ਕੇਰਲਾ ਤੋਂ ਆਏ ਅਨਾਨਾਸ

ਕੇਰਲਾ ਤੋਂ ਆਏ ਅਨਾਨਾਸ

ਕੇਰਲਾ ਖੇਤੀਬਾੜੀ ਮੰਤਰੀ ਕਾਮਰੇਡ ਵੀ ਸੁਨੀਲ ਕੁਮਾਰ ਨੇ ਸਿਰਫ਼ 20 ਟਨ ਅਨਾਨਾਸ ਨਾਲ ਭਰੇ ਟਰੱਕ ਨੂੰ ਹੀ ਹਰੀ ਝੰਡੀ ਨਹੀਂ ਦਿੱਤੀ ਬਲਕਿ ਕੇਰਲਾ ਵਿਧਾਨ ਸਭਾ ਵਿਚ ਪੈਦਾਕਾਰ ਕਿਸਾਨਾਂ ਦੀਆਂ 16 ਫ਼ਲ ਤੇ ਸਬਜ਼ੀਆਂ ਤੇ ਘਟੋਂ ਘੱਟ ਸਮਰਥਨ ਮੁੱਲ ਨੂੰ ਵੀ ਹਰੀ ਝੰਡੀ ਦਿੱਤੀ ਹੈ। ਵਿਧਾਨਸਭਾ ਨੇ ਸਾਂਝੇ ਮੱਤ ਨਾਲ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਗਾਹ ਮਾਰਿਆ ਹੈ। ਤੇ ਉਥੋਂ ਦੇ ਕਿਸਾਨਾਂ ਵੱਲੋਂ ਦਸਾਂ ਨੌਹਾਂ ਦੀ ਕਿਰਤ ਨਾਲ ਪੈਦਾ ਕੀਤਾ ਅਨਾਨਾਸਾਂ ਨਾਲ ਨੱਕੋ ਨੱਕ ਭਰਿਆਂ ਟਰੱਕ 3000 ਕਿਲੋਮੀਟਰ ਦਾ ਪੈਂਡਾ ਤਹਿ ਕਰ 5 ਦਿਨਾਂ ਚ ਕੇਰਲਾ ਦੇ ਕਿਸਾਨਾਂ ਦਾ ਇਸ ਅੰਦੋਲਨ ਪ੍ਰਤੀ ਪਿਆਰ ਤੇ ਹਮਾਇਤ ਲੈ, ਟਿਕਰੀ ਬਾਰਡਰ ਅੱਪੜ ਜਾਂਦਾ ਹੈ। ਲੋਕਾਂ ਨੇ ਕੇਰਲਾ ਸਰਕਾਰ ਦੇ ਕਿਸਾਨ ਪੱਖੀ ਹੋਣ ਬਾਰੇ ਅਖਬਾਰਾਂ ਰਾਹੀਂ ਪੜਿਆ ਸੁਣਿਆ ਹੈ, ਤੇ ਹੁਣ ਕਾਮਰੇਡ ਬਿਨੋਏ ਵਿਸ਼ਵਮ ਨੇ ਇਹ ਅਨਾਨਾਸ ਲੋਕਾਂ ਦੇ ਸੁਪੁਰਦ ਕਰਦਿਆਂ ਟਿਕਰੀ ਬਾਰਡਰ ਦੇ ਮੰਚ ਤੋਂ ਹਿੰਦੀ ਚ ਕਹਿਣ ਦੀ ਕੋਸ਼ਿਸ਼ ਕੀਤੀ ਹੈ, “ਯੇ ਫਰੂਟ ਉਪਰ ਸੇ ਖੁਰਦੁਰਾ ਹੈ ਪਰ ਅੰਦਰ ਸੇ ਬਹੁਤ ਮੀਠਾ ਹੈ। ਇਸ ਮੇਂ ਕੇਰਲਾ ਕੇ ਲੋਗੋਂ ਕੇ ਪਿਆਰ ਕੀ ਮਿਠਾਸ ਹੈ”।

 ਇਹ ਸੱਜਣ ਰਾਜ ਸਭਾ ਵਿੱਚ ਕੇਰਲਾ ਦੇ ਲੋਕਾਂ ਦਾ ਨੁਮਾਇੰਦਾ ਵੀ ਹੈ ਤੇ ਇਹਨਾਂ ਕਾਨੂੰਨਾਂ ਦੇ ਵਿਰੁੱਧ ਪਾਰਲੀਮੈਂਟ ਵਿੱਚ ਡਟ ਕੇ ਬੋਲਣ ਵਾਲਾ ਜਾਣਿਆ ਪਹਿਚਾਣਿਆ ਚਿਹਰਾ ਵੀ। ਉਹ ਮਾਣ ਨਾਲ ਆਖਦੇ ਹਨ, “ਸਾਡੇ ਸੂਬੇ ਚ ਸਰਕਾਰ ਘਟੋਂ ਘੱਟ ਸਮਰਥਨ ਮੁੱਲ MSP ਦਾ ਰੇਟ ਚਾਵਲ : 27.48 ਰੁਪਏ ਪ੍ਰਤਿ ਕਿਲੋਗ੍ਰਾਮ, ਨਾਰੀਅਲ 27 ਰੁ; ਕੇਲੇ 30 ਰੁ; ਲਸਣ 139 ਰੁ; ਅਨਾਨਾਸ 15 ਰੁ; ਟਮਾਟਰ 8 ਰੁ; ਬੀਨਜ਼ 34 ਰੁ; ਭਿੰਡੀ 20 ਰੁ; ਫੁੱਲਗੋਭੀ 11 ਰੁ; ਆਲੂ 20 ਰੁਪਏ ਪ੍ਰਤਿ ਕਿਲੋਗ੍ਰਾਮ ਦੇ ਹਿਸਾਬ ਨਾਲ ਸਰਕਾਰੀ ਖ੍ਰੀਦ ਹੈ। ਇਹੀ ਨਹੀਂ ਕਿਸਾਨਾਂ ਲਈ ਸਾਲਾਨਾ ਕੁੱਲ 18000 ਰੁਪਏ ਪੈਨਸ਼ਨ, ਸਰਕਾਰੀ ਬੀਮਾ ਤੇ ਪ੍ਰਤੀ ਹੈਕਟੇਅਰ 2000 ਰੁਪਏ ਰੋਇਲਟੀ ਦੀ ਵੀ ਵਿਵਸਥਾ ਹੈ।” ਜਿਸ ਪਲ ਉਹ ਮੰਚ ਤੋਂ ਇਹ ਲਿਸਟ ਪੜ ਰਹੇ ਹਨ ਤੇ ਮੂਹਰੇ ਬੈਠੇ ਕਿਸਾਨ ਉਸੇ ਪਲ ਆਪਣੀ ਸਾਲਾਂਬੱਧੀ ਹੋਣੀ ਦਾ ਹਿਸਾਬ ਕਿਤਾਬ ਕਰ ਰਹੇ ਹਨ। ਉਹਨਾਂ ਆਪਣੇ ਮਨ ਦੇ ਵਹੀ ਖਾਤੇ ਲਾਜ਼ਿਮ ਖੋਲ੍ਹੇ ਹੋਣਗੇ। ਇਸੇ ਪਲ ਦੀ ਕਿਸੇ ਤਿੜਕ ‘ਚ ਆਪਣੇ ਮਨ ਦੇ ਕਿਸੇ ਕੋਨੇ ‘ਚ ਖੋਰੇ ਕੋਈ ਕਿਸਾਨ ਕੇਰਲਾ ਦਾ ਆਪਣੇ ਹਿਸਾਬ ਨਾਲ ਕੋਈ ਨਕਸ਼ਾ ਉਕਰ ਰਿਹਾ ਹੋਵੇ ਤੇ ਅਨਾਨਾਸ ਵਾਲੇ ਹੱਥਾਂ ਨੂੰ ਆਪਣੇ ਹੱਥਾਂ ਚ ਮਹਿਸੂਸ ਕਰ ਰਿਹਾ ਹੋਵੇ। ਕਿਸੇ ਕੋਨੇ ਤੇ ਵੀ ਵਸਦੇ ਹੋਈਏ, ਆਖਿਰ ਅਸੀਂ ਸਭ ਕਿਰਤਾਂ ਵਾਲੇ ਹੀ ਹਾਂ। ਅਨਾਨਾਸ ਫਾਰਮਰਜ਼ ਐਸੋਸੀਏਸ਼ਨ ਦਾ ਪ੍ਰਧਾਨ ਥੌਮਸ ਕੋਰਾਸੇ ਆਖਦਾ ਹੈ, “ਅਸੀਂ ਓਦੋਂ ਤੱਕ ਡਟ ਕੇ ਲੜਾਂਗੇ ਜਦੋ ਤੱਕ ਇਹ ਕਾਨੂੰਨ ਵਾਪਿਸ ਨਹੀਂ ਹੋ ਜਾਂਦੇ। ਅਸੀਂ ਧਰਤੀ ਦੇ ਜਾਏ, ਖੇਤਾਂ ਦੇ ਪੁੱਤ ਇਸ ਹੋਣੀ ਤੋਂ ਕਿਤੇ ਬਲਵਾਨ ਹਾਂ।” ਲਓ ਜੀ ਉਥੋਂ ਦੇ ਵਲੰਟੀਅਰਾਂ ਨੇ ਸਾਥੀ ਅਨੂਪ, ਕੁਲਵਿੰਦਰ ਫਤਿਆਬਾਦ, ਜਸਪਾਲ ਸਿੰਘ ਅਖਾੜਾ ਦੀ ਅਗਵਾਈ ‘ਚ ਟਰੱਕ ਦੇ ਮੂਹਰੇ ਹੋ ਸਪੀਕਰ ਤੇ ਆਵਾਜ਼ ਲਗਾਈ ਹੈ, “ਆਜੋ ਭਾਈ ਲੈ ਜੋ, ਲੈ ਜੋ ਕੇਰਲਾ ਦੇ ਕਿਸਾਨਾਂ ਨੇ ਅਨਾਨਾਸ ਦਾ ਲੰਗਰ ਭੇਜਿਆ”। ਅਗਲੇ ਹੀ ਪਲ ਉਥੋਂ ਦੇ ਕਿਸਾਨਾਂ ਦੀ ਕਿਰਤ ਏਥੇ ਜੂਝਦੇ ਲੋਕਾਂ ਦੀਆਂ ਝੋਲੀਆਂ ਚ ਹੈ। ਲਗਭਗ ਡੇਢ ਦਿਨ ਅਸੀਂ ਟਿਕਰੀ ਤੇ ਸਿੰਘੁ ਬਾਰਡਰ ਤੇ ਇਹ ਵੰਡਦੇ ਰਹੇ। ਅਸੀਂ ਸੱਚਮੁੱਚ ਇਕ ਪਿੰਡ ਚ ਹਾਂ, ਅਜਿਹਾ ਪਿੰਡ ਜਿੱਥੇ ਸਭ ਕੁੱਝ, ਸਭ ਦਾ ਸਾਂਝਾ ਹੈ। ਓਥੋਂ ਪੈਂਡਾ ਤਹਿ ਕਰਕੇ ਆਏ ਟਰੱਕ ਦੇ ਦੋਵੇਂ ਡਰਾਈਵਰ ਲੋਕਾਂ ਦੇ ਪਿਆਰ ਤੇ ਸ਼ੁਕਰਾਨਿਆਂ ਨੂੰ ਲੱਦ ਕੇ ਫਿਰ ਰਵਾਨਾ ਹੋ ਚੁੱਕੇ ਹਨ। ਸਾਡੀਆਂ ਟਰਾਲੀਆਂ ਚ ਪਿਆ ਅਨਾਨਾਸ ਕੇਵਲ ਫ਼ਲ ਨਹੀਂ, ਬਲਕਿ ਸੋਚ ਦੀ ਜਵਾਲਾ ਦਾ ਉਹ ਨੁਕਤਾ ਹੈ ਜੋ ਸਾਨੂੰ ਇਸ ਪਿੜ ‘ਚ ਖੜਿਆਂ ਨੂੰ ਹੌਂਸਲਾ, ਜਜ਼ਬਾ ਤੇ ਰਮਜ਼ ਦਿੰਦਾ ਹੈ।

en_GBEnglish