ਅਸੀਂ ਪੰਜਾਬ ’ਚ ਲੰਬੀ ਲੜਾਈ ਲੜਨ ਤੋਂ ਬਾਅਦ ਅੜੀਅਲ ਮੋਦੀ ਸਰਕਾਰ ਨੂੰ ਲੀਹ ’ਤੇ ਲਿਆਉਣ ਲਈ ਨਾਹਰਾ ਦਿੱਤਾ ਸੀ “26-27 ਨਵੰਬਰ ਨੂੰ ਦਿੱਲੀ ਚੱਲੋ”। ਮੋਦੀ ਸਰਕਾਰ ਨੇ ਸਾਡੇ ਐਲਾਨ ਨੂੰ ਫੋਕਾ ਦਬਕਾ ਸਮਝਿਆ। ਆਪਣੇ ਹਰਿਆਣੇ ਦੇ ਸੰਘੀ ਮੁੱਖ-ਮੰਤਰੀ ਖੱਟੜ ਨੂੰ ਸਾਨੂੰ ਠੱਲਣ-ਰੋਕਣ ਦਾ ਹੁਕਮ ਦੇ ਕੇ ਮੋਦੀ ਨਿਸਚਿੰਤ ਹੋ ਗਿਆ ਕਿ ਚਲੋ ਹੁਣ ਇਹ ਮਹੀਨਾ-ਖੰਡ ਪੰਜਾਬ-ਹਰਿਆਣਾ ਬਾਰਡਰ ’ਤੇ ਬੈਠਣਗੇ ਅਤੇ ਅੱਕ-ਥੱਕ ਕੇ ਘਰਾਂ ਨੂੰ ਮੁੜ ਜਾਣਗੇ। ਮੋਦੀ ਸਰਕਾਰ, ਸਾਡੇ ਕਿਸਾਨ ਆਗੂਆਂ ਵੱਲੋਂ ਅੰਦੋਲਨ ਦੀਆਂ ਪ੍ਰਮੁੱਖ ਮੰਗਾਂ ਉੱਤੇ ਸਾਰੇ ਦਬਾਅ ਅਤੇ ਗੋਦੀ ਮੀਡੀਆ ਦੇ ਕੂੜ ਪ੍ਰਚਾਰ ਦੇ ਬਾਵਜੂਦ ਚੱਟਾਣ ਵਾਂਗ ਡਟੀ ਹੋਈ ਹੈ।
ਇਸ ਲਈ ਹੁਣ ਉਲਟਾ ਪ੍ਰਚਾਰ ਦੇ ਦਾਅ-ਪੇਚ ਵਜੋਂ ਹੀ ਸਹੀ ਮੋਦੀ ਸਰਕਾਰ ਦੇਸ਼ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਗੱਲਬਾਤ ਲਈ ਵਾਰ-ਵਾਰ ਅਪੀਲਾਂ ਕਰਨ ਲਈ ਮਜਬੂਰ ਹੈ। .ਅਸੀਂ ਪੰਜਾਬ ’ਚ ਲੰਬੀ ਲੜਾਈ ਲੜਨ ਤੋਂ ਬਾਅਦ ਅੜੀਅਲ ਮੋਦੀ ਸਰਕਾਰ ਨੂੰ ਲੀਹ ’ਤੇ ਲਿਆਉਣ ਲਈ ਨਾਹਰਾ ਦਿੱਤਾ ਸੀ “26-27 ਨਵੰਬਰ ਨੂੰ ਦਿੱਲੀ ਚੱਲੋ”। ਮੋਦੀ ਸਰਕਾਰ ਨੇ ਸਾਡੇ ਐਲਾਨ ਨੂੰ ਫੋਕਾ ਦਬਕਾ ਸਮਝਿਆ। ਆਪਣੇ ਹਰਿਆਣੇ ਦੇ ਸੰਘੀ ਮੁੱਖ-ਮੰਤਰੀ ਖੱਟੜ ਨੂੰ ਸਾਨੂੰ ਠੱਲਣ-ਰੋਕਣ ਦਾ ਹੁਕਮ ਦੇ ਕੇ ਮੋਦੀ ਨਿਸਚਿੰਤ ਹੋ ਗਿਆ ਕਿ ਚਲੋ ਹੁਣ ਇਹ ਮਹੀਨਾ-ਖੰਡ ਪੰਜਾਬ-ਹਰਿਆਣਾ ਬਾਰਡਰ ’ਤੇ ਬੈਠਣਗੇ ਅਤੇ ਅੱਕ-ਥੱਕ ਕੇ ਘਰਾਂ ਨੂੰ ਮੁੜ ਜਾਣਗੇ। ਪਰ ਸਾਡੇ ਮਸ਼ੀਨਰੀ ਦੇ ਮਾਹਰ ਜੋਸ਼ੀਲੇ ਕਿਸਾਨ ਨੌਜਵਾਨਾਂ ਨੇ ਉਨ੍ਹਾਂ ਦੀਆਂ ਸਾਰੀਆਂ ਸਕੀਮਾਂ ਉੱਤੇ ਪਾਣੀ ਫੇਰ ਦਿੱਤਾ। ਪਹਿਲ ਸਾਡੇ ਹਰਿਆਣੇ ਵਾਲੇ ਨੌਜਵਾਨ ਵੀਰਾਂ ਨੇ ਕੀਤੀ। ਉਨ੍ਹਾਂ 25 ਨਵੰਬਰ ਨੂੰ ਹੀ ਅੰਬਾਲਾ, ਕਰਨਾਲ ਅਤੇ ਪਾਣੀਪਤ ਵਿਖੇ ਕੀਤੀਆਂ ਪੁਲਸ ਦੀਆਂ ਮਜਬੂਤ ਕਿਲ੍ਹੇਬੰਦੀਆਂ ਨੂੰ ਪਲਾਂ ਘੜੀਆਂ ਵਿੱਚ ਟਰੈਕਟਰਾਂ ਦੇ ਟਾਇਰਾਂ ਹੇਠ ਦਰੜ੍ਹਦੇ ਹੋਏ, ਮਾਰੂਥਲ ਲੰਘ ਕੇ ਦਿੱਲੀ ਦੀਆਂ ਬਰੂਹਾਂ ਉੱਤੇ ਪਹੁੰਚ ਦਸਤਕ ਦੇ ਦਿੱਤੀ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਨੌਜਵਾਨਾਂ ਅਤੇ ਜਥੇਬੰਦ ਕਿਸਾਨਾਂ ਨੇ ਵੀ ਸ਼ੰਭੂ, ਖਨੌਰੀ, ਪਹੇਵਾ, ਰਤੀਆ ਆਦਿ ਸਮੂਹ ਨਾਕਿਆਂ ਨੂੰ ਤੋੜਦੇ ਹੋਏ, ਅੱਥਰੂ ਗੈਸ ਅਤੇ ਸਰਦ ਮੌਸਮ ਵਿੱਚ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦਿਆਂ, ਟਨਾਂ ਭਰੇ ਕੰਕਰੀਟ ਬਲਾਕਾਂ, ਬੈਰੀਕੇਡਾਂ, ਬਲੇਡ ਦੀ ਧਾਰ ਵਰਗੀਆਂ ਕੰਡੇਦਾਰ ਤਾਰਾਂ ਦੀਆਂ ਵਾੜਾਂ, ਮਿੱਟੀ ਦੇ ਢੇਰਾਂ, ਸੜਕਾਂ ’ਚ ਪੱਟੀਆਂ ਡੂੰਘੀਆਂ ਖਾਈਆਂ ਅਤੇ ਰਾਹ ਰੋਕਣ ਲਈ ਖੜ੍ਹੇ ਕੀਤੇ ਟਿੱਪਰਾਂ-ਟਰੱਕਾਂ ਨੂੰ ਧੱਕਦੇ-ਉਲੰਘਦੇ ਆਪਣੇ ਹਰਿਆਣਵੀ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਲਾਉਣ ਲਈ ਦਿੱਲੀ ਬਾਰਡਰ ਉੱਤੇ ਆ ਧਮਕੇ। ਪੰਜਾਬ ਅਤੇ ਹਰਿਆਣਾ ਦੀਆਂ ਦਰਜਨਾਂ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਨਾਲ ਸਜੀਆਂ ਤਰਪਾਲਾਂ ’ਚ ਲਿਪਟੀਆਂ ਟੈਂਕਾਂ ਵਰਗੀਆਂ ਟਰਾਲੀਆਂ ਦਾ ਅਮੁੱਕ ਕਾਫ਼ਲਾ, ਟਰੈਕਟਰਾਂ ਦੇ ਸਪੀਕਰ ਤੋਂ ਵੰਗਾਰਵੀਆਂ ਸੁਰਾਂ ਵਿੱਚ ਗੂੰਜਦੇ ਸੰਘਰਸ਼ ਦਾ ਹੋਕਾ ਦਿੰਦੇ ਗੀਤ, ਰਾਸ਼ਨ-ਪਾਣੀ ਸਮੇਤ ਨਿੱਤ ਵਰਤੋਂ ਦੀਆਂ ਹਰ ਜ਼ਰੂਰੀ ਚੀਜ਼ਾਂ ਨਾਲ ਲੈਸ ਇਹ ਕਾਫ਼ਲਾ ਸੱਚਮੁੱਚ ਇੱਕ ਵਾਰ ਮੁੜ ਦਿੱਲੀ ਫ਼ਤਹਿ ਕਰਨ ਲਈ ਕਿਸੇ ਸ਼ਕਤੀਸ਼ੀਲ ਫੌਜ ਦਾ ਪੂਰੀ ਤਰ੍ਹਾਂ ਅਨੁਸ਼ਾਸਤ ਅਤੇ ਜਥੇਬੰਦ ਕੂਚ ਜਾਪਦਾ ਹੈ।
ਪੰਜਾਬ ਤੋਂ ਦਿੱਲੀ ਤੱਕ ਉਨ੍ਹਾਂ ਜਰਨੈਲੀ ਸੜਕਾਂ ਉੱਤੇ- ਜਿਨ੍ਹਾਂ ਉੱਤੇ ਆਮ ਦਿਨਾਂ ਵਿੱਚ ਵੀ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਦਰਜਨਾਂ ਜਾਨਾਂ ਜਾਂਦੀਆਂ ਨੇ- ਵਾਹੋ-ਦਾਹੀ ਜੰਗ ਲੜਦੇ ਸਾਡੇ ਨੌਜਵਾਨ ਕਿਸਾਨਾਂ ਨੇ ਇੱਕ ਵੀ ਹਾਦਸਾ ਨਾ ਕਰਕੇ ਸਾਬਤ ਕਰ ਦਿੱਤਾ ਕਿ ਉਹ ਸਿਰਫ਼ ਖੇਤਾਂ ਅਤੇ ਗੀਤਾਂ ਵਿੱਚ ਹੀ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਦੇ ਮਾਹਿਰ ਨਹੀਂ ਹਨ ਬਲਕਿ ਉਹ ਆਪਣੀ ਇਸ ਮਸ਼ੀਨੀ ਮੁਹਾਰਤ ਦੀ ਵਰਤੋਂ ਸੜਕਾਂ ਉੱਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਕਰਨ ਵਿੱਚ ਵੀ ਕਮਾਲ ਦੇ ਮਾਹਿਰ ਹਨ।
26-27 ਨਵੰਬਰ ਦੇ ਇਸ ਸਮੁੱਚੇ ਜੰਗੀ ਕੂਚ ਵਿੱਚ ਸਿਰਫ਼ ਇੱਕ ਕਿਸਾਨ ਯੋਧਾ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦਾ ਨੌਜਵਾਨ ਧੰਨਾ ਸਿੰਘ ਸ਼ਹੀਦ ਹੋ ਗਿਆ। ਉਹ ਵੀ ਅੰਦੋਲਨਕਾਰੀ ਦੀ ਕਿਸੇ ਗਲਤੀ ਕਾਰਨ ਨਹੀਂ, ਬਲਕਿ ਇੱਕ ਵਪਾਰਕ ਟਰੱਕ ਦੇ ਚਾਲਕ ਦੀ ਕੁਤਾਹੀ ਕਾਰਨ। 26 ਨਵੰਬਰ ਤੋਂ ਹੀ ਦਿੱਲੀ ਨੂੰ ਪੰਜਾਬ-ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਨਾਲ ਜੋੜਦੇ ਕਰਨਾਲ ਤੇ ਰੋਹਤਕ ਵਾਲੇ ਦੋਵੇਂ ਪ੍ਰਮੁੱਖ ਨੈਸ਼ਨਲ ਹਾਈਵੇਅ ਜਾਮ ਹਨ। ਪੰਜ-ਚਾਰ ਦਿਨਾਂ ਬਾਅਦ ਯੂ.ਪੀ ਅਤੇ ਉੱਤਰਾਖੰਡ ਦੇ ਕਿਸਾਨਾਂ ਨੇ ਪੂਰਬ ਵੱਲ ਜਾਂਦੇ ਦੋ ਹੋਰ ਮੁੱਖ ਮਾਰਗ ਜਾਮ ਕਰ ਦਿੱਤੇ। ਹੁਣ ਸਕੀਮ ਹੈ ਕਿ ਮੋਦੀ ਸਰਕਾਰ ਦੇ ਹਲਕ ’ਚ ਫਾਨਾ ਠੋਕਣ ਲਈ ਜੈਪੁਰ ਤੇ ਆਗਰਾ ਵਾਲੇ ਦੱਖਣ-ਪੱਛਮ ਦੇ ਦੋਵੇਂ ਰਾਹਾਂ ਨੂੰ ਵੀ 14 ਦਸੰਬਰ ਤੋਂ ਚੱਕਾ ਜਾਮ ਕੀਤਾ ਜਾਵੇ। ਨਤੀਜਾ ਕਿਸੇ ਵੀ ਵਰਗ ਦੀ ਹੱਕੀ ਗੱਲ ਸੁਣਨ ਤੋਂ ਪੂਰੀ ਤਰ੍ਹਾਂ ਇਨਕਾਰੀ ਰਹਿਣ ਵਾਲੀ ਮੋਦੀ ਸਰਕਾਰ, ਸਾਡੇ ਕਿਸਾਨ ਆਗੂਆਂ ਵੱਲੋਂ ਅੰਦੋਲਨ ਦੀਆਂ ਪ੍ਰਮੁੱਖ ਮੰਗਾਂ ਉੱਤੇ ਸਾਰੇ ਦਬਾਅ ਅਤੇ ਗੋਦੀ ਮੀਡੀਆ ਦੇ ਕੂੜ ਪ੍ਰਚਾਰ ਦੇ ਬਾਵਜੂਦ ਚੱਟਾਣ ਵਾਂਗ ਡਟੀ ਹੋਈ ਹੈ। ਇਸ ਲਈ ਹੁਣ ਉਲਟਾ ਪ੍ਰਚਾਰ ਦੇ ਦਾਅ-ਪੇਚ ਵਜੋਂ ਹੀ ਸਹੀ ਮੋਦੀ ਸਰਕਾਰ ਦੇਸ਼ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਗੱਲਬਾਤ ਲਈ ਵਾਰ-ਵਾਰ ਅਪੀਲਾਂ ਕਰਨ ਲਈ ਮਜਬੂਰ ਹੈ। ਅੰਦੋਲਨਕਾਰੀ ਨੌਜਵਾਨ, ਬਜ਼ੁਰਗ, ਮਰਦ, ਔਰਤਾਂ ਅਤੇ ਬੱਚੇ ਬਿਨਾਂ ਕਿਸੇ ਉਤਾਵਲੇਪਣ ਤੇ ਭੜਕਾਹਟ ਤੋਂ ਪੂਰੀ ਸ਼ਾਂਤੀ ਨਾਲ ਆਪਣੇ “ਘੇਰਾ ਡਾਲੋ – ਡੇਰਾ ਡਾਲੋ” ਸੱਤਿਆਗ੍ਰਹਿ ਉੱਤੇ ਡਟੇ ਹੋਏ ਹਨ। ਹਰਿਆਣਾ, ਪੰਜਾਬ, ਦਿੱਲੀ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ, ਆੜਤੀ, ਦੁਕਾਨਦਾਰ, ਵਪਾਰੀ, ਸਮਾਜਿਕ-ਧਾਰਮਿਕ ਸੰਸਥਾਵਾਂ ਅਤੇ ਆਮ ਲੋਕ ਦਿਲ ਖੋਲ੍ਹ ਕੇ ਅੰਦੋਲਨਕਾਰੀ ਕਿਸਾਨਾਂ ਦੀ ਹਰ ਤਰ੍ਹਾਂ ਦੀ ਅਣਕਿਆਸੀ ਮਦਦ ਕਰ ਰਹੇ ਹਨ। ਪੰਜਾਬ ਅਤੇ ਦੇਸ਼-ਵਿਦੇਸ਼ ਦੇ ਮੀਡੀਏ ਦਾ ਇਮਾਨਦਾਰ ਅਤੇ ਨਿਰਪੱਖ ਹਿੱਸਾ, ਅੰਦੋਲਨ ਦੀਆਂ ਸਹੀ ਅਤੇ ਪ੍ਰੇਰਨਾਦਾਇਕ ਸੂਚਨਾਵਾਂ ਅਤੇ ਦ੍ਰਿਸ਼ ਪੂਰੀ ਦੁਨੀਆ ਦੇ ਸਾਹਮਣੇ ਪਹੁੰਚਾ ਰਿਹਾ ਹੈ। ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚੋਂ ਜਨਤਾ ਤੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਇਸ ਹੱਕੀ ਅਤੇ ਅਮਨਪੂਰਨ ਕਿਸਾਨ ਸੰਘਰਸ਼ ਨੂੰ ਵਿਆਪਕ ਹਿਮਾਇਤ ਮਿਲ ਰਹੀ ਹੈ। ਇਸ ਦਬਾਅ ਹੇਠ ਮੋਦੀ ਸਰਕਾਰ ਬੇਸ਼ੱਕ ਪਿੱਛੇ ਹਟਣ ਲਈ ਤਾਂ ਮਜ਼ਬੂਰ ਹੈ ਪਰ ਆਪਣੀ ਘੋਰ ਕਾਰਪੋਰੇਟਪ੍ਰਸਤ ਫਿਰਕੂ ਤੇ ਫਾਸਿਸਟ ਵਿਚਾਰਧਾਰਾ ਕਾਰਨ, ਇਹ ਹਾਲੇ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਲਈ ਤਿਆਰ ਨਹੀਂ।
ਉਲਟਾ ਉਹ ਇਸ ਅੰਦੋਲਨ ਨੂੰ ਬਦਨਾਮ ਕਰਨ ਅਤੇ ਆਪਣੇ ਪਿੱਠੂਆਂ ਰਾਹੀਂ ਫੁੱਟ ਪਾਉਣ ਵਰਗੀਆਂ ਕਮੀਨੀਆਂ ਚਾਲਾਂ ਚੱਲ ਰਹੀ ਹੈ। ਉਹ ਅੰਦੋਲਨ ਨੂੰ ਕਿਸੇ ਵੀ ਬਹਾਨੇ ਹਿੰਸਕ ਬਣਾਉਣ ਅਤੇ ਇਸਨੂੰ ਹਮਲੇ ਦਾ ਨਿਸ਼ਾਨਾ ਬਣਾਉਣ ਦਾ ਮੌਕਾ ਤਾੜ ਰਹੀ ਹੈ। ਉਹ ਕਿਸਾਨਾਂ ਵਿੱਚ ਆਪਣੇ ਭੜਕਾਊ ਏਜੰਟ ਵਾੜ ਕੇ ਜਾਂ ਗਿਣ ਮਿੱਥ ਕੇ ਟਕਰਾਅ ਕਰਵਾ ਕੇ ਇਸ ਉੱਤੇ ਅਣਮਨੁੱਖੀ ਹਮਲਾ ਕਰਨ ਨੂੰ ਵਾਜਿਬ ਠਹਿਰਾਉਣ ਦੀ ਫ਼ਿਰਾਕ ਵਿੱਚ ਹੈ।
ਕਿਸਾਨ ਵੀਰੋ, ਇੱਕਜੁੱਟ ਰਹੋ ਅਤੇ ਹਰ ਤਰ੍ਹਾਂ ਦੇ ਭੜਕਾਹਟ ਤੋਂ ਸੁਚੇਤ ਰਹੋ। ਸਥਾਨਕ ਲੋਕਾਂ ਨਾਲ ਆਪਣਾ ਪਿਆਰ ਅਤੇ ਸਹਿਯੋਗ ਬਣਾਈ ਰੱਖੋ। ਹਰ ਤਰ੍ਹਾਂ ਦੇ ਪੰਗੇਬਾਜ਼ ਤੇ ਭੜਕਾਊ ਅਨਸਰਾਂ ਤੋਂ ਸਾਵਧਾਨ ਰਹੋ, ਫਜ਼ੂਲ ਦੀਆਂ ਫੜ੍ਹਾਂ ਜਾਂ ਚੱਕਵੀਆਂ ਗੱਲਾਂ ਜਾਂ ਹੋਰਨਾਂ ਨਾਲੋਂ ਨਿਖੇੜਨ ਵਾਲੇ ਐਲਾਨਾਂ ਅਤੇ ਨਾਹਰਿਆਂ ਤੋਂ ਬਚੋ। ਸਾਡੇ ਇੱਕਜੁੱਟ, ਅਨੁਸ਼ਾਸਤ ਅਤੇ ਅਮਨਪੂਰਨ ਅੰਦੋਲਨਾਂ ਨੂੰ ਮੋਦੀ ਸਰਕਾਰ ਤਾਂ ਕੀ ਜ਼ਾਲਮ ਸਾਮਰਾਜੀ ਅੰਗਰੇਜ਼ ਸਰਕਾਰ ਵੀ ਕੁਚਲ ਨਹੀਂ ਸੀ ਸਕੀ।
ਹੁਣ ਵੀ ਇਹ ਸਾਡੀ ਸ਼ਾਂਤੀ, ਸਬਰ ਅਤੇ ਅਨੁਸ਼ਾਸ਼ਨ ਦੀ ਪਰਖ ਦਾ ਵਕਤ ਹੈ। ਸੋ ਹਰ ਭੜਕਾਹਟ ਅਤੇ ਫੁੱਟ ਪਾਊ ਸਾਜਿਸ਼ ਨੂੰ ਧੀਰਜ ਅਤੇ ਚੌਕਸੀ ਨਾਲ ਨਾਕਾਮ ਕਰਦਿਆਂ ਇਸ ਚਮਤਕਾਰੀ ਨਾਹਰੇ ਉੱਤੇ ਟਿਕੇ ਰਹੋ – “ਲੜਾਂਗੇ – ਜਿੱਤਾਂਗੇ!”