ਦੇਖਿਆ ਜਾਵੇ ਤਾਂ ਲਾਲ ਕਿਲੇ ਨੇ ਜਿਸ ਚੀਜ਼ ਨੂੰ ਤੋੜਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ ਉਹ ਹੈ ਰਾਜਸੱਤਾ ਅਤੇ ਸਰਮਾਏਦਾਰੀ ਨਿਜ਼ਾਮ ਦੀ ਆਪਸੀ ਜੁੰਡਲੀ ਬਾਰੇ ਆਮ ਲੋਕਾਂ ਵਿੱਚ ਸਮਝ। ਇਹਨਾਂ ਘਟਨਾਵਾਂ ਦੀ ਬਦਨਾਮੀ ਨੇ ਲੋਕਾਂ ਨੂੰ ਸੰਘਰਸ਼ ਦੀਆਂ ਅਸਲ ਥਾਵਾਂ ਤੋਂ ਲਾਂਭੇ ਕੀਤਾ ਅਤੇ “ਸਿੱਖ ਅਤੇ “ਕਾਮਰੇਡ” ਧੜਿਆਂ ਵਿਚ ਵੰਡਣ ਦਾ ਕੰਮ ਕੀਤਾ।
ਲਾਲ ਕਿਲੇ ਦੀਆਂ ਮਾਅਰਕਾਬਾਜ਼ ਘਟਨਾਵਾਂ ਦੇ ਬਜਾਏ, ਅਸਲ ਐਕਸ਼ਨ ਪੰਜਾਬ ਵਿੱਚ ਹੋ ਰਹੇ ਹਨ ਅਤੇ ਜਿਨ੍ਹਾਂ ਵਿੱਚ ਮਸ਼ਹੂਰੀ ਭਾਵੇਂ ਘੱਟ ਹੈ। ਉਸ ਤੋਂ ਵੀ ਘੱਟ ਧਿਆਨ ਇਸ ਤੇ ਦਿੱਤਾ ਜਾ ਰਿਹਾ ਹੈ ਕਿ ਇਹ ਸਰਮਾਏਦਾਰੀ ਵਿਰੋਧੀ ਐਕਸ਼ਨ ਸਿੱਖ ਇਤਿਹਾਸ ਦੀ ਨਾਬਰ ਰਿਵਾਇਤ ਵਿਚੋਂ ਪ੍ਰੇਰਣਾ ਲੈ ਰਹੇ ਹਨ। ਵੱਖ-ਵੱਖ ਯੂਨੀਅਨਾਂ, ਗ਼ਦਰ ਪਾਰਟੀ, ਕਮਿਉਨਿਸਟ ਪਾਰਟੀਆਂ ਦੇ ਝੰਡੇ ਫੜ੍ਹ ਲੋਕ ਜੈਕਾਰੇ ਲਾ ਰਹੇ ਹਨ, ਸਿੱਖ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ ਅਤੇ ਜ਼ਬਰ ਦੇ ਖਿਲਾਫ਼ ਲੜ੍ਹਨ ਦੀ ਸਿੱਖ ਰਿਵਾਇਤ ਵਿੱਚ ਆਪਣੇ ਆਪ ਨੂੰ ਜੋੜ ਰਹੇ ਹਨ। ਸਿੱਖ ਇਤਿਹਾਸ ਦੇ ਸਬਕ ਇਹਨਾਂ ਧਰਨਿਆਂ, ਰੈਲੀਆਂ, ਮੋਰਚਿਆਂ ਵਿੱਚ ਮਿਲ ਰਹੇ ਹਨ, ਨਾ ਕਿ ਰਾਜ ਸੱਤਾ ਦੇ ਕਿਸੇ ਖੋਖਲੇ ਚਿੰਨ੍ਹ ਤੇ।