ਸੰਘਰਸ਼ ਅਤੇ ਕਲਾ

ਸੰਘਰਸ਼ ਅਤੇ ਕਲਾ

ਜਿਹੜੀਆਂ ਫ਼ਿਲਮਾਂ ਅਸੀਂ ਦੇਖਦੇ ਹਾਂ| ਨਾਵਲ, ਕਹਾਣੀਆਂ ਪੜ੍ਹਦੇ ਹਾਂ। ਕਲਾ ਦੇ ਕਿਸੇ ਵੀ ਰੂਪ ਬਾਰੇ ਬਹੁਤ ਕੁਝ ਲਿਖਿਆ ਅਤੇ ਬੋਲਿਆ ਜਾ ਸਕਦਾ ਹੈ ਪਰ ਜੇ ਥੋੜੇ ਜਿਹੇ ਸ਼ਬਦਾਂ ਵਿਚ ਲਿਖਣਾ ਹੋਵੇ ਕਿ ਕਲਾ ਕੀ ਹੈ? ਮੈ ਕਹਾਂਗਾ ਕਲਾ ਇਕ ਅਜਿਹਾ ਵਸੀਲਾ ਹੈ ਜਿਹੜਾ ਬੰਦੇ ਨੂੰ ਬੰਦੇ ਨਾਲ ਜੋੜਦਾ ਹੈ। ਬੰਦੇ ਦੀ ਸੰਵੇਦਨਾ ਨੂੰ ਦੂਜੇ ਬੰਦ ਤੱਕ ਪੁਚਾਉਂਦਾ ਹੈ।  ਸਾਹਮਣੇ ਵਾਲੇ ਦੇ  ਦੁੱਖ-ਸੁੱਖ ਦਾ ਅਹਿਸਾਸ ਬੰਦੇ ਨੂੰ ਕਰਵਾਉਂਦੀ ਹੈ।  ਕਲਾ ਤੁਹਾਡੇ ਅੰਦਰ ਅਜਿਹਾ ਭਾਵ ਜਗਾ ਦਿੰਦੀ ਹੈ ਕਿ ਜੋ ਸਾਹਮਣੇ ਵਾਲੇ ਦੇ ਅੰਦਰ ਚੱਲ ਰਿਹਾ ਹੈ ਉਹ ਤੁਹਾਨੂੰ ਮਹਿਸੂਸ ਹੁੰਦਾ ਹੈ।

ਕਲਾ ਵਾਂਗੂ ਘੋਲ ਵੀ ਬੰਦੇ ਨੂੰ ਬੰਦੇ ਦੇ ਨੇੜੇ ਲੈਕੇ ਆਉਂਦੇ ਨੇ। ਕਲਾ ਅਤੇ ਸੰਘਰਸ਼ ਦਾ ਇਹ ਰਿਸ਼ਤਾ ਵੀ ਹੈ ਅਤੇ ਕੰਮ ਵੀ। ਘੋਲ ਵਿਚ ਬੰਦਾ ਕਹਿੰਦਾ ਹੈ ਤੇਰੀ ਮੇਰੀ ਲੜਾਈ ਇਕ ਹੈ ਅਤੇ ਤੇਰੀ ਮੇਰੀ ਜਿੰਦਗੀ ਇਕ ਹੈ। ਅਸੀਂ ਮਿਲ ਕੇ ਕੋਈ ਹੱਲ ਕੱਢ ਸਕਦੇ ਹਾਂ। ਕਲਾਕਾਰ ਨੇ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਉਹਨੇ ਹੱਕ ਖੋਹਣ ਵਾਲਿਆਂ ਦੇ ਨਾਲ ਖੜਨਾ ਹੈ ਕਿ ਹੱਕ ਲੈਣ ਵਾਲਿਆਂ ਦੇ ਨਾਲ।ਜੇ ਕੋਈ ਕਲਾ ਬੰਦੇ ਨੂੰ ਬੰਦੇ ਦੀ ਇੱਜਤ ਕਰਨੀਂ ਨਹੀਂ ਸਿਖਾਉਂਦੀ। ਜੇ ਉਹ ਸਾਹਮਣੇ ਵਾਲੇ ਕਿਰਤੀ ਬੰਦੇ ਨੂੰ ਦੁਸ਼ਮਣ ਗਰਦਾਨਦੀ ਹੈ ਤਾਂ ਉਹ ਕਲਾ ਥੁੜਚਿਰੀ ਅਤੇ ਖਤਰਨਾਕ ਹੈ। ਇਸੇ ਤਰਾਂ ਜੇ ਕੋਈ ਘੋਲ ਤੁਹਾਡੇ ਉੱਤਮ ਹੋਣ ਦਾ ਗੁਮਾਨ ਤੁਹਾਡੇ ਅੰਦਰ ਪੈਦਾ ਕਰਦਾ ਹੈ।  ਜਿਸ ਵਿਚ ਕਿਸੇ ਹੋਰ ਧਰਮ, ਨਸਲ, ਜਾਤ ਜਾਂ ਕਿਸੇ ਹੋਰ ਖ਼ਿੱਤੇ ਦੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਤਾਂ ਉਹ ਘੋਲ ਵੀ ਖਤਰਨਾਕ ਹੁੰਦਾ ਹੈ।  ਹੱਕ ਦੇ ਸੱਚ ਦੇ ਸੰਘਰਸ਼ ਵਿਚ ਲੱਗੇ ਸਾਡੇ ਕਿਸਾਨ ਮਜ਼ਦੂਰ ਵੀਰ ਅਤੇ ਭੈਣਾਂ ਬਿਹਤਰ ਮਨੁੱਖੀ ਜਿੰਦਗੀ ਦੇ ਸੁਫ਼ਨੇ ਨੂੰ ਸਾਕਾਰ ਕਰਨ ਦਾ ਉਜਰ ਕਰ ਰਹੇ ਹਨ। ਜਿਥੇ ਸਭ ਨਾਲ ਇਨਸਾਫ਼ ਹੋਵੇਗਾ । ਸਭ ਲਈ ਰੋਟੀ ਹੋਵੇਗੀ। ਸਭ ਮਾਣ ਨਾਲ ਜਿੰਦਗੀ ਜਿਊਣਗੇ। ਸਰਬਤ ਦਾ ਭਲਾ ਮੰਗਣ ਵਾਲੇ ਸੰਘਰਸ਼ਾਂ ਅਤੇ ਕਲਾ ਨੂੰ ਸਲਾਮ।

en_GBEnglish