ਕੋਟੀ

ਕੋਟੀ

ਬੀਬੀ ਨੇ ਨਵੀ ਕੋਟੀ ਬੁਣਨ ਨੂੰ ਲਾਈ ਹੋਈ ਸੀ। ਰੋਜ਼ ਥੋੜ੍ਹਾ ਥੋੜ੍ਹਾ ਬੁਣਦੀ ਤੇ ਰੱਖ ਦਿੰਦੀ ਪਰ ਐਂਵੇ ਬਹੁਤ ਵਾਰ ਕਹਿ ਚੁੱਕੀ ਸੀ ਕਿ ਇਸ ਸਿਆਲ ਚ ਦੋ ਹੋਰ ਬੁਣਦੂ , ਬੱਸ ਇਹ ਪੂਰੀ ਹੋਜੂ ਦਸ ਦਿਨ ਚ । ਪਿੰਡ ਹੋਕਾ ਆਇਆ ਕਿ ਬੀਬੀਆਂ ਨੇ ਕਿਸਾਨ ਧਰਨੇ ਤੇ ਜਾਣਾ ਤਾਂ ਨਾਂ ਲਿਖਾ ਦੇਣ ।

ਬੀਬੀ ਕੋਟੀ ਬੁਣਨੀ ਵਿੱਚੇ ਛੱਡ ਗੁਰਦੁਆਰੇ ਵੱਲ ਹੋ ਤੁਰੀ ਤੇ ਨਾਮ ਲਿਖਾ ਆਈ । ਸਭ ਨੇ ਬਥੇਰਾ ਕਿਹਾ ਕਿ ਦਮੇ ਦੀ ਬਿਮਾਰੀ ਏ , ਜੇ ਬਿਮਾਰ ਹੋਗੀ ਫੇਰ ਕੀ ਕਰੇਗੀ । ਠੰਡ ਵੀ ਤਾਂ ਪੈ ਰਹੀ ਏ । ਬੀਬੀ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਆਵਦਾ ਸਮਾਨ ਇਕੱਠਾ ਕਰ ਧਰਨੇ ਤੇ ਜਾਣ ਲਈ ਤਿਆਰ ਹੋ ਗਈ ।

ਨੂੰਹ ਨੇ ਮਸਕਰੀ ਜੇਹੀ ਕਰਦੇ ਕਿਹਾ , “ਬੀਬੀ ਤੇਰੀ ਕੋਟੀ ਵਿੱਚੇ ਰਹਿ ਜਾਣੀ ਏ , ਉੱਧਰ ਕੀ ਪਤਾ ਕਿੰਨੇ ਦਿਨ ਲੱਗ ਜਾਣ ..” ਬੀਬੀ ਨੇ ਗੰਭੀਰਤਾ ਨਾਲ ਗੱਲ ਸੁਣ ਕੇ ਕਿਹਾ , “ਜੇ ਹੁਣ ਵੀ ਧਰਨੇ ਤੇ ਨਾ ਗਈ ਤਾਂ ਕਿੰਨਾ ਕੁਛ ਬੁਣਿਆ ਉੱਧੜ ਜਾਵੇਗਾ , ਮੇਰੇ ਪੁੱਤ ਦੇ ਸੁਪਨੇ ਵੀ … ਥੋਡੇ ਬਾਪੂ ਦੀ ਬਣਾਈ ਜ਼ਮੀਨ …. “ ਬੇਬੇ ਬਿਨਾਂ ਕਿਸੇ ਨਾਲ ਬੋਲੇ ਘਰੋਂ ਤੁਰ ਪਈ ਤੇ ਧਰਨੇ ਤੇ ਜਾਂਦੀਆਂ ਬੀਬੀਆਂ ਚ ਰਲ ਗਈ।

en_GBEnglish