ਕਿਸਾਨ ਗਣਤੰਤਰ ਦਿਵਸ ਪਰੇਡ

ਕਿਸਾਨ ਗਣਤੰਤਰ ਦਿਵਸ ਪਰੇਡ

ਵਿੱਕੀ ਮਹੇਸਰੀ, ਸਿੰਘੂ ਮੋਰਚਾ

ਇਸ ਵਾਰ ਦੀ 26 ਜਨਵਰੀ ਖ਼ਾਸ ਸੀ। ਬੇ ਹੱਦ ਖ਼ਾਸ। ਇਸ ਵਾਰ ਸੰਵਿਧਾਨ ਦੇ ਰਾਖੇ ਲੋਕ ਸੰਵਿਧਾਨ ਦਿਵਸ ਮਨਾਉਣ ਲੱਖਾਂ ਦੀ ਤਾਦਾਦ ਦਿੱਲੀ ਅੱਪੜੇ। ਦਿੱਲੀ ਦੇ ਲੋਕ ਜਿਹੜੇ ਸਾਰੀ ਦਿਹਾੜੀ ਆਉਂਦੇ ਕਾਫ਼ਲਿਆਂ ਤੇ ਫੁੱਲਾਂ ਦੀ ਵਾਛੜ ਕਰਦੇ ਰਹੇ, ਸਦਾ ਯਾਦ ਰੱਖਣਗੇ ਇਹਨਾਂ ਲੋਕਾਂ ਦਾ ਸਬਰ, ਅਨੁਸ਼ਾਸ਼ਨ ਤੇ ਜਜ਼ਬਾ। ਸਾਰੀ ਦਿਹਾੜੀ ਦਿੱਲੀ ਦੇਸ਼ ਭਗਤਾਂ ਦੇ ਦਰਸ਼ਨ ਕਰਦੀ ਧੰਨ ਹੁੰਦੀ ਰਹੀ। ਦਿੱਲੀ ਦੀ ਫਿਜ਼ਾ ਗਵਾਹ ਹੈ ਇਸ ਸ਼ਾਨਦਾਰ ਕਿਸਾਨ ਪਰੇਡ ਦੀ ਜਿਸ ਡੇਢ ਲੱਖ ਤੋਂ ਵੱਧ ਟਰੈਕਟਰਾਂ ਤੇ ਦਸ ਲੱਖ ਤੋਂ ਵੱਧ ਮਿਹਨਤਕਸ਼ ਲੋਕਾਂ ਨੇ ਸ਼ਿਰਕਤ ਕੀਤੀ। ਅਸੀਂ ਮਾਣ ਨਾਲ ਸਿਰ ਉੱਚਾ ਕਰ ਕਹਿ ਸਕਦੇ ਹਾਂ ਕਿ ਸਾਡੀ ਕਿਸਾਨ ਪਰੇਡ ਦੀਆਂ ਤਿਆਰੀਆਂ ਜੰਗੀ ਪੱਧਰ ਤੱਕ ਬਲਵਾਨ ਹੋ ਸਿਰੇ ਚੜੀਆਂ। ਹੌਂਸਲੇ, ਉਤਸ਼ਾਹ ਤੇ ਕੁਰਬਾਨੀਆਂ ਦਾ ਜਜ਼ਬਾ ਇਤਿਹਾਸਕ ਇਮਤਿਹਾਨ ਵਿੱਚੋਂ ਗੁਜ਼ਰਿਆ। ਰਾਜਧਾਨੀ ਦੇ ਬਾਰਡਰਾਂ ਤੇ ਜੂਝਦੇ ਜੰਗਜੂਆਂ ਦੇ ਜੈਕਾਰਿਆਂ ਤੇ ਨਾਅਰਿਆਂ ਸਾਹਮਣੇ ਰਾਜਧਾਨੀ ਦੇ ਆਕਾਸ਼ ਵਿੱਚ ਪ੍ਰਦਰਸ਼ਨ ਕਰਦੇ ਲੜਾਕੂ ਜਹਾਜਾਂ ਦਾ ਸ਼ੋਰ ਫਿੱਕਾ ਪੈ ਗਿਆ। ਭਾਰੇ ਫ਼ੌਜੀ ਬੂਟਾਂ ਨਾਲੋਂ ਸਾਡੇ ਦੇਸ਼ ਭਗਤ ਲੋਕਾਂ ਦੇ ਬਿਆਈਆਂ ਪਾਟੇ ਕਦਮਾਂ ਦੀ ਚਾਲ ਵਧੇਰੇ ਇਕ ਸੁਰ ਰਹੀ। ਲੋਕਾਈ ਨੇ ਤੋਪਾਂ ਦੀ ਥਾਂ ਹਲਾਂ ਨੂੰ, ਬੰਦੂਕਾਂ ਦੀ ਥਾਂ ਦਾਤੀਆਂ, ਹਥੌੜੇ, ਕਹੀਆਂ, ਤੇਸੀਆਂ, ਭਾਲਿਆਂ ਨੂੰ ਪਹਿਲ ਦਿੱਤੀ ਹੈ। ਝੰਡੇ ਨੂੰ ਸਲਾਮੀ ਦਿੰਦੀਆਂ ਤੋਪਾਂ ਤੇ ਬਾਰੂਦ ਦੀ ਹਵਾੜ ਨੂੰ ਛੱਟਣ ਲਈ ਅਸੀਂ ਹਵਾਂ ਵਿੱਚ ਮਿੱਟੀ ਦਾ ਅਤਰ ਧੂੜ ਛੱਡਿਆਂ। ਉਹ ਮਿੱਟੀ ਜਿਸ ਦੀ ਰਾਖੀ ਲਈ ਇਹਨਾਂ ਬਲਵਾਨ ਜਿਸਮਾਂ ਨੇ ਬੈਰੀਗੇਡਾਂ ਨੂੰ ਧੂਹਿਆਂ ਹੈ। ਇਹਨਾਂ ਟਰੈਕਟਰਾਂ ਨੇ ਹਕੂਮਤੀ ਤੋਪਾਂ ਨਾਲ਼ ਮੱਥਾ ਲਾਇਆ ਹੈ। ਇਹ ਮਿੱਟੀ, ਮਿਟਾਇਆਂ ਮਿਟਦੀ ਨਹੀਂ। ਕਿਸਾਨ ਪਰੇਡ ਨੇ ਇਹ ਸਾਬਿਤ ਦਿੱਤਾ ਕਿ ਲੋਕ ਦੇਸ਼ ਦੇ ਭਵਿੱਖ ਲਈ ਡਾਢੇ ਫ਼ਿਕਰਮੰਦ ਨੇ। 

ਸਰਕਾਰ ਨੇ ਬੰਦ ਕਮਰੇ ਬੈਠ ਕੇ ਬਣਾਈ ਰਣਨੀਤੀ ਨਾਲ਼ ਜੋ ਚਾਲ ਚੱਲੀ ਸੀ, ਲੋਕਾਂ ਉਸ ਨੂੰ ਪਛਾੜ ਕੇ ਦਸਿਆ ਕਿ ਦੇਸ਼ ਦੇ ਅਸਲੀ ਰਖਵਾਲੇ ਅਮਨ ਲੋਚਦੇ ਡਟੇ ਹੋਏ ਹਨ। ਯਕੀਨਨ ਤਸਵੀਰ ਵਧੇਰੇ ਸਾਫ਼ ਹੈ। ਲੋਕਾਂ ਨੇ ਗ਼ਦਾਰਾਂ ਨੂੰ ਪਛਾਣਿਆਂ ਹੈ। ਵੱਡੀ ਗੱਲ ਹੈ ਕਿ ਕਿਸਾਨ ਪਰੇਡ ਵਿੱਚ ਸ਼ਾਮਿਲ ਹੋਣ ਆਏ ਲੱਖਾਂ ਲੋਕਾਂ ਨੇ ਇਸ ਮੋਰਚੇ ਦੇ ਸਿਪਾਹੀਆਂ ਦੀ ਗਿਣਤੀ ਅਤੇ ਤਾਕਤ ਦਾ ਮੁਜ਼ਾਹਰਾ ਕੀਤਾ ਹੈ। ਇਹ ਫੌਜਾਂ ਪਿੰਡਾਂ ਲਾਮਬੰਦੀ ਕਰਨ ਅਗਲੀ ਲੜਾਈ ਤੇ ਰਣਨੀਤੀ ਲਈ ਵਚਨਬੱਧ ਹਨ। ਮੋਰਚਾ ਕਿਸਾਨ ਨੂੰ ਪਰੇਡ ਤੋਂ ਬਾਅਦ ਵਧੇਰੇ ਬਲਵਾਨ ਹੈ। ਇੱਕ ਕਦਮ ਹੋਰ ਅੱਗੇ ਵੀ। ਕਿਸਾਨ ਪਰੇਡ ਤੋਂ ਬਾਅਦ ਸਰਕਾਰ ਬੁਰੀ ਤਰ੍ਹਾਂ ਘਬਰਾਈ, ਉਹ ਗੈਰ ਵਰਦੀ ਗੁੰਡਿਆਂ ਰਾਹੀਂ ਲੋਕਾਂ ਤੇ ਹਮਲੇ ਕਰਵਾ ਕੇ, ਮਾਤਰ ਆਪਣੀ ਛਟਪਟਾਹਟ ਦਾ ਨਮੂਨਾ ਦੇ ਰਹੀ ਹੈ, ਤੇ ਕੈਮਰੇ ਦੀ ਹਰ ਅੱਖ ਤੋਂ ਆਪਣੇ ਗੁਨਾਹ ਲੁਕਾਉਣਾ ਚਾਹੁੰਦੀ ਹੈ। ਉਹਨਾਂ ਮਨਦੀਪ ਪੂਨੀਆ ਨੂੰ ਚੁੱਕ ਜੇਲੀਂ ਸੁਟਿਆ ਸੀ। ਪਰ ਉਹਨਾਂ ਦੇ ਗੁਨਾਹ ਸਾਡੀਆਂ ਸਭ ਦੀਆਂ ਅੱਖਾਂ ਵਿੱਚ ਕੈਦ ਹਨ। ਸਾਡੇ ਦਿਲ ਉਸਦੀ ਪੀੜ ਰਹੇਗੀ, ਲਾਜ਼ਿਮ ਰਹੇਗੀ। ਦੋ ਦਿਨ ਉਹ ਲਾਠੀਆਂ, ਵੱਟਿਆਂ, ਫੌਜੀ ਬੂਟਾਂ ਨਾਲ ਦਰੜ ਦਰੜ ਕਰ ਦਹਿਸ਼ਤ ਪਾਉਣ ਦੀ ਨਾਕਾਮ ਕੋਸ਼ਿਸ਼ ਕਰਦੇ ਰਹੇ। ਪਰ ਅਸੀਂ ਸ਼ਾਂਤੀ ਭੰਗ ਨਾ ਹੋਣ ਦਿੱਤੀ। ਸਾਡਾ ਮਕਸਦ ਇਸ ਅੰਦੋਲਨ ਨੂੰ ਚੜ੍ਹਦੀ ਕਲਾ ਰੱਖਣਾ ਹੈ। ਹਰ ਨਿਰਾਸ਼ਾ ਨੂੰ ਪਿਛਾੜਨਾ ਹੈ। ਅੱਜ ਸਰਕਾਰੀ ਤੰਤਰ ਨਿਰਾਸ਼ ਹੈ, ਤਮਾਮ ਮੀਡਿਆ ਤੇ ਸਟੇਟ ਮਸ਼ੀਨਰੀ ਨੂੰ ਆਪਣੇ ਕੋਝੇ ਮਕਸਦ ਲਈ ਬੁਰੀ ਤਰ੍ਹਾਂ ਵਰਤਣ ਦੇ ਬਾਵਜੂਦ ਵੀ ਨਿਰਾਸ਼ ਹੈ। ਲਗਤਾਰ ਟੀ ਵੀ ਚੈਨਲਾਂ ਤੋਂ ਦਿੱਤੀ ਹੋਈ ਝੂਠੀ, ਫ਼ਰੇਬੀ, ਦੇਸ਼ ਵਿਰੋਧੀ, ਮਕਾਰ ਸਕ੍ਰਿਪਟ ਪੜ ਪੜ ਕੇ ਹਲ਼ਕਾ ਦੇ ਟੀਕੇ ਲਵਾਉਣ ਲਈ ਮਜ਼ਬੂਰ ਗੋਦੀ ਮੀਡਿਆ ਵੀ ਨਿਰਾਸ਼ ਹੈ। ਅਸੀਂ ਜੋ ਬਾਬੇ ਨਾਨਕ ਦਾ ਹਲ਼ ਮੋਢੇ ਧਰ ਹੱਕ ਸੱਚ ਦੀ ਲਕੀਰ ਹੋਰ ਡੂੰਗੀ ਕਰ ਰਹੇ ਹਾਂ, ਅਸੀਂ ਠੀਕਰੀ ਪਹਿਰੇ ਨੂੰ ਯਕੀਨੀ ਬਨਾਉਣ ਦੇ ਪ੍ਰਣ ਕਰਕੇ ਸੌਂਦੇ ਨਹੀਂ, ਤਮਾਮ ਜ਼ਬਰ ਸਹਿਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਹਾਂ। ਸਾਡਾ ਮਕਸਦ ਸਾਂਝੀਵਾਲਤਾ ਦੇ ਉੱਚੇ ਪਰਚਮ ਨੂੰ ਸਰਬੱਤ ਦੇ ਭਲੇ ਦੇ ਹੋਕੇ ਨਾਲ਼ ਹੋਰ ਸੁਨਹਿਰੀ ਕਰ ਰਿਹਾ। ਅਸੀਂ ਹੋਕਾ ਦੇਣਾ ਜਾਰੀ ਰੱਖਾਂਗੇ। ਤੁਸੀਂ ਸਾਰੇ ਜੋ ਇਹਨਾਂ ਬਾਰਡਰਾਂ ਤੋਂ ਦੂਰ ਬੈਠੇ ਸਾਡੀ ਫ਼ਿਕਰ ਕਰਦੇ ਹੋ ਸਾਡੇ ਮਾਪੇ ਓ। ਅਸੀਂ ਤੁਹਾਡੀਆਂ ਫਿਕਰਾਂ ਨੂੰ ਦਿਲੋਂ ਮਹਿਸੂਸ ਕਰ ਪਾਉਂਦੇ ਹਾਂ। ਤੁਸੀਂ ਫ਼ਿਕਰ ਨਾ ਕਰੋ ਇੱਥੇ ਮਾਹੌਲ ਬਦਲ ਚੁੱਕਾ, ਅਸੀਂ ਵਧੇਰੇ ਸੁਚੇਤ ਰਹਿੰਦੇ ਹਾਂ। ਹੁਣ ਏਥੇ ਹਰ ਜੰਗਜੂ ਪਹਿਰੇਦਾਰ ਵੀ ਹੈ। ਆਓ ਮੋਰਚਾਬੰਦੀ ਲਗਾਤਾਰ ਜਾਰੀ ਰੱਖੀਏ। ਦੁਸ਼ਮਣ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੀਏ। ਜਿੱਤ ਦੀ ਗਾਰੰਟੀ ਲਈ ਸਾਨੂੰ ਭਵਿੱਖ ਝਾਕਣਾ ਸਿੱਖਣਾ ਪਵੇਗਾ। 

ਆਖ਼ਿਰ ਮੈਂ ਸਾਡੇ ਮੰਤਰੀਆਂ ਦੇ ਪ੍ਰਧਾਨ ਨੂੰ ਆਖਣਾ ਚਾਹੁੰਦਾ ਹਾਂ, ਜਿੱਦਣ ਪੁੱਤ ਫੌਜ ਦੀ ਵਰਦੀ ਪਾ ਬਾਰਡਰ ਤੇ ਚਲਿਆ ਜਾਂਦਾ, ਮਾਂ ਅੱਧੀ ਰਹਿ ਜਾਂਦੀ ਆ। ਪਿਓ ਖੇਤ ਦੀ ਮਿੱਟੀ ਵਿਚੋਂ ਜਿੰਦਗੀ ਫਰੋਲ ਰਿਹਾ ਹੁੰਦਾ ਤੇ ਪੁੱਤ ਦੇਸ਼ ਦੇ ਹੁਕਮਰਾਨਾਂ ਨੂੰਦੁਸ਼ਮਣਾਂਤੋਂ ਬਚਾਉਂਦਾ ਬਚਾਉਂਦਾ ਸ਼ਹਾਦਤ ਦੇ ਜਾਂਦਾ। ਤੋਪਾਂ ਸਲਾਮੀ ਦਿੰਦੀਆਂ ਪਿੰਡ ਦੀ ਜੂਹ ਵੜ ਆਉਂਦੀਆਂ। ਮਾਂ ਸ਼ਾਇਦ ਜਿੰਦਗੀ ਪਹਿਲੀ ਵਾਰ ਆਪਣੇ ਦੇਸ਼ ਦਾ ਝੰਡਾ ਦੇਖਦੀ ਹੈ। ਉਹ ਸਿਰਫ਼ ਪੁੱਤ ਨੂੰ ਸੀਨੇ ਨਹੀਂ ਲਾਉਂਦੀ, ਝੰਡੇ ਨੂੰ ਵੀ ਛਾਤੀ ਨਾਲ ਲਾਉਂਦੀ ਹੈ। ਹੰਝੂ ਵੀ ਵਹਾਉਂਦੀ ਹੈ ਤੇ ਕੀਰਨੇ ਵੀ ਪਾਉਂਦੀ ਹੈ। ਪਰ ਸਰਕਾਰ ਦੇ ਮਹਿਲਾਂ ਤੱਕ ਕੁੱਲੀਆਂ ਦਾ ਸੋਗ ਨਹੀਂ ਅੱਪੜਦਾ। ਉਹ ਜੋ ਮਾਰਿਆ ਗਿਆ, ਬਚਾਇਆ ਜਾ ਸਕਦਾ ਸੀ। ਬਾਸ਼ਰਤੇ ਦੇਸ਼ ਦੇ ਪ੍ਰਧਾਨ ਨੂੰ ਲੋਕਾਂ ਦੀ ਪੀੜ ਹੋਵੇ। ਮੈਂ ਤਖ਼ਤ ਤੇ ਬੈਠੇ ਪ੍ਰਧਾਨ ਨੂੰ ਉਹਨਾਂ ਲੱਖਾਂ ਮਾਵਾਂ ਦਾ ਪੁੱਤ ਬਣ ਕਹਿਣਾ ਚਾਹੁੰਦਾ ਹਾਂ, “ਪ੍ਰਧਾਨ ਜੀਜਿਨ੍ਹਾਂ ਨੂੰ ਤੁਸੀਂ ਦੁਸ਼ਮਣ ਸਮਝ ਕੇ ਦੇਸ਼ ਦੀ ਰਾਜਧਾਨੀ ਦੇ ਰਾਹਾਂ ਸਿਲਾਖਾਂ ਖੜ੍ਹੀਆਂ ਕੀਤੀਆਂ ਹਨ, ਇਹਨਾਂ ਬੁਜ਼ੁਰਗਾਂ ਨੇ ਆਪਣੇ ਪੁੱਤਾਂ ਦੀ ਸਵਾਹ ਆਪਣੇ ਖੇਤਾਂ ਦੀ ਮਿੱਟੀ ਧੂੜ ਕੇ ਸੋਂਹ ਖਾਧੀ ਹੈ। ਥੋਡੇ ਤਖ਼ਤ ਦੀ ਸਾਡੇ ਹਥੋੜਿਆਂ ਦੇ ਸਾਹਮਣੇ ਕੁਝ ਔਕਾਤ ਹੈ ਤਾਂ ਬਸ ਏਨ੍ਹੀ ਕਿ ਇਹ ਤਖ਼ਤ ਸਾਡੀ ਘੂਰ ਤੋਂ ਬਚਿਆ ਰਹੇ। ਸਾਡੇ ਲੋਕਾਂ ਦਾ ਇਸ ਵਾਰ ਸਿੱਧਾ ਫੈਸਲਾ ਹੈ, ਫੈਸਲਾ ਉਹ ਜੋ ਲੋਕਾਈ ਚਾਹੁੰਦੀ ਹੈ, ਨਹੀਂ ਤਾਂ ਸਭ ਤਾਜ ਉਛਾਲੇ ਜਾਏਂਗੇ, ਸਭ ਤਖ਼ਤ ਗਿਰਾਏ ਜਾਏਂਗੇ।

 ਮੈਂ ਸਿੰਘੂਬਾਰਡਰਤੋਂ ਵਿੱਕੀ ਬੋਲ ਰਿਹਾਂ।

en_GBEnglish