ਜੱਗੀ ਬਾਬੇ ਦੀ ਤਸਵੀਰ ਦੀ ਕਹਾਣੀ

ਜੱਗੀ ਬਾਬੇ ਦੀ ਤਸਵੀਰ ਦੀ ਕਹਾਣੀ

ਗੁਰਦੀਪ, ਟੀਕਰੀ ਮੋਰਚਾ

ਪਹਿਲਾਂ ਅਸੀਂ ਟਰੈਕਟਰਾਂ ਨਾਲ਼ ਜਾ ਰਹੇ ਸੀ ਆਰਾਮ ਨਾਲ਼, ਸਭ ਸਹੀ ਚੱਲ ਰਿਹਾ ਸੀ। ਇੱਕ ਲਾਈਨ ਚੱਲ ਰਹੇ ਸੀ ਸਾਰੇ। ਫੇਰ ਸਾਰੇ ਟਰੈਕਟਰ ਰੁਕ ਗਏ ਅਤੇ ਸਾਨੂੰ ਪਤਾ ਲੱਗਿਆ ਕਿ ਅੱਗੇ ਕੁਝ ਹੋ ਗਿਆ। ਸੋ ਅਸੀਂ ਸੋਚਿਆ ਕਿ ਅਸੀਂ ਅੱਗੇ ਚੱਲ ਕੇ ਦੇਖ ਕੇ ਆਉਨੇ ਹਾਂ ਨਾਲੇ ਫੋਟੋਆਂ ਹੋ ਜਾਣਗੀਆਂ ਕੁਝ। ਐਦਾਂ ਫ਼ੋਟੋਆਂ ਕਰਦੇ ਕਰਦੇ ਅਸੀਂ ਅੱਗੇ ਪਹੁੰਚ ਗਏ। ਓਥੇ ਦੇਖਿਆ ਕਿ ਕਾਫ਼ੀ ਪੁਲਸ ਵਾਲੇ ਖੜੇ ਸੀ।

ਅੱਥਰੂ ਗੈਸ ਦੇ ਗੋਲੇ ਛੱਡੇ ਹੋਏ ਸੀ ਉਹਨਾਂ ਨੇ, ਅੱਖਾਂ ਮੱਚ ਰਹੀਆਂ ਸੀ। ਥੋੜੇ ਟਾਈਮ ਨੂੰ ਮਹੌਲ ਜਿਆਦਾ ਗਰਮ ਹੋ ਗਿਆ, ਪੁਲਸ ਨੇ ਮੁੰਡਿਆਂਤੇ ਬਜ਼ੁਰਗਾਂ ਨੂੰ ਲਾਠੀਆਂ ਮਾਰਨੀਆਂ ਸ਼ੁਰੂ ਕਰਤੀਆਂ। ਮੈਂ ਫ਼ੋਟੋਆਂ ਖਿੱਚਣ ਦੀ ਕੋਸ਼ਿਸ਼ ਕੀਤੀ। ਫੇਰ ਮੈਂ ਸੇ਼ਫਟੀ ਲਈ ਮੀਡੀਆ ਵੱਲ ਹੋ ਗਿਆ ਸੀ। ਇੱਕ ਮੈਨੂੰ ਡਰ ਸੀ ਕਿ ਮੈਂ ਪੱਗ ਬੰਨੀ ਸੀ ਅਤੇ ਪਲਸ ਵਾਲੇ ਪੱਗ ਵਾਲਿਆਂ ਵੱਲ ਜਿਆਦਾ ਧਿਆਨ ਦੇ ਰਹੇ ਸਨ, ਅਤੇ ਕੈਮਰਾ ਵੀ ਸੀ। ਥੋੜੇ ਟਾਈਮ ਬਾਅਦ ਮੈਂ ਸੋਚਿਆ ਕੋਈ ਗੱਲ ਨੀ ਇੱਕ ਦੋ ਡਾਂਗਾਂ ਖਾ ਲਵਾਂਗੇ ਕਿੱਡੀ ਕੁ ਗੱਲ , ਫੋਟੋਆਂ ਖਿੱਚਣੀਆਂ ਜ਼ਰੂਰੀ ਹਨ। ਫੋਟੋਆਂ ਕਰਦੇ ਕਰਦੇ ਜੱਗੀ ਬਾਬਾ ਜੀ ਮਿਲ ਗਏ, ਜਿਨਾਂ ਦਾ ਸੀਸ ਪਾਟਾ ਸਾਰਾ। ਉਹ ਜੈਕਾਰੇ ਲਾ ਰਹੇ ਸੀ। ਉਹਨਾਂ ਨੂੰ ਦੇਖ ਕੇ ਕਾਫ਼ੀ ਪ੍ਰਭਾਵਿਤ ਹੋਇਆ ਮੈਂ, ਮੈਨੂੰ ਬਹੁਤ ਜ਼ਰੂਰੀ ਲੱਗਿਆ ਉਹਨਾਂ ਦੀ ਫੋਟੋ ਖਿੱਚਣਾਤੇ ਮੈਂ ਅੱਗੇ ਹੋ ਕੇ ਉਹਨਾਂ ਦੀ ਫੋਟੋ ਖਿੱਚੀ। ਪੁਲਸ ਫੇਰ ਹੋਰ ਵੀ ਟੀਅਰ ਗੈਸ ਸਿਟਦੀ ਰਹੀ ਅਤੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਪੁਲਸ ਦੇ ਏਸ ਤਸ਼ਦੱਦ ਨੂੰ ਕੈਦ ਕਰਨ ਦੀ।

ਜਿਹੜਾ ਓਥੇ ਮੀਡੀਆ ਵੀ ਖੜਾ ਹੋਇਆ ਸੀ ਉਹ ਵੀ ਕੁਛ ਕਵਰ ਨੀ ਕਰ ਰਿਹਾ, ਸਾਰੇ ਬੱਸ ਦੇਖ ਰਹੇ ਸੀ। ਜਦੋਂ ਹਲਚਲ ਜਿਆਦਾ ਹੋ ਗਈ ਪੁਲਸ ਵੀ ਭੱਜ ਗਈ। ਫੇਰ ਮੈਨੂੰ ਲੱਗਿਆ ਕਿ ਬੱਸ ਫ਼ੋਟੋਆਂ ਖਿੱਚੀ ਜਾਈਏ, ਕਿਤੇ ਨਾ ਕਿਤੇ ਜਾ ਕੇ ਤਾਂ ਇਹ ਫੋਟੋਆਂ ਇਨਸਾਫ਼ ਕਰਨਗੀਆਂ। ਜੋ ਉਸ ਦਿਨ ਹੋਇਆ, ਉਸ ਨੂੰ ਹੂ ਹੂ ਅੱਗੇ ਪਹੁੰਚਾਉਣ ਫੋਟੋਆਂ ਨੇ ਕਾਫ਼ੀ ਮਦਦ ਵੀ ਕੀਤੀ। ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਨਾਮੈਂ ਦੋ ਹਫ਼ਤੇ ਪਹਿਲਾਂ ਪਹਿਲੀ ਵਾਰੀ ਮੈਂ ਮੋਰਚੇਤੇ ਸਿੰਘੂ ਆਇਆ ਸੀ, ਇਕੱਲਾ ਹੀ। ਮੈਂ ਰਾਤ ਨੂੰ ਪਹੁੰਚਿਆ ਸੀ, ਮੇਰੇ ਕੋਲ ਕੋਈ ਕੰਬਲ ਵਗੈਰਾ ਨਹੀਂ ਸੀ ਨਾ ਹੀ ਮੈਨੂੰ ਪਤਾ ਸੀ ਕਿ ਕਿੱਥੋਂ ਕੰਬਲ ਮਿਲ ਸਕਦਾ। ਪਿੱਛੇ ਜਿਹੇ ਇੱਕ ਗੱਦਾ ਪਿਆ ਸੀ, ਉਹਦੇਤੇ ਮੈਂ ਆਪਣੀ ਜੈਕਟ ਵਿੱਚ ਲਿਪਟ ਕੇ ਪੈ ਗਿਆ। ਰਾਤ ਨੂੰ ਕੋਈ ਮੇਰੇਤੇ ਲੋਈ ਪਾ ਗਿਆ, ‘ਤੇ ਜਦੋਂ 6 ਵਜੇ ਜਾਗ ਆਈ ਤਾਂ ਕੋਈ ਲੋਈ ਉੱਪਰ ਕੰਬਲ ਵੀ ਪਾ ਗਿਆ ਸੀ। ਸੋਚ ਕੇ ਬਹੁਤ ਖੁਸ਼ੀ ਹੁੰਦੀ ਉਹਦੇ ਬਾਰੇ, ਸਾਰਿਆਂ ਨਾਲ ਸਾਂਝਾ ਕਰਦਾ ਮੈਂ ਇਹ ਵਾਕਿਆ।

en_GBEnglish

Discover more from Trolley Times

Subscribe now to keep reading and get access to the full archive.

Continue reading