ਸਰਕਾਰ ਨੂੰ ਸੁਨੇਹਾ

ਸਰਕਾਰ ਨੂੰ ਸੁਨੇਹਾ

ਮੈਂਨੂੰ ਤੇ ਮੇਰੇ ਦੋਸਤਾਂ, ਇਕਬਾਲ ਸਿੰਘ ਗਿੱਲ ਲੁਧਿਆਣੇ ਤੋਂ ਅਤੇ ਧਰਮਵੀਰ ਬਰਵਾਲਾ, ਹਿਸਾਰ ਤੋਂ ਮਿਤੀ 23-12-2020 ਨੂੰ ਗਰਮ ਕਪੜਿਆਂ ਵਾਲੇ ਛੋਟੇ ਟਰੱਕ ਨਾਲ ਦਿੱਲੀ ਲਈ ਰਵਾਨਾ ਹੋਏ। ਰੋਹਤਕ ਰਿਵਾੜੀ ਹੁੰਦੇ ਹੋਏ, ਹਰਿਆਣਾ ਸਰਕਾਰ ਦੇ ਹੱਥ ਕੰਢਿਆਂ ਦੇ ਬਾਵਜੂਦ ਆਥਣ 4.30 ਵਜੇ ਸਫਲਤਾ ਨਾਲ ਸ਼ਾਹਜਹਾਨਪੁਰ ਪਹੁੰਚ ਕੇ ਕਿਸਾਨਾਂ ਲਈ ਰਸਦ ਪਹੁੰਚਾਓਣ ਦਾ ਸੁਭਾਗ ਪ੍ਰਾਪਤ ਹੋਇਆ। ਅਸੀਂ ਸਾਰਾ ਸਮਾਨ ‘ਸੈਂਟਰਲ ਸਟੋਰ’ ਦੇ ਇਨਚਾਰਜ ਕਾਮਰੇਡ ਚੌ. ਦਲੀਪ ਸਿੰਘ ਜੀ ਦੇ ਹਵਾਲੇ ਕਰ ਦਿਤਾ, ਜਿਥੇ ਸਾਡੀ ਮੁਲਾਕਾਤ ਰਾਏ ਬਰੇਲੀ ਤੋਂ ਇਸ ਅੰਦੋਲਨ ਵਿਚ ਹਿੱਸਾ ਲੈਣ ਆਏ ਮੁਹਤਰਮਾ ਅਰਚਨਾ ਨਾਲ ਹੋਈ ਜੋ ਪੇਸ਼ੇ ਵਜੋਂ ਇੱਕ ਵਕੀਲ ਹਨ।

ਸਮਾਨ ਸਪੁਰਦ ਕਰਕੇ ਤੁਰਨ ਲਗਿਆਂ ਅਰਚਨਾ ਸਾਹਿਬਾ ਨੇ ਬੜੀ ਹਲੀਮੀ ਨਾਲ ਹਥ ਜੋੜ ਕੇ ਸਾਡਾ ਸ਼ੁਕਰੀਆ ਅਦਾ ਕੀਤਾ, ਮੇਰੇ ਮੂੰਹੋਂ ਆਪ ਮੁਹਾਰੇ ਇਹ ਸ਼ਬਦ ਨਿੱਕਲ ਗਏ, “ਭੈਣ ਮੇਰੀ, ਸਾਡਾ ਸ਼ੁਕਰੀਆ ਕਿਸ ਗੱਲ ਦਾ, ਇਹ ਤਾਂ ਅਸੀਂ ਅਪਣਿਆਂ ਵਾਸਤੇ ਕਰ ਰਹੇ ਹਾਂ”। ਮੇਰੀ ਇਨੀਂ ਕੁ ਗੱਲ ਸੁਣ ਕੇ ਮੁਹਤਰਮਾ ਅਰਚਨਾ ਸਾਹਿਬਾ ਬਹੁਤ ਭਾਵੁਕ ਹੋ ਗਏ ਅਤੇ ਨਮ ਅਖਾਂ ਨਾਲ ਗਚ ਭਰ ਕੇ ਆਖਿਆ, “ਫਿਰ ਵੀ ਤੁਹਾਡਾ ਸ਼ੁਕਰੀਆ”। ਮੇਰੀਆਂ ਬਾਹਾਂ ਨੇ ਆਪਣੇ ਆਪ ਹੀ ਉਸ ਭੈਣ ਨੂੰ ਜੱਫੀ ਵਿਚ ਲੈ ਲਿਆ ਤੇ ਅਸੀਂ ਟੈਂਟ ਤੋਂ ਬਾਹਰ ਨਿਕਲ ਕੇ ਚਾਹ ਪੀਣ ਆ ਗਏ।

ਚਾਹ ਬਣਾਉਣ ਵਾਲਾ ਇੱਕ 65 ਸਾਲਾ ਸਿੱਖ ਸ਼ਖਸ ਸੀ ਜਿਸ ਨੇ ਬੜੇ ਪਿਆਰ ਨਾਲ ਚਾਹ ਬਣਾਈ ਤੇ ਸਤਿਕਾਰ ਨਾਲ ਪਰੋਸੀ। ਚਾਹ ਪੀੰਦਿਆਂ, ਸਰਦਾਰ ਸਾਹਿਬ ਨਾਲ ਗੱਲ ਬਾਤ ਵਿੱਚ ਪਤਾ ਲਗਿਆ ਕਿ ਉਹ ਪਹਿਲੇ ਦਿਨੋਂ ਹੀ ਉਥੇ ਬੈਠੇ ਸਨ ਤੇ 28-29 ਦਿਨ ਹੋ ਗਏ ਸਨ ਉਹਨਾਂ ਨੂੰ ਲੰਗਰ ਲਗਾਇਆਂ। ਆਖਣ ਲੱਗੇ, “ਮੈਂ, ਘੜਸਾਣਾ 700 ਕਿ. ਮੀ. ਦੂਰ, ਰਾਜਸਥਾਨ ਤੋਂ ਆਇਆ ਹਾਂ। 65 ਸਾਲ ਦੀ ਮੇਰੀ ਉਮਰ ਹੈ, ਸ਼ੂਗਰ ਦਾ ਮਰੀਜ਼ ਹਾਂ, ਇਥੇ ਬੈਠਿਆਂ 28-29 ਦਿਨ ਹੋ ਚੱਲੇ ਹਨ ਪਰ ਸਰਕਾਰ ਸਾਡੀ ਕੋਈ ਗਲ ਨਹੀਂ ਸੁਣ ਰਹੀ”। ਇਹ ਆਖਦਿਆਂ ਉਹਨਾਂ ਦਾ ਭਰਿਆ ਮਨ ਅੱਖਾਂ ਰਾਹੀਂ ਡੁੱਲ ਪਿਆ, ਸਾਡਾ ਵੀ ਜੀ ਭਰ ਆਇਆ, ਤੇ ਮੈਂ ਅਗੇ ਵੱਧ ਕੇ ਉਹਨਾਂ ਨੂੰ ਵੀ ਜੱਫੀ ਵਿੱਚ ਲੈ ਲਿਆ।

ਸਰਦਾਰ ਸਾਹਿਬ ਦੇ ਇਸ ਤਰ੍ਹਾਂ ਫੁੱਟ ਪੈਣ ਵਿੱਚ ਦੁੱਖ ਵੀ ਸੀ ਤੇ ਇੱਕ ਰੋਹ ਵੀ। ਰੋਹ ਇਸ ਗੱਲ ਦਾ ਕਿ ਆਪਣੀ ਹੀ ਸਰਕਾਰ ਆਪਣੇ ਹੀ ਨਾਗਰਿਕਾਂ ਦੀ ਆਵਾਜ਼ ਦਬਾ ਰਹੀ ਹੈ ਤੇ ਦੁੱਖ ਇਸ ਗੱਲ ਦਾ ਕਿ ਇਸ 28-29 ਦਿਨਾਂ ਦੇ ਸੰਘਰਸ਼ ਵਿੱਚ ਕਈ ਕਿਸਾਨ ਸ਼ਹੀਦ ਹੋ ਚੁੱਕੇ ਸਨ। ਇਕ ਕਾਰਨ ਇਹ ਵੀ ਸੀ ਕਿ ਕੁਝ ਸਾਲ ਪਹਿਲਾਂ ਉਹਨਾਂ ਦੇ ਇਲਾਕੇ ਵਿਚ ਨਹਿਰੀ ਪਾਣੀ ਦੀ ਮੰਗ ਅਤੇ ਸਹੀ ਵਾਰਾ ਬੰਦੀ ਦੇ ਮੁੱਦੇ ਤੇ ਕਿਸਾਨੀ ਮੋਰਚੇ ਵਿੱਚ ਵੀ ਕੁਝ ਕਿਸਾਨ ਸ਼ਹੀਦ ਹੋ ਗਏ ਸਨ ਅਤੇ ਹੁਣ ਵੀ ਆਪਣੇ ਹੀ ਹੱਕ ਲਈ ਕਿਸਾਨ ਦੀ ਵਡਮੁੱਲੀ ਜਾਨ ਦਾ ਜਾਣਾ ਉਹਨਾਂ ਤੋਂ ਜਰਿਆ ਨਹੀਂ ਜਾ ਰਿਹਾ ਸੀ।

ਸਰਦਾਰ ਸਾਹਿਬ ਆਪਣੇ ਆਪ ਨੂੰ ਸੰਭਾਲਦੇ ਹੋਏ ਆਖਣ ਲਗੇ, “ਅਸੀਂ ਜਦੋਂ ਪਹਿਲੇ ਦਿਨ ਆਏ ਸਾਂ ਤਾਂ ਸਾਡੇ ਕੋਲ ਕੁਝ ਵੀ ਨਹੀਂ ਸੀ, ਤੇ ਹੁਣ ਵੇਖੋ ਪਰਮਾਤਮਾ ਦੀ ਕਰਨੀ, ਸਭ ਕਾਸੇ ਦੇ ਭੰਡਾਰ ਲਗੇ ਹੋਏ ਹਨ”।

ਅਰਚਨਾ ਸਾਹਿਬਾ ਨੂੰ ਸਾਡੇ ਨਾਲ ਵੇਖ ਕੇ ਉਹਨਾਂ ਦੇ ਹੋਰ ਸਾਥੀ, ਜਿਹਨਾਂ ਵਿਚ ਪੁਸਕਰ, ਇੱਕ ਲੜਕਾ ਕਾਨਪੁਰ ਤੋਂ ਤੇ ਇੱਕ ਸਾਬਕਾ ਐਮ. ਐਲ. ਏ. ਘੜਸਾਣਾ ਵੀ ਸਨ, ਉਥੇ ਆ ਗਏ। ਖੁਲ ਕੇ ਗੱਲਾਂ ਹੋਈਆਂ; ਚੜ੍ਹਦੀ ਕਲਾ੍ਹ ਦੀਆਂ, ਮਹੀਨਾਂ ਪੋਹ ਦੀਆਂ, ਸ਼ਹਾਦਤਾਂ ਨੂੰ ਯਾਦ ਕੀਤਾ ਗਿਆ, ਸਿੱਖੀ ਸਿਦਕ, ਸਬਰ ਤੇ ਜੱਦੋ ਜਹਿਦ ਨੂੰ ਧਿਆਇਆ ਗਿਆ, ਨਾਰ੍ਹੇ ਲਾਏ ਗਏ; ਮਨੋ ਬੱਲ ਫਿਰ ਦੂਣਾ ਹੋ ਗਿਆ।

ਤੁਰਨ ਲਗਿਆਂ ਅਰਚਨਾ ਸਾਹਿਬਾ ਅਤੇ ਪੁਸਕਰ ਨੇ ਸਾਨੂੰ ਆਖਿਆ, “ਆਪ ਕੇ ਆਨੇ ਸੇ ਹਮਾਰੇ ਹੌਸਲੇ ਬੁਲੰਦ ਹੋ ਗਏ ਹੈਂ, ਹਮੇ ਲਗਤਾ ਹੈ ਕਿ ਹਮ ਅਕੇਲੇ ਨਹੀਂ”। ਸਾਨੂੰ ਲਗਿਆ ਸਾਡਾ ਸਹੀ ਵਿਚ ਅਸਲ ਮਨੋਰਥ ਪੂਰਾ ਹੋ ਗਿਆ। ਅਰਚਨਾ ਸਾਹਿਬਾ ਤੇ ਸਰਦਾਰ ਸਾਹਿਬ ਨੂੰ ਮਿਲ ਕੇ, ਉਹਨਾਂ ਨਾਲ ਗੱਲਾਂ ਕਰ ਕੇ ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਕੁਝ ਗੁਆਚੇ ਹੋਏ ਲਾਲ ਵੀ ਲੱਭ ਗਏ ਅਤੇ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਕੋਈ ਵੀ ਜਦੋਂ ਇਹਨਾਂ ਬਾਰਡਰਾਂ ਤੇ ਜਾਵੇ ਤਾਂ ਲਾਜ਼ਮੀ ਸਮਝੇ ਕਿ ਕੁਝ ਪਲ ਇਹਨਾਂ ਸੰਘਰਸ਼ ਕਰਦੀਆਂ ਰੂਹਾਂ ਨਾਲ਼  ਵਿਚਾਰ ਵਟਾਂਦਰੇ ਵਿਚ ਬਿਤਾਏ ਜਾਣ, ਤਾਂ ਕੇ ਉਹਨਾਂ ਨਾਲ਼ ਇੱਕ ਅਪਣੱਤ, ਸਾਂਝ ਅਤੇ ਕੌਮੀਅਤ ਦਾ ਅਹਿਸਾਸ ਪੁਖਤਾ ਹੋ ਕੇ ਉਭਰੇ। ਇਸ ਤੋਂ ਉਪਰ ਇਹ ਵਿਚਾਰ ਵਟਾਂਦਰਾ ਤੁਹਾਡਾ ਗੁਆਚਿਆ ਹੋਇਆ ਆਪਾ ਲੱਭਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ।

ਜਾਂਦੇ ਜਾਂਦੇ ਸਰਕਾਰ ਨੂੰ ਇੱਕ ਛੋਟਾ ਜਿਹਾ ਸੁਨੇਹਾ ਦਿੰਦਿਆਂ ਮੇਰੇ ਮਨ ਵਿੱਚੋਂ ਇੱਕ ਹੂਕ ਉਠੀ ਕਿ ਉਹ ਇਨਸਾਨੀਅਤ ਦਾ ਘਾਣ ਕਰਨਾ ਛੱਡ ਕੇ ਆਪਣੇ ਨਾਗਰਿਕਾਂ ਦੀ ਭਲੇ ਬਾਰੇ ਸੋਚੇ।

en_GBEnglish