਂ ਪਿਛਲੀ ਛੱਬੀ ਨਵੰਬਰ ਤੋਂ ਹੀ ਮੋਰਚੇ ‘ਤੇ ਹਾਂ। ਇੱਥੇ ਮੈਡੀਕਲ ਕੈੰਪ ਲਾਇਆ, ਸਿਆਲਾਂ ‘ਚ ਗਰਮ ਕੱਪੜੇ ਵੀ ਵੰਡੇ। ਬਾਕੀ ਟੁਥਪੇਸਟ, ਸਾਬਣ ਅਤੇ ਹੋਰ ਵੀ ਖਾਸਾ ਸਮਾਨ ਵੰਡਿਆ। ਹੁਣ ਸਾਡੇ ਕੋਲ ‘ਕੱਲਾ ਮੈਡੀਕਲ (ਦਵਾਈਆਂ ਦਾ ਸਮਾਨ) ਹੀ ਹੈ। ਪਿਛਲੇ ਸਾਲ ‘ਚ ਵੱਧ ਤੋਂ ਵੱਧ ਮੈਂ ਇੱਕ ਮਹੀਨਾ ਘਰੇ ਲਾਇਆ। ਵਿਚੋਂ ਕੁੜੀ ਦਾ ਵਿਆਹ ਵੀ ਹੋਇਆ, ਉਹ ਵੀ ਮੇਰੇ ਮੁੰਡੇ ਨੇ ਤੇ ਮੇਰੇ ਭਾਈ ਨੇ ਕਰਿਆ। ਮੈਂ ਉਦੋਂ ਗਿਆ ਨੀ ਘਰ, ਇੱਥੇ ਹੀ ਸੀ। ਅਸੀਂ ਦੋ ਭਾਈ ਇਕੱਠੇ ਹਾਂ। ਸਾਡੇ ਕੋਲ ਪੰਜ ਕਿੱਲੇ ਜ਼ਮੀਨ ਦੇ ਨੇ। ਮੇਰੇ ਦੋ ਲੜਕੀਆਂ ਤੇ ਇੱਕ ਲੜਕਾ ਹੈ। ਵੱਡੀ ਲੜਕੀ ਤਾਂ ਸਰਕਾਰੀ ਟੀਚਰ ਐ ਅਤੇ ਦੂਜੀ ਸਟਾਫ਼ ਨਰਸ ਐ। ਮੁੰਡਾ ਹੈਗਾ ਅੱਠਵੀਂ ਪਾਸ। ਓਹਨੂੰ ਇੰਨਾ ਪੜ੍ਹਾਈ ਪੜੂਈ ਦਾ ਹੈਨੀਗਾ, ਉਹ ਖੇਤੀ ‘ਚ ਹੀ ਹੈ। ਏਥੇ ਦਵਾਈਆਂ ਦੇਣ ਵੇਲੇ ਜੇ ਮੈਨੂੰ ਕੁਛ ਪਤਾ ਨੀਂ ਲੱਗਦਾ ਤਾਂ ਮੈਂ ਕੁੜੀ ਨੂੰ ਪੁੱਛ ਲੈਨੈਂ, ਮੈਂ ਫੋਨ ਕਰਕੇ ਪੁੱਛਦੈ ਬਰਨਾਲੇ। ਜੇ ਗਾਹਾਂ ਕੁੜੀ ਨੂੰ ਵੀ ਨੀ ਪਤਾ ਲੱਗਦਾ ਉਹ ਆਪਣੇ ਡਾਕਟਰ ਨੂੰ ਪੁੱਛ ਲੈਂਦੀ ਐ ਵੱਡੇ ਨੂੰ। ਫ਼ੇਰ ਮੈਂ ਪੰਜਾਬੀ ਵਿਚ ਲਿਖ ਲੈਨੈਂ ਬੀ ਆਹ ਦਵਾਈ ਇਸ ਵਾਲੀ ਐ ਤੇ ਆਹ ਉਸ ਵਾਲੀ।

ਸਾਡਾ ਛੋਟਾ ਜਿਹਾ ਪਿੰਡ ਹੈ। ਸੋਲ਼ਾਂ ਸੌ ਵੋਟ ਹੈ। ਅਸੀਂ ਸਿਰਫ ਚਾਰ ਜਾਣੇ ਏਥੇ ਆਉਂਦੇ ਹਾਂ। ਪਹਿਲਾਂ ਵਾਰੀ ਬੰਨ੍ਹੀ ਹੋਈ ਸੀ ਦੱਸ ਜਣਿਆਂ ਦੀ। ਹੁਣ ਉਹ ਤਰਤੀਬ ਟੁੱਟ ਗਈ। ਮੈਂ ਇੱਥੇ ਪੱਕਾ ਹੀ ਹਾਂ। ਜਦੋਂ ਮੈਂ ਸੇਵਾ ਕਰਦਾ ਸੀ ਮੇਰੇ ਘਰਵਾਲੀ ਦੀ ਡਿੱਗ ਕੇ ਪਲੇਟ ਪੈ ਗਈ। ਅਸੀਂ ਬਠਿੰਡੇ ਲੈ ਗਏ। ਇਕ ਪੈਸਾ ਵੀ ਨਹੀਂ ਲੱਗਿਆ ਮੇਰਾ। ਕਈ ਵਾਰ ਤਾ ਕਾਰਡ ਵਾਲੇ ਵੀ ਪੈਸੇ ਭਰਵਾ ਲੈਂਦੇ ਹਨ। ਸਾਡੇ ਕੋਲੋਂ ਬਾਈ ਸੌ ਰੁਪਏ ਭਰਵਾ ਲਏ ਸੀ ਕਿਰਾਂ। ਸਾਨੂੰ ਚੰਡੀਗੜ੍ਹੋਂ ਫ਼ੋਨ ਆਇਆ ਬੀ ਆਪਣੇ ਬਾਈ ਸੌ ਰੁਪਏ ਲੈ ਕੇ ਜਾਇਓ। ਇੱਥੇ ਉਨ੍ਹਾਂ ਨੇ ਸਾਰੇ ਪੈਸੇ ਦੇ ਦਿੱਤੇ।

(ਮੋਰਚੇ ਤੇ ਬੈਠੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਬਾਰੇ)

ਸਾਡੇ ਕੋਲੋਂ ਏਦੂੰ ਪਹਿਲਾਂ ਜੇਠ-ਹਾੜ੍ਹ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਸੀ ਉਹ ਲੈਟਰੀਨਾਂ ਦੀ ਆਉਂਦੀ ਸੀ। ਉਦੋਂ ਪਤਾ ਨੀ ਤਾ ਮਤਲਬ ਗਰਮੈਸ਼ ਸੀ। ਉਦੋਂ ਸਾਡੇ ਕੋਲੋਂ ਤੇਜ਼ਾਬ ਦੇ ਕੈਪਸੂਲ ਬਾਹਲੇ ਲੈ ਕੇ ਜਾਂਦੇ ਸੀ। ਹੁਣ ਲੈਟਰੀਨਾਂ ਵਾਲੇ ਵੀ ਘੱਟ ਗਏ ਅਤੇ ਹੁਣ ਤੇਜ਼ਾਬ ਵਾਲੇ ਵੀ ਘੱਟ ਗਏ। ਹੁਣ ਖਾਂਸੀ ਹੈ ਜਾਂ ਜ਼ੁਕਾਮ ਵਗੈਰਾ, ਇਹੋ ਬਾਹਲਾ ਪਰੇਸ਼ਾਨ ਕਰਦੈ। ਜਿਹੜੀ ਗੋਡਿਆਂ ਦੇ ਪੀੜ ਵਾਲੀ ਦਵਾਈ ਐ, ਉਹ ਸਾਡੇ ਕੋਲ ਇੱਕ ਨੰਬਰ ਐ। ਗੋਡਿਆਂ ਆਲੇ ਮਤਲਬ ਜਿਹੜੇ ਲੰਗ ਮਾਰ ਕੇ ਤੁਰਦੇ ਸੀ, ਉਹ ਵੀ ਸਹੀ ਸਲਾਮਤ ਤੁਰਨ ਲੱਗ ਪਏ। ਕਈ ਵਾਰੀ ਮੈਂ ਮਲ ਵੀ ਦਿੰਨਾ ਜੇ ਮੇਰੇ ਕੋਲ ਟਾਇਮ ਹੋਵੇ। ਅੱਜ ਚਾਰ ਪੰਜ ਪੱਟੀਆਂ ਕਰੀਆ, ਪੱਟੀ ਨੂੰ ਪੰਜ ਸੱਤ ਮਿੰਟ ਲੱਗ ਜਾਂਦੇ ਨੇ। ਉਸ ਤੋਂ ਬਾਅਦ ਦਵਾਈ ਵੀ ਦੇਣੀ ਐ, ਦਵਾਈ ਆਲੇ ਵੀ ਆ ਜਾਂਦੇ ਨੇ। ਜਾਣੀ ਕੇ ਜਦੋਂ ਮੈਂ ਆਪ ਵਿਹਲਾ ਹੁੰਦੈਂ ਉਦੋਂ ਮੱਲ੍ਹਮ ਵੀ ਮਲ ਦਿਨੈਂ। ਮੈਂ ਵੱਡੀਆਂ ਵੱਡੀਆਂ ਗੰਢਾਂ ਵੀ ਖੋਰੀਐਂ ਉਹ ਦਵਾਈ ਨਾਲ।

(ਆਸੇ ਪਾਸੇ ਦੇ ਧੂੜ-ਪ੍ਰਦੂਸ਼ਨ ਬਾਰੇ)

ਰੇਤੇ ਨਾਲ ਸਾਹ ਬਹੁਤ ਔਖਾ ਆਉਂਦਾ ਹੈ। ਇੱਥੇ ਲੋਕ ਖੰਘ ਵਾਲੀਆਂ ਸ਼ੀਸ਼ਿਆਂ ਮੰਗਦੇ ਨੇ। ਖੰਘ ਵਾਲੀਆਂ ਸ਼ੀਸ਼ਿਆਂ ਤਾਂ ਮੈਂ ਸ਼ਨੀਵਾਰ ਜਾ ਐਤਵਾਰ ਨੂੰ ਦਿੱਲੀ ਤੋਂ ਮੰਗਵਾਉਂਦਾ ਹਾਂ। ਕੁੜੀਆਂ ਜਿਹੜੀਆਂ ਦਿੱਲੀ ਤੋਂ ਆਉਂਦੀਆਂ ਨੇ, ਉਹ ਲਿਆ ਦਿੰਦੀਆਂ ਨੇ। ਇਕ ਦੀਪ ਸਿੰਘ ਹੈ ਜਾਂ ਉਹ ਲਿਆ ਦਿੰਦੈ। ਲੋਕ ਦਵਾਈ ਫ੍ਰੀ ਦੇ ਕੇ ਜਾਂਦੇ ਨੇ। ਕੋਈ ਪੈਸਾ ਨਹੀਂ ਲੈਂਦੇ। ਸਾਡੇ ਕੋਲ ਪਹਿਲਾਂ ਆਲੀਆਂ ਵੀ ਫਰੀ ਆਲੀਆਂ ਨੇ। ਕੁਝ ਲੋਕ ਅਮਰੀਕਾ ਤੋਂ ਆਏ ਸੀ ਅਤੇ ਅਸੀਂ ਓਹਨਾਂ ਦੀ ਮਦਦ ਨਾਲ ਗਰਮ ਕੱਪੜੇ ਵੀ ਬਹੁਤ ਵੰਡੇ ਆ। ਅਜੇ ਵੀ ਪਈ ਆ ਇੱਕ ਟਰਾਲੀ ਭਰੀ। ਉਹ ਇੱਥੇ ਭਿੱਜ ਗਈ ਸੀ ਮੀਹਾਂ ਵੇਲੇ। ਹੁਣ ਦਲੇਲ ਵਾਲਿਆਂ ਨੇ, ਮਾਨਸਾ ਜ਼ਿਲ੍ਹੇ ‘ਚ ਪਿੰਡ ਐ, ਉਨ੍ਹਾਂ ਨੇ ਧੋ ਕੇ ਪ੍ਰੈੱਸ ਕਰਕੇ ਜਦੋਂ ਹੁਣ ਠੰਢ ਆ ਗਈ ਫੇਰ ਲਿਆਵਾਂਗੇ ਵੰਡਣ ਲੀ। ਗੁਰਪਾਲ ਸਿੰਘ ਤੇ ਇੱਕ ਅਮਨਦੀਪ ਸਿੰਘ ਇਹ ਪਿੰਡ ਦੇ ਮੁੰਡੇ ਆ ਇਨ੍ਹਾਂ ਦੀ ਹੀ ਹਿੰਮਤ ਹੈ। ਇਸ ਤੋਂ ਬਾਅਦ ਇਨ੍ਹਾਂ ਵਿੱਚ ਮੈਂ ਰਲ ਗਿਆ। ਸਾਡਾ ਕਿਸੇ ਨਾਲ ਵਿਤਕਰਾ ਨਹੀਂ, ਚਲੋ ਹੁਣ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਲੋਕ ਘਰੇ ਦਵਾਈ ਲੈ ਕੇ ਜਾਂਦੇ ਐ। ਸਾਨੂੰ ਐਨਾ ਪਤਾ ਲੱਗਣ ਲੱਗ ਪਿਆ। ਤੇਜਾਬ ਆਲੇ ਕੈਪਸੂਲ ਬਾਹਲੇ ਮੰਗਦੇ ਐ, ਕਈ ਵਾਰ ਤਾਂ ਲੋਕ ਲਾਲਚ ਵੀ ਕਰ ਲੈਂਦੇ ਐ। ਸਾਡੇ ਕੋਲ ਆ ਕੇ ਨਸ਼ੇ ਵਾਲੀਆਂ ਗੋਲੀਆਂ ਵੀ ਮੰਗਦੇ ਆ। ਮੈਂ ਓਹਨਾਂ ਨੂੰ ਆਖਿਆ ਵੀ ਸਾਡੇ ਕੋਲੇ ਆ ਕੇ ਨਸ਼ੇ ਵਾਲ਼ੀਆਂ ਗੋਲ਼ੀਆਂ ਲੱਭ ਲਓ। ਸੋਨੂੰ ਲੱਖ ਰੁਪਿਆ ਮੈਂ ਦੇਊਂਗਾ ਉਦੋਂ ਮੌਕੇ ‘ਤੇ ਹੀ ਜੇਕਰ ਸਾਡੇ ਕੋਲੋਂ ਇਕ (ਨਸ਼ੇ ਵਾਲੀ) ਗੋਲੀ ਵੀ ਕੱਢ ਦਿਓ। ਜੋ ਪੀਣ ਵਾਲੀ ਸ਼ੀਸ਼ੀ ਹੁੰਦੀ ਆ ਉਹ ਅਸੀਂ ਇਥੇ ਪਿਆ ਦਿੰਨੇ ਐਂ। ਅਸੀਂ ਨਾਲ ਨਹੀਂ ਲਿਜਾਣ ਦਿੰਦੇ। ਅਸੀਂ ਕਹਿ ਦਿੰਨੇ ਆਂ ਕਿ ਤੁਸੀਂ ਇੱਥੇ ਹੀ ਪੀ ਲੋ। ਨੌਜਵਾਨ ਮੁੰਡੇ ਸ਼ੀਸ਼ੀ ਤਾਂ ਮੰਗਦੇ ਆ ਵੀ ਇਹੀ ਪੀ ਕੇ ਸਾਰ ਲੈਣ। ਉਸ ਦਾ ਰੇਟ ਹੈ ਤਰੱਨਵੇ ਰੁਪਏ। ਮਤਲਬ ਉਹ ਸੀਸੀ ਹੀ ਮੰਗਣਗੇ ਆ ਕੇ। ਕਈਆਂ ਦੇ ਗੈਸ ਵੀ ਬਣ ਜਾਂਦਾ ਏ, ਕਈਆਂ ਨੂੰ ਸੀਸੀ ਵੀ ਦੇ ਦਿੰਨੇ ਆਂ, ਥੋੜ੍ਹਾ ਦੇਖ ਕੇ ਵੀ ਬੰਦਾ ਕਿਹੋ ਜਿਹਾ ਏ। ਮੁੰਡਿਆਂ ਖੁੰਡਿਆਂ ਨੂੰ ਪੀਣ ਲਈ ਕਹਿ ਦਿੰਨੇ ਆਂ, ਯਾਨੀ ਕਿ ਦੋ ਚਮਚੇ। ਭਾਵੇਂ ਪੰਜ ਵਾਰੀ ਪੀ ਜਾ। ਉਹ ਅੱਕ ਕੇ ਜੇ ਇੱਕ ਅੱਧੀ ਵਾਰੀ ਪੀਂਦੇ ਐ, ਫਿਰ ਆਪੇ ਹੱਟ ਜਾਂਦੇ ਐ।

ਇੱਕ ਆ ਗਿਆ ਇੱਥੇ ਸ਼ਰਾਬ ਨਾਲ ਡੱਕਿਆ ਹੋਇਆ। ਕਹਿੰਦਾ ਟੁੱਥ ਪੇਸਟ ਦੇ ਤੇ ਇਹ ਸਾਬਣ ਤੇ ਇੱਕ ਬੁਰਸ਼। ਮੈਂ ਆਖਿਆ ਸਾਡੇ ਕੋਲ ਤਾਂ ਮੁੱਕੇ ਹੋਏ ਐ। ਕਹਿੰਦਾ ਮੈਂ ਪੰਜਾਹ ਕਿੱਲਿਆਂ ਦਾ ਮਾਲਕ ਹਾਂ। ਮੈਂ ਕਿਹਾ ਤੂੰ ਤਾਂ ਬੰਦਿਆਂ ਦੀ ਗਿਣਤੀ ਵਿੱਚ ਹੀ ਨਹੀਂ ਆਂਉਂਦਾ। ਮੈਂ ਕਿਹਾ ਪੰਜਾਹ ਕਿੱਲੇ ਮੇਰੇ ਕੋਲੇ ਹੁੰਦੈ ਤਾਂ ਮੈਂ ਇੱਕ ਕਿੱਲੇ ਦੇ ਠੇਕੇ ਦੇ ਪੈਸੇ ਦੀਆਂ ਧੁਰ ਤਕ ਵੰਡ ਆਉਂਦਾ ਨਾਲੇ ਟੁੱਥਪੇਸਟ ਨਾਲੇ ਸਾਬਣਾਂ, ਮੈਂ ਇਕੱਲੇ ਇਕੱਲੇ ਜਣੇ ਨੂੰ ਦੇ ਕੇ ਆਉਂਦਾ। ਉਹ ਹੁਣ ਜਦੋਂ ਜਾਂਦੈ ਰਸਤੇ ਵਿੱਚ, ਅੱਖ ਨਹੀਂ ਮਿਲਾਉਂਦਾ। ਮੈਂ ਸਟੇਜ ਤੇ ਵੀ ਚਲਾ ਜਾਂਨੈਂ ਕਿਤੇ ਕਿਤੇ, ਜਦੋਂ ਕਿਸੇ ਚੰਗੇ ਬੁਲਾਰੇ ਨੇ ਆਉਣਾ ਹੁੰਦਾ ਏ। ਹੁਣ ਸਰਬਜੀਤ ਆਇਆ ਸੀ, ਉਸ ਸਮੇਂ ਗੇਟ ਬੰਦ ਕਰਕੇ ਗਏ ਸੀ ਸੁਨਣ, ਜਾਂ ਕਿਸੇ ਚੰਗੇ ਲੀਡਰ ਨੇ ਆਉਣਾ ਹੁੰਦੈ, ਉਦੋਂ ਬੰਦ ਕਰਕੇ ਜਾਂਨੈਂ। ਬੁਲਾਰੇ ਤਾਂ ਸਾਰੇ ਹੀ ਚੰਗੇ ਹੁੰਦੇ ਆ। ਜਿਹੜੇ ਆਪਣੇ ਬੱਤੀ ਚੁਣੇ ਹੋਏ ਆ ਉਹ ਤਾਂ ਸਾਰੇ ਈ ਸੁਣਨ ਵਾਲੇ ਹੀ ਹੁੰਦੇ ਹਨ। ਉਨ੍ਹਾਂ ਦੇ (ਭਾਸ਼ਣ) ਲੋਕ ਨੈੱਟ ‘ਤੇ ਪਾ ਦਿੰਦੇ ਨੇ, ਉਨ੍ਹਾਂ ਦਾ ਤਾਂ ਨੈੱਟ ਤੋਂ ਹੀ ਸੁਣ ਲਈਦਾ। ਜਦੋਂ ਲੀਡਰ ਬੈਠੇ ਆ ਆਪਣੇ ਉਦੋਂ ਤਕ ਆਪਾਂ ਬੈਠੇ ਆਂ। ਕਾਲੇ ਕਾਨੂੰਨ ਤਾਂ ਵਾਪਸ ਹੋਣੇ ਹੀ ਹੋਣੇ ਆ। ਹੁਣ ਨਹੀਂ ਹੋਣਗੇ ਫੇਰ ਹੋ ਜਾਣਗੇ ਜਾਂ ਫਿਰ ਧੱਕੇ ਨਾਲ ਹੋ ਜਾਣਗੇ। ਜਿਵੇਂ ਪਾਸ ਹੋਏ ਆ ਵਾਪਸ ਵੀ ਉਸ ਤਰਾਂ ਹੀ ਹੋਣਗੇ। ਜਿਵੇਂ ਲੋਕ ਸਭਾ ‘ਚ, ਰਾਜ ਸਭਾ ‘ਚ ਪਾਸ ਹੋਏ ਆ, ਇਨ੍ਹਾਂ ਦਾ ਬਹੁਮੱਤ ਨਹੀਂ ਸੀ, ਇਹ ਧੱਕੇ ਨਾਲ ਕਰ ਗਏ। ਉੱਥੋਂ ਹੀ ਵਾਪਸ ਹੋਣੇ ਆ, ਪਹਿਲਾਂ ਲੋਕ ਸਭਾ ‘ਚੋਂ, ਫਿਰ ਰਾਜ ਸਭਾ ‘ਚੋਂ, ਪੁੱਠੀ ਫਿਰਨੀ ਇਹ ਸਾਰੀ ਚੱਕੀ। ਕੋਈ ਵੀ ਲੀਡਰ ਆ ਜਾਵੇ ਸਾਡਾ ਤਾਂ ਸਾਰਿਆਂ ਨੂੰ ਹੀ ਜੀ ਆਇਆਂ ਨੂੰ ਐ। ਜਿਹੜਾ ਕੋਈ ਦਵਾਈ ਲੈਣ ਆ ਗਿਆ, ਚਾਹੇ ਕੋਈ ਕਾਦੀਆਂ ਦਾ ਆ ਗਿਆ, ਚਾਹੇ ਰਾਜੇਵਾਲ ਦਾ ਆ ਗਿਆ। ਸਟਿੱਕਰ ਇਸ ਲੀ ਲਾਉਣਾ ਪੈਂਦਾ ਕਿ ਇਸ ਜਥੇਬੰਦੀ ਵਿੱਚ ਐਂ।

(ਅਗਾਮੀ ਪੰਜਾਬ ਚੋਣਾਂ ਬਾਰੇ)

ਪੰਜਾਬ ਚੋਣਾਂ ਵਿੱਚ ਤਾਂ ਐਡਾ ਡਿੱਕਾ, ਸਾਡੇ ਲੋਕ, ਜਿਸਨੂੰ ਆਪਾ ਡਾਵਾਂਡੋਲ ਕਹਿ ਦਈਏ, ਉਵੇਂ ਹੋਏ ਪਏ ਆ। ਤੇ ਸਿਆਸੀ ਲੀਡਰ ਵੀ ਹੋਏ ਪਏ ਆ। ਜਿੱਤਦੇ ਆਪਾਂ ਵੀ ਨਹੀਂ। ਇਸ ਵਾਰੀ ਰਲਮੀ ਮਿਲਮੀ ਸਰਕਾਰ ਬੇਸ਼ੱਕ ਭਾਵੇਂ ਬਣ ਜਾਵੇ। ਪਰ ਕਿਸੇ ਦੀ ਨਿਰੋਲ ਨਹੀਂ ਬਣਦੀ। ਮਾਰਚ ਦੇ ਵਿੱਚ ਰਿਜ਼ਲਟ ਆ ਜਾਣਗੇ ਪੰਜ ਸੂਬਿਆਂ ਦਾ। ਉਸ ਤੋਂ ਬਾਅਦ ਇਨ੍ਹਾਂ ਦੇ ਕੰਨ ਖੁੱਲ੍ਹ ਜਾਣਗੇ, ਮੋਦੀ ਵਰਗਿਆਂ ਦੇ, ਕੁਝ ਨਾ ਕੁਝ। ਜਿਵੇਂ ਹੁਣ ਵਾਲੀਆ ਵੋਟਾਂ ਪੈ ਕੇ ਹਟੀਆਂ ਨੇ ਕੁਝ ਇਨ੍ਹਾਂ ਨੂੰ ਪਤਾ ਲੱਗ ਹੀ ਗਿਆ ਹੋਊ। ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ ਕੋਈ ਬਾਹਲਾ ਵੱਡਾ ਨਹੀਂ ਹੈ। ਹਰਿਆਣਾ ਅਤੇ ਪੰਜਾਬ। ਉੱਥੇ ਕੋਈ ਪੱਕੀ ਧਿਰ ਨੂੰ ਨਹੀਂ ਵੋਟ ਪੈਂਦੀ। ਜਿਵੇਂ ਅਕਾਲੀਆ ਤੇ ਕਾਂਗਰਸੀਏ ਇਨ੍ਹਾਂ ਨੂੰ ਪੱਕੀ ਵੋਟ ਜਿਹੜੀ ਪਹਿਲਾਂ ਅੱਗੇ ਵਰਗੀ ਨਹੀਂ ਪੈਂਦੀ। ਉਹ ਟੁੱਟ ਚੁੱਕੀ ਹੈ। ਇਹ ਸਾਰੀ ਵੋਟ ਕਿਸਾਨ ਅੰਦੋਲਨ ਕਰਕੇ ਟੁੱਟੀ ਆ ਵੈਸੇ ਨਹੀਂ ਟੁੱਟੀ। ਊਂ ਤਾਂ ਇਹ ਖਾਈ ਜਾਂਦੇ ਸੀ, ਰੇਤਾ ਦੇਖ ਲਓ ਪੰਜ ਰੁਪਏ ਹੈ, ਪਹਿਲਾਂ ਨੌ ਰੁਪਏ ਸੀ ਅਤੇ ਤੇਲ, ਤੇਲ ਤਾਂ ਇਨ੍ਹਾਂ ਨੇ ਜਾਣ ਕੇ ਹੀ ਘਟਾ ਦਿੱਤਾ। ਕਿਉਂਕਿ ਹੁਣ ਵੀਹ ਦਿਨ ਰਹਿ ਗਏ ਤੇ ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਜਾਣਾ। ਇਹ ਤਾਂ ਇਨ੍ਹਾਂ ਦਾ ਇੱਕ ਸਟੰਟ ਆ। ਕੋਈ ਇਨ੍ਹਾਂ ਦੀ ਪੱਕੀ ਗੱਲ ਨਹੀਂ ਹੈ। ਇਨ੍ਹਾਂ ਨੇ ਪੈਨਸ਼ਨ ਪੱਚੀ ਸੌ ਰੁਪਏ ਕਿਹਾ ਸੀ। ਹੁਣ ਪੰਦਰਾਂ ਸੋ ਆਈ ਹੈ ਲੋਕਾਂ ਨੂੰ। ਪਹਿਲਾਂ ਉਹੀ ਸਾਢੇ ਸੱਤ ਸੌ ਸੀ, ਜਾਣੀ ਕਿ ਇਹ ਇਕ ਥਾਂ ਤੇ ਖੜ੍ਹੇ ਨਹੀਂ। ਨਾ ਹੀ ਕਿਸਾਨਾਂ ਦੇ ਨਾਲ ਨਾ ਹੀ ਮਜ਼ਦੂਰਾਂ ਦੇ ਨਾਲ।

ਹਿੰਮਤ ਤਾਂ ਪਰਮਾਤਮਾ ਬਖਸ਼ਦਾ ਹੈ। ਇਸ ਉਮਰ ਦੇ ਵਿੱਚ ਮੈਂ ਸਾਢੇ ਤਿੰਨ ਵਜੇ ਨਹਾ ਲੈਂਦਾ ਹਾਂ। ਚਾਹ ਕਰਕੇ ਮੈਂ ਬੋਤਲ ਵਿੱਚ ਰੱਖ ਲੈਂਦਾ ਹਾਂ। ਨਹਾ ਕੇ ਫਿਰ ਹੀ ਮੈਂ ਚਾਹ ਪੀਦਾ ਹਾਂ। ਅੱਗੇ ਤਾਂ ਆਪਣੀ ਜਿੱਤ ਪ੍ਰਾਪਤ ਹੋਵੇ, ਇਹੋ ਆਸ ਹੈ।

en_GBEnglish