ਕਿਸਾਨੀ ਸੰਘਰਸ਼ ਸ਼ੁਰੂ ਹੋਏ ਨੂੰ ਸਾਲ ਤੋਂ ਵੀ ਉਪਰ ਦਾ ਸਮਾਂ ਹੋ ਗਿਆ ਹੈ ਤੇ ਦਿੱਲੀ ਵਿਚ ਬੈਠੇ ਹੋਏ ਕਿਸਾਨਾਂ ਨੂੰ ਵੀ। ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆ ਹੈ ਇਹ ਹਮੇਸ਼ਾਂ ਖਬਰਾਂ ਵਿੱਚ ਹੀ ਬਣਿਆ ਰਿਹਾ। ਇਸ ਨੂੰ ਤਾਰਪੀਡੋ ਕਰਨ ਤੇ ਖਿੰਡਾਉਣ ਦੀਆਂ ਵੀ ਅਨੇਕ ਕੋਸ਼ਿਸ਼ਾਂ ਹੋਈਆਂ ਪਰ ਕਿਸਾਨਾਂ ਦੀ ਏਕਤਾ ਤੇ ਸੂਝ ਬੂਝ ਨੇ ਸਭ ਫੇਲ ਕਰ ਦਿੱਤੀਆਂ। ਕਿਸਾਨਾਂ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਉਹ ਸਿਰਫ਼ ਅੰਨ ਦੇ ਦਾਤੇ ਹੀ ਨਹੀਂ ਸਗੋਂ ਸੰਘਰਸ਼ਾਂ ਦੇ ਵੀ ਸ਼ਾਹ ਸਵਾਰ ਨੇ। ਜਦੋਂ ਵੀ ਦੇਸ਼ ‘ਤੇ ਭੀੜ ਪੈਂਦੀ ਹੈ ਤਾਂ ਇਹਨਾਂ ਕਿਸਾਨਾਂ ਦੇ ਬੱਚੇ ਹੀ ਬਾਡਰਾਂ ਤੇ ਜਾ ਕੇ ਆਪਣਾ ਖੂਨ ਡੋਲਦੇ ਨੇ ਅਤੇ ਹੁਣ ਵੀ ਦੇਸ਼ ਦੀ ਜਨਤਾ ਖਾਤਿਰ ਲਗਭਗ 700 ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਇਸ ਸੰਘਰਸ਼ ਦੇ ਦੌਰਾਨ ਲਗਾਤਾਰ ਲੰਗਰ ਵੀ ਚਲਦੇ ਰਹੇ ਤੇ ਕੋਈ ਵੀ ਕਿਸੇ ਵੀ ਜਾਤ ਪਾਤ ਦੇ ਭੇਦ ਭਾਵ ਤੋਂ ਬਗੈਰ ਇਥੋਂ ਆਪਣਾ ਪੇਟ ਭਰਕੇ ਜਾਂਦਾ ਰਿਹਾ। ਕੇਵਲ ਇਸ ਸੰਘਰਸ਼ ‘ਚ ਸ਼ਾਮਿਲ ਅੰਦੋਲਨਕਾਰੀਆਂ ਨੂੰ ਹੀ ਨਹੀਂ ਬਲਕਿ ਮੋਰਚਿਆਂ ਦੇ ਲਾਗੇ ਰਹਿਣ ਵਾਲੇ ਆਮ ਲੋਕਾਂ ਨੂੰ ਵੀ ਇਹ ਸੰਘਰਸ਼ ਆਪਣੀ ਪੂਰੀ ਜ਼ਿੰਦਗੀ ਯਾਦ ਰਹਿਣ ਵਾਲਾ ਹੈ। ਕਿਉਂਕਿ ਇਸ ਇਕ ਸਾਲ ਦੇ ਦੌਰਾਨ ਉਨ੍ਹਾਂ ਨੇ ਕਦੇ ਵੀ ਰੋਟੀ ਦੀ ਘਾਟ ਮਹਿਸੂਸ ਨਹੀਂ ਕੀਤੀ ਹੋਣੀ। ਹਰ ਗਰੀਬ ਗੁਰਬੇ ਦਾ ਇਥੋਂ ਪੇਟ ਭਰਦਾ ਰਿਹਾ ਹੈ। ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਇਸ ਮੋਰਚੇ ਤੇ ਘਟੀਆ ਬਿਆਨਬਾਜ਼ੀ ਹੋ ਰਹੀ ਸੀ, ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ। ਡਰ ਲਗਦਾ ਸੀ ਕਿ ਕਿਧਰੇ ਇਹ ਮੋਰਚਾ ਕਿਸੇ ਗੰਦੀ ਰਾਜਨੀਤੀ ਦੀ ਭੇਟ ਨਾ ਚੜ੍ਹ ਜਾਵੇ। ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਕਿਸਾਨਾਂ ਦੇ ਏਕੇ ਤੇ ਆਗੂਆਂ ਦੀ ਸੂਝ ਬੂਝ ਨੇ ਸੰਘਰਸ਼ ਦੀ ਦਿਸ਼ਾ ਤੇ ਦਸ਼ਾ ਬਿਲਕੁਲ ਖਰਾਬ ਨਹੀਂ ਹੋਣ ਦਿੱਤੀ। ਇਸਤੋਂ ਸਾਡੇ ਬਜ਼ੁਰਗਾਂ ਦੀ ਪ੍ਰਚੰਡ ਸੂਝ ਬੂਝ ਸਾਹਮਣੇ ਆਈ।
ਹੁਣ ਜਦ ਮੋਰਚਾ ਫਤਿਹ ਹੋ ਗਿਆ ਹੈ ਤਾਂ ਨਵੀਆਂ ਨਸਲਾਂ ਲਈ ਇਹ ਬਹੁਤ ਵੱਡਾ ਪ੍ਰੇਰਨਾਸ੍ਰੋਤ ਬਣ ਗਿਆ ਹੈ ਕਿ ਕਿਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਵੀ ਆਪਣੇ ਹੱਕ ਹਾਸਿਲ ਕੀਤੇ ਜਾ ਸਕਦੇ ਹਨ। ਕਹਿਰ ਦੀ ਗਰਮੀ, ਸਰਦੀ, ਬਾਰਿਸ਼ ਆਪਣੇ ਪਿੰਡੇ ‘ਤੇ ਹੰਡਾ ਰਹੇ ਬਜ਼ੁਰਗ ਅੱਜ ਸਾਡੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਵਜੋਂ ਸਥਾਪਿਤ ਹੋ ਗਏ ਹਨ। ਹੱਥਾਂ ‘ਤੇ ਹੱਥ ਧਰ ਬੈਠੇ ਰਹਿੰਦੇ ਤਾਂ ਆਪਣੀਆਂ ਜ਼ਮੀਨਾਂ ਗਵਾ ਲੈਂਦੇ। ਨੇਤਾਵਾਂ ਨੂੰ ਵੀ ਕੰਨ ਹੋ ਗਏ ਹਨ, ਅੱਗੇ ਤੋਂ ਕੋਈ ਵੀ ਬੇਹੂਦਾ ਕਾਨੂੰਨ ਬਣਾਉਣ ਤੋਂ ਪਹਿਲਾਂ ਉਹ ਸੌ ਵਾਰ ਸੋਚਣਗੇ। ਅੱਗੇ ਤੋਂ ਕੋਈ ਵੀ ਸਰਕਾਰ ਅਜਿਹੇ ਬਿਲ ਲਿਆਉਣ ਤੇ ਚੁੱਪ ਚੁਪੀਤੇ ਪਾਸ ਕਰਨ ਦੀ ਜੁਅਰਤ ਨਹੀਂ ਕਰ ਸਕਦੀ। ਕੁੱਲ ਮਿਲਾ ਕੇ ਇਸ ਸੰਘਰਸ਼ ਨੇ ਸੁੱਤੇ ਹੋਇਆਂ ਨੂੰ ਜਗਾਉਣ ਦਾ ਕੰਮ ਕੀਤਾ ਹੈ। ਸਚਮੁੱਚ ਕਿਰਤੀ ਕਿਸਾਨਾਂ ਦੀ ਹੁਣ ਜਾਗੋ ਆਈ ਹੈ।