ਦਿੱਲੀ ਜੰਗ ਦਾ ਮੈਦਾਨ

ਦਿੱਲੀ ਜੰਗ ਦਾ ਮੈਦਾਨ

ਦਿੱਲੀ ਜੰਗ ਦਾ ਮੈਦਾਨ ਬਣੀ ਹੋਈ ਹੈ। ਜੂਝਦੇ ਲੋਕਾਂ ਦੇ ਨਾਅਰੇ ਤੇ ਜੈਕਾਰੇ ਦਿੱਲੀ ਦੇ ਤਖ਼ਤ ਨੂੰ ਕੰਬਾ ਰਹੇ ਹਨ। ਕਿਰਤਾਂ ਦੇ ਰਾਖਿਆਂ ਨੇ ਕੇੰਦਰ ਸਰਕਾਰ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਧੱਕਾ ਮਾਰਿਅਾ ਹੈ। ਲੋਕ ਜੱਥੇਬੰਦਕ ਏਕੇ ਰਾਹੀਂ ਕਦਮ ਦਰ ਕਦਮ ਅੱਗੇ ਵਧ ਜਿੱਤਾਂ ਦਰਜ ਕਰ ਰਹੇ ਹਨ ਤੇ ਮੋਦੀ ਸਰਕਾਰ ਲੋਕ ਕਚਹਿਰੀ ਵਿੱਚ ਝੁਕਦੀ ਨਜ਼ਰ ਪੈੰਦੀ ਹੈ। ਦੇਸ਼ ਦੇ ਇਸ ਅੰਦੋਲਨ ਵਿੱਚ ਅਗਵਾਨੂੰ ਭੂਮਿਕਾ ‘ਚ ਡਟਿਆ ਪੰਜਾਬ, ਜਵਾਨੀ ਤੇ ਕਿਸਾਨੀ ਦੇ ਏਕੇ ਦੇ ਇਤਿਹਾਸਕ ਛਿਣ ਜੀਅ ਰਿਹਾ ਹੈ। ਦੂਰ ਜਾਪਣ ਵਾਲੀ ਦਿੱਲੀ, ਲੋਕਾਂ ਨੇ ਧਰੂ ਕੇ ਨੇੜੇ ਕਰ ਲਈ ਅੈ। ਨੈਸ਼ਨਲ ਹਾਈਵੇ ਤੇ ਲੋਕਾਂ ਦਾ ਰਾਹ ਡੱਕਣ ਲਈ ਲਾਏ ਪੱਥਰਾਂ ਤੇ ਲੋਕਾਂ ਚੁੱਲੇ ਮਘਾ ਲਏ ਹਨ। ਦਿੱਲੀ ਨੂੰ ਵੜਦੇ ਦਿਓ ਕੱਦ ਰੋਡਾਂ ਉੱਤੇ ਨਵੇਂ ਪਿੰਡ ਵਸ ਚੁੱਕੇ ਹਨ। ਸਰਬੱਤ ਦਾ ਭਲਾ ਚਾਹੁੰਣ ਵਾਲੇ ਲੋਕ ਦੁਨੀਆਂ ਸਾਹਮਣੇ ਇੱਕ ਮਿਸਾਲੀ ਕਿਰਦਾਰ ਪੇਸ਼ ਕਰ ਰਹੇ ਹਨ। ਕਿਰਤੀ ਲੋਕਾਂ ਆਪਣੀ ਦਸਾਂ ਨੁੰਹਾਂ ਦੀ ਕਿਰਤ ਦਾ ਮੂੰਹ ਇਸ ਸੰਘਰਸ਼ ਦੇ ਮੈਦਾਨ ਵੱਲ ਮੋੜ ਦਿੱਤਾ ਹੈ। ਸਮਾਜ ਦਾ ਹਰ ਵਰਗ ਇਸ ਸਾਂਝੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਿਹ‍ਾ ਹੈ। ਤੇ ਊਰਜਾ ਦਾ ਸ੍ਰੋਤ ਹੈ ਅੱਗੇ ਹੋਕੇ ਲੜ ਰਿਹਾ ਮਜ਼ਦੂਰ ਤੇ ਕਿਸਾਨ। ਅੰਨਦਾਤੇ ਦੀਆਂ ਅੱਖਾਂ ਚ ਲਲਕਾਰ ਹੈ, ਲੋਕਾਂ ਦੇ ਜਜ਼ਬੇ ਦਿੱਲੀ ਨੂੰ ਲਲਕਾਰੇ ਮਾਰ ਮਾਰ ਵੰਗਾਰ ਰਹੇ ਹਨ, ਦਿੱਲੀ ਦੁਬਕੀ ਬੈਠੀ ਹੈ। ਤਖ਼ਤੇ ਪਲਟਣ ਵਾਲੇ ਲੋਕ  ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਚਾਚਾ ਅਜੀਤ ਸਿੰਘ ਤੇ ਭਗਤ ਸਿੰਘ ਵਾਲਾ ਇਤਿਹਾਸ ਦੁਹਰਾ ਰਹੇ ਹਨ। ਦਿੱਲੀ ਦੀ ਗੱਦੀ ਔਰੰਗੇ ਤੇ ਹਿਟਲਰ ਦਾ ਹਸ਼ਰ ਯਾਦ ਕਰ ਪੋਹ ਦੀ ਠੰਡ ਚ ਵੀ ਪਸੀਨੋ ਪਸੀਨ ਹੈ। ਦਿੱਲੀ ਦੀਆਂ ਸਰਹੱਦਾਂ ਤੇ ਬੇਗਮਪੁਰੇ ਨੂੰ ਲੋਚਦੇ ਲੋਕਾਂ ਨੇ ਘੇਰਾਬੰਦੀ ਕਰ ਪਿੰਡ ਬੰਨ ਲਏ ਹਨ। ਚਾਰੇ ਪਾਸੇ ਹਵਾ ਚ ਖੂਨ ਪਸੀਨੇ ਦੀ ਕਮਾਈ ਵਾਲੇ ਅੰਨ ਦੇ ਪੱਕਣ ਦੀ ਮਹਿਕ ਹੈ। ਦਿੱਲੀ ਦੇ ਪ੍ਰਵੇਸ਼ ਦੁਆਰ ਤੇ ਹਜ਼ਾਰਾਂ ਤਪਦੇ ਚੁੱਲਿਆਂ ਚ ਭਾਈ ਲਾਲੋ ਦੇ ਚੁੱਲ੍ਹੇ ਦੀ ਅੱਗ ਹੈ। ਤੇ ਦਿੱਲੀ ਦੇ ਹਨੇਰਿਆਂ ਚ ਦੂਰ ਕਿਤੇ ਮਲਕ ਭਾਗੋ ਦੱਬੇ ਪੈਰੀਂ ਆਪਣੀ ਚਿਖ਼ਾ ਚਿਣ ਰਿਹਾ ਜਾਪਦਾ ਹੈ।

ਇਸ ਅੰਦੋਲਨ ਵਿੱਚ ਇਪਟਾ ਮੋਗਾ ਆਪਣੀ ਰੰਗਮੰਚ ਮੰਡਲੀ ਨਾਲ ਲਗਾਤਾਰ ਮੋਹਰੀ ਭੂਮਿਕਾ ‘ਚ ਹੈ। ਟੀਮ ਇਤਿਹਾਸਿਕ ਛਣਾਂ ਵਿੱਚ ਇਤਿਹਾਸਿਕ ਭੂਮਿਕਾ ਨਿਭਾ ਰਹੀ ਹੈ, ਇਸ ਸੰਗਰਾਮ ਵਿੱਚ ਜਿੱਥੇ ਕਲਾ ਨੇ ਇੱਕ ਖ਼ਾਸ ਥ‍ਾਂ ਬਣਾਈ ਹੈ, ਉੱਥੇ ਕਲਾਕਾਰ ਖ਼ੁਦ ਵੀ ਵਧੇਰੇ ਚੇਤਨ ਹੋਏ ਹਨ। ਨਾਟਕ ‘ਡਰਨਾ’ ਇਸ ਅੰਦੋਲਨ ਦਾ ਹਾਸਿਲ ਹੈ। ਲਗਾਤਾਰ ਦੋ ਮਹੀਨੇ ਇਸ ਨਾਟਕ ਦਾ ਪਿੰਡੋਂ ਪਿੰਡੀ ਹੋਣ ਨੇ ਕਿਰਤ ਦੀ ਧਿਰ ਦੀ ਟੱਕਰ ਨੂੰ ਹੋਰ ਵੀ ਉਭਾਰ ਕੇ ਸਾਹਮਣੇ ਲਿਆਦਾਂ ਹੈ। ਲੋਕ ਰੋਹ ਨੂੰ ਸੇਧਤ ਕਰਨ ਵਾਲੀਆਂ ਵਾਰਾਂ ਕਵੀਸ਼ਰੀਆਂ ਤੇ ਇਨਕਲਾਬੀ ਗੀਤ ਮੁੜ ਲੋਕਾਂ ਦੀ ਜ਼ੁਬਾਨ ਚੜ੍ਹੇ ਹਨ।ਜਿੱਥੇ ਕਲਾਕਾਰਾਂ ਨੇ ਪੰਜਾਬ ਵਿੱਚ ਮੁਹਿੰਮ ਦੌਰਾਨ ਪੁਲਿਸ ਨਾਲ ਟੱਕਰਾਂ, ਝੜਪਾਂ ਦਾ ਸਫਲ ਮੁਕਾਬਲਾ ਕਰਦਿਆਂ ਆਪਣਾ ਪੰਧ ਜਾਰੀ ਰੱਖਿਆ, ਉੱਥੇ ਦਿੱਲੀ ਵੜਨ ਵੇਲੇ ਸਿੰਘੂ ਬਾਰਡਰ ਤੇ ਪਹਿਲੀਆਂ ਝੜਪਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ। ਇਹ ਅੰਦੋਲਨ ਨਵੇਂ ਗੀਤਾਂ, ਕਵਿਤਾਵਾਂ ਨੂੰ ਜਨਮ ਦੇ ਰਿਹਾ ਹੈ। ਲੋਕ ਬੋਲਣ ਤੋਂ ਪਹਿਲਾਂ ਸ਼ਬਦ ਬੁੱਝ ਲੈਂਦੇ ਹਨ। ਸਾਰੇ ਕਾਫ਼ਲੇ ਨਾਟ ਮੰਡਲੀਆਂ,ਕਵਿਸ਼ਰੀ ਜੱਥਿਆਂ,ਪੇਟਰਾਂ ਤੇ ਹਰ ਤਰਾਂ ਦੇ ਕਲਾਕਾਰਾਂ ਦੇ ਫ਼ਨ ਦਾ ਮੁਜ਼ਾਹਰਾ ਹੈ। ਪਿੜ ਇੱਕ ਵੱਡੀ ਆਰਟ ਗੈਲਰੀ ‘ਚ ਬਦਲ ਰਿਹਾ ਹੈ। ਟੀਮ, ਨਾਟਕ ਕਰਨ ਚਾਰ-ਪੰਜ ਕਿਲੋਮੀਟਰ ਤੱਕ ਨਿਕਲ ਪੈੰਦੀ ਹੈ।ਲੋਕ ਟਰਾਲੀਆਂ ਟਰੱਕਾਂ ਤੇ ਚੜ੍ਹ ਵੇਖ ਸੁਣ ਰਹੇ ਹੁੰਦੇ ਹਨ। ਨਾਟਕ ‘ਚ ਦਿੱਲੀ ਵੱਲ ਹੱਥ ਕਰਕੇ ਮਾਂ ਪੁੱਤ ਨੂੰ ਪੁੱਛਦੀ ਹੈ, “ਉਹਨਾਂ ਕੋਲ ਬੰਬ, ਬੰਦੂਕਾਂ ਤੇ ਤੋਪਾਂ ਨੇ ਤੁਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ।” ਪੁੱਤਰ ਜਵਾਬ ਦਿੰਦਾ ਹੈ, “ਸਾਡੇ ਕੋਲ ਬਾਬੇ ਨਾਨਕ ਦ‍ਾ ਦਿੱਤਾ ਹਲ਼ ਤੇ ਕਿਰਤ ਦਾ ਸਿਧਾਂਤ ਹੈ ਮਾਈ।” ਲੋਕ ਜੈਕਾਰੇ ਗੂੰਜਾਂ ਦਿੰਦੇ ਹਨ। ਨਾਟਕ ਬਾਤ ਅੱਗੇ ਤੋਰਦਾ ਹੈ। ਕਲਾਕਾਰ ‘ਸੂਰਾ ਸੋ ਪਹਿਚਾਣੀਏ’ ਗਾਉਣਾ ਸ਼ੁਰੂ ਕਰਦੇ ਹਨ। ਕੁੱਲ ਧਰਤੀ ਦਾ ਕਿਰਤੀ ਕਾਮਾ ਉਹਨਾਂ ਦਾ ਕੋਰਸ ਬਣ ਆਸਮਾਨ ਗੂੰਜਾਂ ਦਿੰਦਾ ਹੈ। ਗੀਤ, ਲੋਕ ਗੀਤਾਂ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਦਿੱਲੀ ਵੱਲ ਮੂੰਹ ਕਰ ਲੜ ਰਹੇ ਹਾਂ। ਤੇ ਅੱਜ ਦੇ ਦਿਨ ਗੁਰੂ ਬਾਬੇ ਨਾਨਕ ਦਾ ਜਨਮ ਦਿਹਾੜਾ ਹੈ। ਨੈਸ਼ਨਲ ਹਾਈਵੇ ਤੇ ਮੋਮਬੱਤੀਆਂ ਦੀ ਲੋਅ ਹੈ। ਗਿਆਨ ਦੀਆਂ ਗੱਲਾਂ ਘੋਲ ਦੀ ਅਗਵਾਈ ਕਰ ਰਹੀਆਂ ਹਨ। ਕਲਾਕਾਰਾਂ ਨੇ ਟਰਾਲੀਆਂ ਦੇ ਵਿਚਕਾਰ ਮੋਮਬੱਤੀਆਂ ਨਾਲ ਘੇਰਾ ਘੱਤ ਲਿਆ ਹੈ। ਲੋਕ ਅੱਜ ਦੀ ਖ਼ਾਸ ਪੇਸ਼ਕਾਰੀ ਦੇਖਣ ਲਈ ਉਤਾਵਲੇ ਹਨ। ਲੋਕਾਂ ਟਰੈਕਟਰਾਂ ਦੀਆਂ ਬੱਤੀਆਂ ਚਲਾ ਦਿੱਤੀਆਂ ਹਨ। ਭਾਈ ਲਾਲੋੰ ਦੇ ਵਾਰਿਸਾਂ ਨੇ “ਇਹ ਲਹੂ ਕਿਸਦਾ ਹੈ” ਨਾਟਕ ਦਾ ਆਗਾਜ਼ ਕਰਨ ਤੋਂ ਪਹਿਲਾਂ ਦਿੱਲੀ ਨੂੰ ਦੁਬਾਰਾ ਜਫ਼ਰਨਾਮਾ ਲਿਖਣ ਦਾ ਸੁਰ ਛੇੜਿਆ ਹੈ। ਲੋਕ ਆਪਣੀ ਨੇਕ ਕਮਾਈ ਕਲਾਕਾਰਾਂ ਵੱਲ ਵਧਾਉਂਦੇ ਹਨ, ਪਰ ਕਲਾਕਾਰ ਪਿਆਰ ਤੋਂ ਬਿਨਾਂ ਹੋਰ ਕੁਝ ਵੀ ਕਾਬੂਲ ਕਰਨ ਤੋਂ ਇਨਕਾਰੀ ਹਨ। ਲੋਕ ਦੱਘਦੀਆਂ ਅੱਖਾਂ ਨਾਲ ਦਿੱਲੀ ਨੂੰ ਘੂਰ ਰਹੇ ਹਨ । ਅਸੀਂ ਨਾਟਕ ਕਰ ਰਹੇ ਹਾਂ ਤੇ ਲੋਕ ਇਤਿਹਾਸ ਦੇ ਪੰਨੇ ਪਲਟ ਚੁੱਕੇ ਹਨ ਤੇ ਉਸ ਮਲਕ ਭਾਗੋ ਚੋਂ ਲੋਕ ਅੱਜ ਦਾ ਮਲਕ ਭਾਗੋ ਤੱਕ ਰਹੇ ਹਨ। ਕਿਰਤ ਜਿੰਦਾਬਾਦ ਦੇ ਨਾਅਰੇ ਲੋਕਾਂ ਦਾ ਸਿਰੜ ਦਰਸਾਉਂਦੇ ਦਿੱਲੀ ਨੂੰ ਸੁਨੇਹੇ ਭੇਜਣੇ ਸ਼ੁਰੂ ਹੋ ਜਾਂਦੇ ਹਨ। ਇਹ ਚੜ੍ਹਦੀ ਕਲਾ ਵਾਲੇ, ਅਣਖੀ ਲੋਕ ਇਸ ਅੰਦੋਲਨ ਨੂੰ ਜਿੱਤਣ, ਇਸ ਲਈ ਜਰੂਰੀ ਹੈ, ਹੇਕ ਸਪੱਸ਼ਟ ਤੇ ਉੱਚੀ ਲਾਈ ਜਾਵੇ।

ਇਸ ਘੋਲ ਵਿੱਚ ਬਰਾਬਰ ਖੜੀ ਜਵਾਨੀ ਇਹ ਅੰਦੋਲਨ ਨੂੰ ਦੂਹਰੀ ਆਸ ਨਾਲ ਲੜ ਰਹੀ ਹੈ। ਜਿੱਥੇ ਖੇਤੀ ਨੂੰ ਬਚਾਉਣ ਦਾ ਸਵਾਲ ਹੈ ਉੱਥੇ ਬੇਰੁਜ਼ਗਾਰ ਜਵਾਨੀ ਲਈ ਰੁਜ਼ਗਾਰ ਦੀ ਗਾਰੰਟੀ ਦਾ ਵੀ ਮਸਲਾ ਹੈ ਤੇ ਇਸ ਅੰਦੋਲਨ ਦੀ ਜਿੱਤ ਇਸ ਦੂਹਰੇ ਮਕਸਦ ਨੂੰ ਬਲ ਬਖਸ਼ੇਗੀ। ਜਵਾਨੀ ਦਾ ‘ਬਨੇਗਾ’ ਕਾਨੂੰਨ ਲਈ ਲਾਮਬੰਦ ਹੋਣਾ ਹੁਣ ਕੋਈ ਅਤਿਕਥਨੀ ਨਹੀਂ। ਲੋਕ ਆਪਣਾ ਮੀਡੀਆ ਖੁਦ ਬਣੇ ਹੋਏ ਹਨ। ਨੈੱਟਵਰਕ ਇਸ ਏਰੀਏ ਵਿੱਚ ਜਾਮ ਕਰ ਦਿੱਤਾ ਜਾਂਦਾ ਹੈ। ਫੋਨ ਲਗਾਉਣਾ ਅਸੰਭਵ ਲੱਗਣ ਲੱਗਦ‍ਾ ਹੈ, ਫਿਰ ਵੀ ਗੱਲ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ। ਲੋਕਾਈ ਨੇ ਅਾਪਣਾ ਸਭ ਕੁਝ ਝੋਕ ਦਿੱਤਾ ਹੈ। ਦਿਨ ਭਰ ਇਸ ਸਾਂਝੀ ਸਰਗਰਮੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਭ ਟਰਾਲੀ ਕੋਲ ਆ ਜਾਂਦੇ ਹਨ ਤੇ ਲੰਗਰ ਪਕਾ ਖਾ ਕੇ ਫਿਰ ਨਵੇਂ ਤਜਰਬਿਆਂ ਤੇ ਨਵੇਂ ਤਰਾਨੇ ਲਿਖਣ ਬੈਠ ਜਾਂਦੇ ਹਾਂ। ਜੋ ਲੋਕਾਂ ‘ਚੋਂ ਜਨਮ ਲੈਂਦੇ ਨੇ ਸਾਇਦ ਇਹਨਾਂ ਨੂੰ ਹੀ ਲੋਕ ਗੀਤ ਸੱਦਿਆ ਜਾਂਦਾ ਹੈ। ਇਹ ਫੈਸਲਾ ਕੁੰਨ ਜੰਗ ਹੈ ਤੇ ਇਸਨੂੰ ਪੂਰੀ ਸ਼ਿੱਦਤ ਨਾਲ ਹੀ ਲੜਿਆ ਜਾਣਾ ਚਾਹੀਦਾ ਹੈ।

en_GBEnglish