ਮੇਰੇ ਪਿਆਰੇ ਦੇਸ਼

ਮੇਰੇ ਪਿਆਰੇ ਦੇਸ਼

ਸਵਰਾਜਬੀਰ, ਪੰਜਾਬੀ ਟ੍ਰਿਬਿਊਨ ਵਿੱਚੋਂ

ਰੋ, ਮੇਰੇ ਪਿਆਰੇ ਦੇਸ਼, ਕਿ ਤੇਰੇ ਖੇਤਾਂ ਦੇ ਜਾਏ ਅਤੇ ਜਾਈਆਂ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕੜਕਦੀ ਠੰਢ ਵਿਚ ਦਿੱਲੀਹਰਿਆਣਾ ਦੀਆਂ ਹੱਦਾਂਤੇ ਬੈਠੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਸਮੇਂ ਦੀ ਸਰਕਾਰ ਦੀ ਅੱਖਚੋਂ ਇਕ ਹੰਝੂ ਨਹੀਂ ਕਿਰਿਆ। ਹੰਝੂ ਕਿਰਿਆ ਤਾਂ ਧਰਤੀਪੁੱਤਰ ਰਾਕੇਸ਼ ਟਿਕੈਤ ਦੀਆਂ ਅੱਖਾਂਚੋਂ ਜਦੋਂ ਉਹਨੇ ਵੇਖਿਆ ਕਿਵੇਂ ਪੁਲੀਸ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਦੇ ਨੁਮਾਇੰਦਿਆਂ ਨੇ ਗਾਜ਼ੀਪੁਰ ਵਿਚ ਕੁਝ ਲੋਕਾਂ ਨੂੰ ਵਰਗਲਾ ਕੇ ਕਿਸਾਨਾਂ ਨੂੰ ਕੁੱਟਣ ਦਾ ਪ੍ਰਬੰਧ ਕਰ ਲਿਆ ਸੀ। ਤੂੰ ਰੋ ਮੇਰੇ ਦੇਸ਼, ਕਿਉਂਕਿ ਤੇਰੇ ਖੇਤਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦੇ ਮਨਸੂਬੇ ਪੂਰੇ ਕੀਤੇ ਜਾ ਰਹੇ ਹਨ।

ਦੱਖਣੀ ਅਫ਼ਰੀਕਾ ਦੇ ਨਾਵਲਕਾਰ ਐਲਨ ਪੈਟਨ ਆਪਣੇ ਦੇਸ਼ ਦੇ ਹਾਲਾਤ ਵੇਖ ਕੇ ਦੁਖੀ ਹੋ ਗਿਆ ਸੀ ਕਿ ਉਹਨੇ ਲਿਖਿਆ, ‘‘ਰੋ, ਮੇਰੇ ਪਿਆਰੇ ਦੇਸ਼ ਕਿਉਂਕਿ ਹਰ ਅਣਜੰਮੇ ਬੱਚੇ ਨੂੰ ਵਿਰਾਸਤ ਵਿਚ ਸਾਡਾ ਡਰ ਮਿਲੇਗਾ।’’ ਸਾਡੇ ਦੇਸ਼ ਵਿਚ ਵੀ ਕੁਝ ਇਹੋ ਜਿਹੇ ਹਾਲਾਤ ਹਨ। ਡਰ ਨੂੰ ਬਹੁਤ ਵੱਡਾ ਸਿਆਸੀ ਹਥਿਆਰ ਬਣਾ ਲਿਆ ਗਿਆ ਹੈ। ਕਾਨੂੰਨ, ਜਿਸ ਨੇ ਲੋਕਾਂ ਦੀ ਤਾਕਤਵਰਾਂ ਤੋਂ ਰਾਖੀ ਕਰਨੀ ਹੁੰਦੀ ਹੈ, ਲੋਕਾਂ ਨੂੰ ਡਰਾਉਣ, ਧਮਕਾਉਣ ਅਤੇ ਉਨ੍ਹਾਂ ਦੀ ਆਤਮਾ ਨੂੰ ਲੂਹਣ ਵਾਲਾ ਸੰਦ ਬਣ ਗਿਆ ਹੈ। 

ਰੋਣਾ ਮਨੁੱਖੀ ਜਜ਼ਬਾ ਹੈ। ਮਨੁੱਖ ਉਦੋਂ ਰੋਂਦਾ ਹੈ ਜਦੋਂ ਉਹ ਦੁੱਖ ਸਾਹਮਣੇ ਬੇਬਸ ਹੋ ਜਾਂਦਾ ਹੈ; ਜਦ ਉਸ ਨਾਲ ਵੱਡੀ ਬੇਇਨਸਾਫ਼ੀ, ਵਿਤਕਰੇ ਅਤੇ ਅਨਿਆਂ ਹੁੰਦਾ ਹੈ। ਕੀ ਰੋਣਾ ਨਹੀਂ ਬਣਦਾ ਜਦੋਂ ਦੇਸ਼ ਦੀ 77 ਫ਼ੀਸਦੀ ਦੌਲਤ 10 ਫ਼ੀਸਦੀ ਅਮੀਰਾਂ ਕੋਲ ਹੈ? ਕੀ ਕੋਈ ਹੱਸ ਸਕਦਾ ਹੈ ਜਦ ਦੇਸ਼ ਵਿਚ ਇਕ ਸਾਲ (2017) ਵਿਚ ਕਮਾਈ ਗਈ ਦੌਲਤ ਦਾ 73 ਫ਼ੀਸਦੀ ਹਿੱਸਾ 1 (ਇਕ) ਫ਼ੀਸਦੀ ਧਨਕੁਬੇਰਾਂ ਦੇ ਹੱਥ ਵਿਚ ਚਲਾ ਜਾਵੇ। ਕੀ ਕੋਈ ਮੁਸਕਰਾ ਸਕਦਾ ਹੈ ਜਦ ਦੇਸ਼ ਦੇ14 ਫ਼ੀਸਦੀ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ।

ਤੇਰੇ ਆਜ਼ਾਦੀ ਦਿਵਸ ਦਾ ਹਾੜਾ ਕੱਢਦਿਆਂ ਹੀ ਪੰਜਾਬ ਦੇ ਲੋਕਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਸੀ, ‘‘ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁਖੜੇ ਜਰੇ/ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਧਰੇ।’’ ਸਿਆਸੀ ਜਮਾਤ ਤੈਨੂੰ ਕਾਰਪੋਰੇਟਾਂ ਕੋਲ ਗਹਿਣੇ ਧਰ ਰਹੀ ਹੈ, ਮੇਰੇ ਵਤਨ ਪਰ ਲੋਕਾਂ ਦਾ ਸੰਤ ਰਾਮ ਉਦਾਸੀ ਦੇ ਸ਼ਬਦਾਂ ਵਿਚ ਹੀ ਅਹਿਦ ਹੈ, ‘‘ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆ।’’

ਪਾਸ਼ ਨੇ ਤੇਰੇ ਨਾਂਤੇ ਲਿਖੀ ਕਵਿਤਾ (ਭਾਰਤ) ਵਿਚ ਕਿਹਾ ਸੀ, ‘‘ਕਿ ਭਾਰਤ ਦੇ ਅਰਥ/ ਕਿਸੇ ਦੁਸ਼ਯੰਤ ਨਾਲ ਸਬੰਧਿਤ ਨਹੀਂ/ ਸਗੋਂ ਖੇਤਾਂ ਵਿਚ ਦਾਇਰ ਹਨ/ ਜਿੱਥੇ ਅੰਨ ਉੱਗਦਾ ਹੈ/ ਜਿੱਥੇ ਸੰਨ੍ਹਾਂ ਲੱਗਦੀਆਂ ਹਨ।’’ ਅੱਜ ਉਨ੍ਹਾਂ ਖੇਤਾਂ ਦੇ ਹੱਕਾਂ ਵਿਚ ਵੱਡੀ ਸੰਨ੍ਹ ਲਗਾਈ ਜਾ ਰਹੀ ਹੈ। ਪੰਜਾਬ ਦੇ ਜਾਇਆਂ ਨੇ ਖੇਤਾਂ ਨੂੰ ਬਚਾਉਣ ਲਈ ਝੰਡਾ ਬੁਲੰਦ ਕੀਤਾ। ਹੁਣ ਉਹ ਝੰਡਾ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਕਰਨਾਟਕ ਤੇ ਕਈ ਹੋਰ ਸੂਬਿਆਂ ਦੇ ਲੋਕਾਂ ਨੇ ਫੜ ਲਿਆ ਹੈ। ਸਾਂਝੀਵਾਲਤਾ ਦਾ ਜਲੌਅ ਹੋਰ ਵੱਡਾ, ਵਿਸ਼ਾਲ ਅਤੇ ਵਿਆਪਕ ਹੁੰਦਾ ਜਾ ਰਿਹਾ ਹੈ। ਇਹ ਸਭ ਕੁਝ ਵੇਖ ਕੇ ਤੂੰ ਮੁਸਕਰਾ ਸਕਦਾ ਏਂ ਮੇਰੇ ਦੇਸ਼! ਤੂੰ ਇਸ ਲਈ ਵੀ ਮੁਸਕਰਾ ਸਕਦਾ ਏਂ; ਕਿ ਖੇਤਾਂ ਦੀਆਂ ਜਾਈਆਂ ਆਪਣੇ ਭਰਾਵਾਂ ਤੋਂ ਪਿੱਛੇ ਨਹੀਂ। ਕਿਸਾਨ ਅੰਦੋਲਨ ਨੇ ਵੰਡੀਆਂ ਨੂੰ ਖ਼ਤਮ ਕੀਤਾ ਅਤੇ ਪੁਰਾਣੇ ਜ਼ਖ਼ਮਾਂਤੇ ਮੱਲ੍ਹਮ ਲਾਈ ਹੈ। ਤੂੰ ਮੁਸਕਰਾ ਸਕਦਾ ਏਂ ਪਰ ਸਾਂਝੀਵਾਲਤਾ, ਸਮਾਜਿਕ ਏਕਤਾ ਅਤੇ ਸਮਾਜਿਕ ਨਿਆਂ ਦੇ ਇਨ੍ਹਾਂ ਯੋਧਿਆਂ ਅਤੇ ਉਨ੍ਹਾਂ ਦੇ ਹਾਮੀਆਂ ਦੀ ਲੜਾਈ ਬਹੁਤ ਲੰਮੀ ਹੋ ਸਕਦੀ ਹੈ। ਸਭ ਨੂੰ ਯਕੀਨ ਹੈ ਕਿ ਹੱਕਸੱਚ ਲਈ ਲੜਨ ਵਾਲੇ ਹਮੇਸ਼ਾਂ ਜਿੱਤਦੇ ਹਨ ਅਤੇ ਜਦ ਉਹ ਜਿੱਤਣਗੇ ਤਾਂ ਤੈਨੂੰ ਰੋਣਾ ਨਹੀਂ ਪਵੇਗਾ। ਤੂੰ ਮੁਸਕਰਾਏਂਗਾ ਮੇਰੇ ਵਤਨ! ਤੇਰੀ ਮੁਸਕਾਨ ਨੂੰ ਤੱਕੇ ਬਗ਼ੈਰ, ਦਿੱਲੀਹਰਿਆਣਾ ਦੀਆਂ ਹੱਦਾਂਤੇ ਬੈਠੇ ਇਨ੍ਹਾਂ ਭੈਣਾਂ ਅਤੇ ਵੀਰਾਂ ਨੇ ਵਾਪਸ ਨਹੀਂ ਮੁੜਨਾ। ਸੰਘਰਸ਼ ਹੀ ਮੁਸਕਾਨਾਂ ਨੂੰ ਜਨਮ ਦੇ ਸਕਦਾ ਹੈ।

ਅਸੀਂ ਹੱਸਣਾ ਵੀ ਹੈ ਮੇਰੇ ਦੇਸ਼, ਅਸੀਂ ਰੋਣਾ ਵੀ ; ਅਸੀਂ ਬਾਤਾਂ ਵੀ ਪਾਉਣੀਆਂ ਤੇ ਚੁੱਪ ਵੀ ਕਰ ਜਾਣਾ ਹੈ; ਅਸੀਂ ਲੜਨਾ ਹੈ, ਹਾਰਨਾ ਹੈ, ਜਿੱਤਣਾ ਹੈ ਪਰ ਅਸੀਂ ਕਦੇ ਵੀ ਮਾਨਵਤਾ ਦਾ ਪੱਲਾ ਨਹੀਂ ਛੱਡਣਾ।

en_GBEnglish