ਕਿਸਾਨ ਅੰਦੋਲਨ – ਇੱਕ ਵਰਦਾਨ

ਕਿਸਾਨ ਅੰਦੋਲਨ – ਇੱਕ ਵਰਦਾਨ

ਆਖ਼ਰ ਕਿਸਾਨਾਂ ਦੀ ਜਿੱਤ ਹੋਈ! ਇੱਕ ਸਾਲ ਤੋਂ ਵੀ ਵੱਧ ਦੇ ਇੰਤਜ਼ਾਰ ਤੋਂ ਬਾਅਦ ਹੰਕਾਰ ਹਾਰ ਗਿਆ। ਅੰਦੋਲਨ ਨੇ ਆਪਣੇ ਆਪ ਨੂੰ ਨਾ ਸਿਰਫ ਭਾਰਤ, ਸਗੋਂ ਵਿਸ਼ਵ ਦੇ ਇਤਿਹਾਸ ਵਿੱਚ ਵੀ ਇੱਕ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਅੰਦੋਲਨ ਦੇ ਰੂਪ ਵਿੱਚ ਦਰਜ ਕੀਤਾ ਹੈ। ਸਾਡੀ ਇਹ ਪੀੜ੍ਹੀ ਬਹੁਤ ਖੁਸ਼ਕਿਸਮਤ ਹੈ ਕਿ ਇਸਨੂੰ ਇਹ ਅੰਦੋਲਨ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਦੋਲਨ ਨੇ ਇਸ ਪੀੜ੍ਹੀ ਨੂੰ ਬਹੁਤ ਕੁਝ ਸਿਖਾਇਆ ਹੈ ਅਤੇ ਸਭ ਤੋਂ ਪ੍ਰਮੁੱਖ ਚੀਜ਼ ਜੋ ਸਿਖਾਈ ਹੈ ਉਹ ਹੈ ਸ਼ਾਂਤੀਪੂਰਵਕ ਵਿਰੋਧ ਕਰਨ ਦਾ ਤਰੀਕਾ। ਸਾਲ ਤੋਂ ਉੱਪਰ ਚੱਲੇ ਇਸ ਕਿਸਾਨ ਅੰਦੋਲਨ ਵਿੱਚ ਭੰਨਤੋੜ ਜਾਂ ਅੱਗਜ਼ਨੀ ਦੀ ਇੱਕ ਵੀ ਰਿਪੋਰਟ ਨਹੀਂ ਆਈ, ਸਗੋਂ ਸਰਕਾਰ ਖੁਦ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੀ ਪਾਈ ਗਈ, ਜਦੋਂ ਉਸਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਰਾਸ਼ਟਰੀ ਸੜ੍ਹਕ ਮਾਰਗਾਂ ਵਿੱਚ ਵੀਹ-ਵੀਹ ਫੁੱਟ ਡੂੰਘੇ ਟੋਏ ਪੁੱਟ ਦਿੱਤੇ।

ਜਦੋਂ ਵੀ ਕਿਤੇ ਕੋਈ ਸ਼ਾਂਤਮਈ ਪ੍ਰਦਰਸ਼ਨ ਚੱਲਦਾ ਹੈ ਤਾਂ ਸਰਕਾਰਾਂ/ਹੁਕਮਰਾਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਵੇਂ ਇਸ ਨੂੰ ਸ਼ਾਂਤਮਈ ਤੋਂ ਹਿੰਸਕ ਬਣਾਇਆ ਜਾਵੇ। ਮੈਂ ਇੱਕ ਵਾਰ ਜੇ.ਐਨ.ਯੂ. ਦੇ ਇੱਕ ਤਜਰਬੇਕਾਰ ਵਿਦਿਆਰਥੀ ਆਗੂ ਨੂੰ ਇਹ ਕਹਿੰਦੇ ਸੁਣਿਆ ਕਿ ਜਦੋਂ ਵੀ ਕੋਈ ਸ਼ਾਂਤੀਪੂਰਨ ਪ੍ਰਦਰਸ਼ਨ ਚੱਲਦਾ ਹੈ ਤਾਂ ਇੱਕ ਪੁਰਾਣੀ ਕਬਾੜਾ ਜੀਪ ਜਾਂ ਕਾਰ ਆਪਣੇ ਆਪ ਪ੍ਰਦਰਸ਼ਨ ਵਾਲੀ ਜਗਾਹ ਤੇ ਪ੍ਰਗਟ ਹੋ ਜਾਂਦੀ ਹੈ। ਨਾਲ ਹੀ ਉੱਥੇ ਮਿੱਟੀ ਦੇ ਤੇਲ ਦਾ ਕੈਨ ਪਿਆ ਮਿਲ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਹੀ ਅੰਦੋਲਨ ਵਾਲੇ ਸਥਾਨ ਤੇ ਪਲਾਂਟ ਕੀਤੀਆਂ ਜਾਂਦੀਆਂ ਹਨ। ਅਤੇ ਫਿਰ ਭੀੜ ਵਿੱਚੋਂ ਕੋਈ ਅਣਪਛਾਤਾ ਅਨਸਰ ਉਸ ਵਾਹਨ ਨੂੰ ਅੱਗ ਲਗਾ ਦਿੰਦਾ ਹੈ। ਜਿਵੇਂ ਹੀ ਅੱਗ ਲੱਗਦੀ ਹੈ ਪੁਲਿਸ ਪ੍ਰਦਰਸ਼ਨਕਾਰੀਆਂ ‘ਤੇ ਬੇਰਹਿਮੀ ਨਾਲ ਹਮਲਾ ਸ਼ੁਰੂ ਕਰ ਦਿੰਦੀ ਹੈ ਅਤੇ ਅਕਸਰ ਹੀ ਪ੍ਰਦਰਸ਼ਨਾਂ ਨੂੰ ਖਦੇੜਨ/ਖਤਮ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ। ਅਤੇ ਅਖਬਾਰਾਂ ਅਤੇ ਟੀ.ਵੀ. ਚੈਨਲਾਂ ‘ਤੇ ਇੱਕੋ ਹੀ ਘਸੀ ਪਿਟੀ ਕਹਾਣੀ ਵਾਰ ਵਾਰ ਦੋਹਰਾਈ ਜਾਂਦੀ ਹੈ ਕਿ ਕਿਵੇਂ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਕੀਤੀ। ਪਰ ਇਸ ਵਾਰ ਕਿਸਾਨ ਯੂਨੀਅਨ ਦੇ ਆਗੂਆਂ ਦੇ ਤਜ਼ਰਬੇ, ਸੂਝ-ਬੂਝ ਅਤੇ ਅਗਾਊਂ ਚੇਤਾਵਨੀਆਂ ਦੇ ਸਦਕਾ ਲੋਕਾਂ, ਖਾਸ ਕਰਕੇ ਨੌਜਵਾਨਾਂ ਨੇ ਕਿਸੇ ਵੀ ਤਰਾਂ ਦੀ ਅਗਜ਼ਨੀ ਜਾਂ ਭੰਨਤੋੜ ਦੀ ਕੋਈ ਕਾਰਵਾਈ ਨਾ ਕੀਤੀ ਅਤੇ ਨਾ ਹੀ ਹੋਣ ਦਿੱਤੀ।

ਲੋਕਾਂ ਨੂੰ ਜਾਗ੍ਰਿਤ ਕਰਨ ਦੇ ਨਾਲ-ਨਾਲ, ਅੰਦੋਲਨ ਨੇ ਇਸ ਫਾਸੀਵਾਦੀ ਸਰਕਾਰ ਨੂੰ ਇੱਕ ਬਹੁਤ ਸਖ਼ਤ ਅਤੇ ਅਤਿ ਲੋੜੀਂਦਾ ਸਬਕ ਸਿਖਾਇਆ ਹੈ- ਕਿ ਇਹ ਸਰਕਾਰ ਹਰ ਵਾਰ ਗੈਰ-ਸੰਵਿਧਾਨਕ ਅਤੇ ਗੈਰ-ਜਮਹੂਰੀ ਕਾਨੂੰਨ ਲਿਆ ਕੇ ਬਚ ਕੇ ਨਹੀਂ ਨਿਕਲ ਸਕਦੀ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਵਿਰੋਧ ਪ੍ਰਦਰਸ਼ਨਾਂ ਦੇ ਅੱਗੇ ਝੁਕ ਕੇ ਖੁਦ ਆਪਣੇ ਬਣਾਏ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਅੰਦੋਲਨ ਭਾਰਤ ਦੇ ਹਰ ਸੱਚੇ ਨਾਗਰਿਕ ਲਈ ਵਰਦਾਨ ਸਾਬਤ ਹੋਇਆ ਹੈ ਕਿਉਂਕਿ ਅੰਦੋਲਨ ਨੇ ਦੇਸ਼ ਨੂੰ, ਇਸ ਸਰਕਾਰ ਦੁਆਰਾ ਪੂਰੀ ਤਰ੍ਹਾਂ ਤਬਾਹਕੁੰਨ ਅਤੇ ਅਰਾਜਕਤਾ ਦੀ ਸਥਿਤੀ ਵਿੱਚ ਸੁੱਟਣ ਤੋਂ ਬਚਾਇਆ ਹੈ। ਕਿਵੇਂ?

ਜੇਕਰ ਕਿਸਾਨ ਰਾਜਧਾਨੀ ਦੀਆਂ ਸਰਹੱਦਾਂ ‘ਤੇ ਨਾ ਬੈਠੇ ਹੁੰਦੇ, ਤਾਂ ਸੱਤਾ ਦੇ ਹੰਕਾਰ ਵਿੱਚ ਚੂਰ ਇਹ ਸਰਕਾਰ ਹੁਣ ਤੱਕ CAA-NRC ਨੂੰ ਲਾਗੂ ਕਰਨ ਲਈ ਅੱਗੇ ਵੱਧ ਚੁੱਕੀ ਹੁੰਦੀ । ਉਸ ਵਿਵਾਦਪੂਰਨ, ਗੈਰ-ਸੰਵਿਧਾਨਕ CAA-NRC ਦੇ ਕਾਨੂੰਨ ਨੂੰ ਲਾਗੂ ਕਰਨ ਲਈ, ਜਿਸਦੇ ਵਿਰੁੱਧ 10 ਰਾਜਾਂ ਨੇ ਆਪਣੀਆਂ ਅਸੰਬਲਿਆਂ ਵਿੱਚ ਮਤੇ ਪਾਸ ਕੀਤੇ ਹੋਏ ਹਨ, ਕਾਨੂੰਨ ਨੂੰ ਆਪਣੇ ਸੂਬਿਆਂ ਵਿੱਚ ਲਾਗੂ ਨਾ ਕਰਨ ਦੇ ਮਤੇ। ਦੇਸ਼ ਰਾਜਾਂ ਬਨਾਮ ਕੇਂਦਰ ਦੇ ਖ਼ਤਰਨਾਕ ਟਕਰਾਅ ਵੱਲ ਵੱਧਦਾ, ਜਿਸ ਨਾਲ ਦੇਸ਼ ਦਾ ਸੰਘੀ ਢਾਂਚਾ (Federal Structure) ਹੀ ਖਤਰੇ ਵਿੱਚ ਪੈ ਜਾਂਦਾ। ਹੁਣ ਕਿਸਾਨਾਂ ਦੇ ਅੰਦੋਲਨ ਕਾਰਨ ਸਰਕਾਰ ਪੂਸ਼ ਲੱਤਾਂ ਵਿੱਚ ਦੇ ਕੇ ਚੱਲ ਰਹੀ ਅਤੇ CAA-NRC ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਕਰ ਸਕਦੀ। ਇਸ ਤੋਂ ਇਲਾਵਾ, ਮੋਦੀ ਦਾ ‘ਕਦੇ ਨਾ ਝੁਕਣ ਵਾਲਾ, ਕਦੇ ਕਦਮ ਵਾਪਿਸ ਨਾ ਲੈਣ ਵਾਲਾ’ ਅਕਸ ਚਕਨਾਚੂਰ ਹੋ ਗਿਆ ਹੈ ਅਤੇ ਜੇ CAA-NRC ਦੇ ਖਿਲਾਫ ਦੁਬਾਰਾ ਪ੍ਰਦਰਸ਼ਨ ਸ਼ੁਰੂ ਹੁੰਦੇ ਹਨ ਤਾਂ ਪ੍ਰਦਰਸ਼ਨਕਾਰੀਆਂ ਵਿੱਚ ਖ਼ਤਰਨਾਕ ਹੋਂਸਲਾ ਹੋਵੇਗਾ ਜਿਸਦਾ ਸਾਹਮਣਾ ਕਰਨਾ ਸਰਕਾਰ ਲਈ ਬਹੁਤ ਹੀ ਔਖਾ ਹੋਵੇਗਾ। ਕਿਸਾਨ ਅੰਦੋਲਨ ਤੋਂ ਬਾਅਦ ਮੋਦੀ-ਸ਼ਾਹ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਅਤੇ ਇਸੇ ਕਾਰਣ ਹੀ ਸਰਕਾਰ CAA-NRC ਦਾ ਨਾਮ ਵੀ ਹੁਣ ਨਹੀਂ ਲੈਂਦੀ। ਦੇਸ਼ ਦੇ ਹਰ ਨਾਗਰਿਕ ਨੂੰ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਤਬਾਹੀ ਵੱਲ ਜਾਣ ਤੋਂ ਰੋਕਿਆ ।

ਅੰਦੋਲਨ ਨੇ ਦਿਖਾ ਦਿੱਤਾ ਹੈ ਕਿ ਸੜਕਾਂ ਪਾਰਲੀਮੈਂਟ ਨਾਲੋਂ ਜ਼ਿਆਦਾ ਤਾਕਤ ਰੱਖਦੀਆਂ ਹਨ ਅਤੇ ਇਨ੍ਹਾਂ ਸੜਕਾਂ ‘ਤੇ ਬੈਠੇ ਆਮ ਆਦਮੀ ਕੋਲ ਪ੍ਰਧਾਨ ਮੰਤਰੀ ਦੇ ਗੋਡੇ ਲਵਾਉਣ ਦੀ ਤਾਕਤ ਹੈ।

ਕਿਸਾਨਾਂ ਨੇ ਸਾਨੂੰ ਅਜਿਹੇ ਅੰਦੋਲਨ ਦਾ ਹਾਮੀ/ਸਾਕਸ਼ੀ ਬਣਨ ਦਾ ਮੌਕਾ ਦਿੱਤਾ ਜ੍ਹਿਨਾਂ ਬਾਰੇ ਅਸੀਂ ਕੇਵਲ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਹੀ ਪੜ੍ਹਿਆ ਸੀ, ਖਾਸ ਕਰਕੇ ਆਜ਼ਾਦੀ ਤੋਂ ਪਹਿਲਾਂ ਦਾ ਇਤਿਹਾਸ। ਇਸ ਸਰਕਾਰ ਨੇ ਇਹ 3 ਵਿਵਾਦਪੂਰਨ ਬਿੱਲ ਪਾਸ ਕਰਨ ਵੇਲੇ ਹਰ ਅਦਾਰੇ ਅਤੇ ਹਰ ਮਰਿਆਦਾ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ – ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਬਾਰੇ ਕਾਨੂੰਨ ਬਣਾ ਕੇ ਸੰਵਿਧਾਨ ਦੀ ਉਲੰਘਣਾ ਕੀਤੀ, ਕਿਉਂਕਿ ਸੰਵਿਧਾਨ ਅਨੁਸਾਰ ਖੇਤੀ ਰਾਜਾਂ ਦਾ ਵਿਸ਼ਾ ਹੈ ਅਤੇ ਕੇਂਦਰ ਖੇਤੀ ਬਾਰੇ ਕੋਈ ਕਾਨੂੰਨ ਬਣਾ ਹੀ ਨੀ ਸਕਦੀ। ਫਿਰ ਉਨ੍ਹਾਂ ਨੇ ਰਾਜ ਸਭਾ ਨੂੰ ਹਾਈਜੈਕ ਕਰ ਲਿਆ ਅਤੇ ਵੋਟਾਂ ਦੀ ਗਿਣਤੀ ਤੱਕ ਨਹੀਂ ਹੋਣ ਦਿੱਤੀ। ਵਿਰੋਧੀ ਧਿਰ ‘ਲੋਕਤੰਤਰ ਦੀ ਹੱਤਿਆ’ ਦਾ ਰੌਲ਼ਾ ਪਾਉਂਦੀ ਰਹੀ ਪਰ ਸਰਕਾਰ ਅਰਾਮ ਨਾਲ ਬਚ ਕੇ ਨਿਕਲ ਗਈ। ਫਿਰ ਕਿਸਾਨਾਂ ਨੇ ਦਿੱਲੀ ਨੂੰ ਵਹੀਰਾਂ ਘੱਤ ਦਿੱਤੀਆਂ ਤੇ ਸੜਕਾਂ ਤੇ ਸਰਕਾਰ ਨੂੰ ਜਾ ਘੇਰਿਆ। ਹੱਥਾਂ ਨਾਲ ਦਿੱਤੀਆਂ ਹੁਣ ਸਰਕਾਰ ਨੂੰ ਮੂੰਹ ਨਾਲ ਖੋਹਲਣੀਆਂ ਪੈ ਰਹੀਆਂ ਹਨ।

ਭਵਿੱਖ ਵਿੱਚ ਇਹ ਸਰਕਾਰ, ਬਲਕਿ ਕੋਈ ਵੀ ਹੋਰ ਸਰਕਾਰ ਕੋਈ ਗੈਰ-ਸੰਵਿਧਾਨਕ ਕਾਨੂੰਨ ਜਾਂ ਗੈਰਜਮਹੂਰੀ ਤਰੀਕੇ ਨਾਲ ਕੋਈ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਲੱਖ ਵਾਰ ਸੋਚੇਗੀ। ਭਾਰਤ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ। ਐਨੇ ਵੱਡੇ ਅਤੇ ਲੰਬੇ ਸੰਘਰਸ਼ ਨੂੰ ਐਨੀ ਹਿੰਮਤ ਅਤੇ ਸਬਰ ਨਾਲ ਲੜਨ ਲਈ ਕਿਸਾਨਾਂ ਦੇ ਸਿਰੜ ਨੂੰ ਦਿਲੋਂ ਸਲਾਮ!

en_GBEnglish