ਕਿਸਾਨਾਂ ਦਾ ਟੈਂਕ

ਕਿਸਾਨਾਂ ਦਾ ਟੈਂਕ

ਕੰਬਾਈਨ ਹਾਰਵੈਸਟਰ ਖੇਤ ਚ ਵਰਤਿਆ ਜਾਣ ਵਾਲਾ ਸਭ ਤੋਂ ਵੱਡਾ ਸੰਦ ਹੈ। ਇਹ ਝੋਨੇ ਤੇ ਕਣਕ ਨੂੰ ਵੱਢਣ, ਝਾੜਨ, ਦਾਣੇ ਕੱਢਣ ਦੇ ਤਿੰਨੇ ਕੰਮ ਇੱਕ ਵਾਰ ਚ ਹੀ ਪੂਰਾ ਕਰਕੇ ਸਮੇਂ ਅਤੇ ਮਿਹਨਤ ਦੀ ਬਚਤ ਕਰਦਾ ਹੈ। ਪਰ ਇਹਦਾ ਦੂਜਾ ਪਾਸਾ ਵੀ ਹੈ। ਪਰਾਲੀ ਨੂੰ ਅੱਗ ਲਾਉਣ ਦਾ ਇਕ ਕਾਰਨ ਕੰਬਾਈਨ ਹੈ। 

ਇਹ ਝੋਨੇ ਨੂੰ ਜ਼ਮੀਨ ਦੇ ਅੱਠ ਇੰਚ ਉਤੋਂ ਵੱਢਦਾ ਹੈ,  ਜਿਸ ਕਰਕੇ ਬਹੁਤੀ ਪਰਾਲੀ ਖੇਤ ਚ ਹੀ ਰਹਿ ਜਾਂਦੀ ਹੈ। ਹੱਥ ਦੀ ਵਾਢੀ ਨਾਲ਼ ਸਿਰਫ ਨਾੜ ਜ਼ਮੀਨ ਚ ਰਹਿੰਦੀ ਸੀ ਜੋ ਕਿ ਸਮੇਂ ਤੇ ਨਮੀ ਦੀ ਮਾਰ ਨਾਲ ਸੜ ਕੇ ਖੇਤ ਚ ਹੀ ਵਾਹੀ ਜਾਂਦੀ। ਪਹਿਲਾਂ ਪਰਾਲੀ ਡੰਗਰਾਂ ਦੇ ਵਾੜੇ ਦੀ ਛੱਤ, ਜ਼ਮੀਨ ਤੇ ਵਿਛਾਉਣ ਵਾਸਤੇ ਅਤੇ ਚਾਰੇ ਵਜੋਂ ਕੰਮ ਆਉਂਦੀ ਸੀ ਹਾਲਾਂਕਿ ਇਹ ਕਣਕ ਦੀ ਤੂੜੀ ਤੋਂ ਘੱਟ ਪੌਸ਼ਟਿਕ ਹੁੰਦੀ ਹੈ।  ਮਨੁੱਖ ਤੋਂ ਮਸ਼ੀਨ ਦਾ ਇਹ ਸਫਰ ਹੋਰ ਨੁਕਸਾਨਦੇਹ ਹੋ ਗਿਆ ਜਦੋਂ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਪਰਾਲੀ ਦੇ ਚਾਰੇ ਦੇ ਬਦਲੇ ਬਾਜ਼ਾਰੀ ਖੁਰਾਕ ਦੇਣ ਦੀ ਤਰਜੀਹ ਕੀਤੀ ਤਾਂ ਜੋ ਜਾਨਵਰ ਜਿਆਦਾ ਦੁੱਧ ਦੇਣ। ਉਨ੍ਹਾਂ ਕਿਸਾਨਾਂ ਨੂੰ ਅੱਗ ਲਾਉਣ ਦੀ ਵੀ ਸਲਾਹ ਦੀਤੀ ਜਿਸਦੇ ਨਾਲ਼ ਖੇਤ ਚੋ ਪਰਾਲੀ ਦੇ ਨਾਲ਼ ਨਾਲ਼ ਕੀਟ, ਨਦੀਨ ਵੀ ਸਾਫ ਹੋ ਸਕੇ ਤੇ ਫ਼ਸਲ ਦਾ ਝਾੜ ਵਧ ਆਵੇ। ਵਿਗਿਆਨੀਆਂ ਦਾ ਧਿਆਨ ਸਿਰਫ ਦੁੱਧ ਤੇ ਫ਼ਸਲ ਦੇ ਵਾਧੇ ਤੇ ਸੀ । ਉਹਨਾਂ ਇਹ ਨਹੀਂ ਸੋਚਿਆ ਕਿ ਜਾਨਵਰ ਤੇ ਖੇਤ ਦਾ ਐਨਾ ਗੂਹੜਾ ਰਿਸ਼ਤਾ ਤੋੜਣ ਨਾਲ਼ ਮਿੱਟੀ, ਹਵਾ ਤੇ ਮਨੁੱਖ ਉੱਪਰ ਕੀ ਅਸਰ ਹੋਵੇਗਾ। ਖੇਤਾਂ ਨੂੰ ਅੱਗ ਲਾਉਣ ਦਾ ਉਪਾਅ ਪੈਸੇ ਦੀ ਬੱਚਤ ਤਾਂ ਕਰਦਾ ਹੈ ਪਰ ਕੁਦਰਤੀ ਦੌਲਤ ਗਵਾ ਦਿੰਦਾ ਹੈ। 

ਅੱਜ ਦੇ ਹਾਲਾਤ ਵਿਚ ਪਿੱਛੇ ਜਾਣਾ ਮੁਸ਼ਕਿਲ ਹੈ ਕਿਉਂਕਿ ਪਰਾਲੀ ਦੀ ਸਾਂਭ ਇੱਕ ਵੱਡਾ ਖਰਚਾ ਹੈ, ਉਹ ਵੀ ਉਦੋਂ ਜਦੋਂ ਖੇਤੀ ਹਰ ਸਾਲ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਹਰ ਇਕ ਕੁਇੰਟਲ ਅਨਾਜ, ਹਰ ਇਕ ਲੀਟਰ ਦੁੱਧ ਜ਼ਰੂਰੀ ਹੈ। ਕੰਬਾਈਨ ਤੇ ਨਕੇਲ ਪਾਉਣ ਲਈ ਪੰਜਾਬ ਸਰਕਾਰ ਨੇ ਕੁਝ ਸਾਲ ਪਹਿਲਾਂ ਸੁਪਰ ਐੱਸ. ਐੱਮ. ਐੱਸ. ਸੰਦ ਨੂੰ ਲਾਜ਼ਮੀ ਕਰ ਦਿੱਤਾ।  ਐੱਸ. ਐੱਮ. ਐੱਸ. ਕੰਬਾਈਨ ਦੇ ਪਿੱਛੇ ਲਗਦਾ ਹੈ ਤੇ ਪਰਾਲੀ ਨੂੰ ਚੰਗੀ ਤਰ੍ਹਾਂ ਕੁਤਰ ਕੇ ਖਲਾਰ ਦਿੰਦਾ ਹੈ। ਪਰ ਇਹਦੇ ਲਈ ਵੱਡੇ ਟਰੈਕਟਰ ਤੇ ਜਿਆਦਾ ਤੇਲ ਦੀ ਲੋੜ ਹੈ। ਪੰਜਾਬ ਕੋਲ ਏਨੀਂ ਗਿਣਤੀ ਚ ਵੱਡੇ ਟਰੈਕਟਰ ਨਹੀਂ  ਅਤੇ ਕਿਸਾਨ ਵੀ ਇਸ ਵਿਚ ਦਿਲਚਸਪੀ ਨਹੀਂ ਵਿਖਾ ਰਹੇ ਕਿਉਂਕਿ SMS ਨਾਲ ਦਾਣਿਆਂ ਦਾ ਨੁਕਸਾਨ ਵੀ ਹੁੰਦਾ ਹੈ।

ਸੋ ਕੰਬਾਈਨ ਹਾਰਵੈਸਟਰ ਖਲੋਤਾ ਹੈ, ਆਧੁਨਿਕ ਖੇਤੀ ਦਾ ਪ੍ਰਤੀਕ ਬਣ ਕੇ, ਜੀਹਨੇ ਮਨੁੱਖ ਨੂੰ ਛੋਟਾ ਕਰ ਦਿੱਤਾ ਹਾਲਾਂਕਿ ਅਸੀਂ ਕਦੇ ਕਦੇ ਉਸ ਉਤੇ ਚੜ੍ਹ ਲੈਣੇ ਹਾਂ।

en_GBEnglish