ਇੱਕ ਕਵਿਤਾ

ਇੱਕ ਕਵਿਤਾ

ਸੰਤਾਲੀ ਦੇ ਦੰਗਿਆਂ ਵਿੱਚ
ਪਿਓ ਦੇ ਕਤਲ ਦੀ ਗਵਾਹ ਸੁਰਜੀਤ ਕੌਰ
ਚੁਰਾਸੀ ਵਿੱਚ ਲਾਪਤਾ ਹੋਇਆ ਜਵਾਈ ਲੱਭ ਰਹੀ ਹੈ ਮੋਰਚੇ ਤੇ
ਦਿੱਲੀ ਉਸ ਲਈ ਇੱਕ ਠੰਡੀ ਕਤਲਗਾਹ ਹੈ 

ਜੰਗਵੀਰ ਨੂੰ ਨਰਮੇ ਦੇ ਖੇਤ ਵਿੱਚ ਬੇਜਾਨ ਵਿਛੀ
ਆਪਣੇ ਆੜੀ ਦੀ ਲਾਸ਼ ਨਹੀਂ ਭੁੱਲਦੀ
ਕਿੰਨੇ ਸਾਲਾਂ ਤੋਂ ਉਸ ਖੇਤ ਵਿੱਚ ਪੈਰ ਰੱਖਣ ਤੋਂ ਡਰਦਾ ਉਹ
ਇਸ ਮੋਰਚੇ ਵਿਚ ਆਖਰੀ ਹੰਝੂ ਰੋ ਲੈਣ ਆਇਆ 

ਦਸਵੀਂ ਵਿਚੋਂ ਪੜ੍ਹਨੋ ਰਹਿ ਗਈਆ ਦੋਵੇਂ  ਕੁੜੀਆਂ
ਦਿੱਲੀ ਵਾਲੇ ਨਾਗਰਿਕ ਰਜਿਸਟਰਾਂ ਨੂੰ ਅੰਗੂਠਾ ਦਿਖਾਦਿਆਂ
ਕੈਂਸਰ ਦੇ ਇਲਾਜ ਖੁਣੋਂ ਮਰੀ ਮਾਂ ਦੇ ਬੇਵਕਤ ਕਤਲ
ਦੀ ਸਰਕਾਰੀ ਸਾਜਿਸ਼ ਖਿਲਾਫ ਮੋਰਚੇ ਵਿੱਚ ਹਨ 

ਰੋਟੀ ਵੇਲਦੇ ਸੁਰਜਨ ਦੀ ਬਿਰਤੀ
1986 ਦੀ ਇਕ ਰਾਤ ਵਿੱਚ ਅਟਕੀ ਪਈ ਹੈ
ਰਜ਼ਾਈ ਨੂੰ ਚਾਰੋਂ ਖੂੰਜਿਆਂ ਤੋਂ ਘੁੱਟਦਾ ਉਹ
ਨਾਅਰੇ ਮਾਰਦੇ ਮੁੰਡਿਆਂ ਚੋਂ ਸਾਰਾ ਦਿਨ ਪੁੱਤ ਦਾ ਮੁੜੰਗਾ ਭਾਲਦਾ 

ਸਾਰੀ ਉਮਰ ਲੋਕਾਂ ਦੇ ਚੁੱਲ੍ਹੇ ਚੌਂਕੇ ਲਿਪਦੀ ਸੰਤੋ
ਇਥੇ, ਇਸ ਮੋਰਚੇ ਤੇ ਆਪਣੀਆਂ ਪਾਟੀਆਂ ਵਿਆਈਆ
ਤੇ ਹੱਥਾਂ ਦੀਆਂ ਤ੍ਰੇੜਾਂ ਲਿੱਪ ਦੇਣ ਆਈ ਹੈ
ਇਥੇ ਉਸ ਦੇ ਪਸੀਨੇ ਦਾ ਰੰਗ ਲਹੂ ਰੰਗਾ ਹੈ 

ਮੋਰਚੇ ਤੇ ਲੋਕ ਯਾਦਾਂ, ਸੁਪਨਿਆਂ ਤੇ ਚੇਤਿਆਂ ਨੂੰ
ਆਪਸ ਵਿਚ ਅਦਲਾ – ਬਦਲੀ ਕਰ-ਕਰ ਦੇਖਦੇ
ਵਿੱਛੜ ਗਿਆ ਤੋਂ ਵੱਧ ਕਦੇ ਨਾ ਮਿਲਿਆ ਦੀ ਚਿੰਤਾ ਕਰਦੇ
ਉਨ੍ਹਾਂ ਨੂੰ ਅਣਲਿਖੇ ਇਤਿਹਾਸ ਦਾ ਹਰਫ਼ ਹਰਫ਼ ਰੱਟਿਆ ਪਿਆ

ਕੋਈ ਬਾਬਾ ਨਾਨਕ ਦੀ “ਤੇਰਾ-ਤੇਰਾ” ਵਾਲੀ ਤੱਕੜੀ ਵਾਚਦਾ
ਕਿਸੇ ਦੀ ਸੁਰਤਿ ਰੋਸ ਤੇ ਰੰਜ਼ ਨਾਲ ਲਬਰੇਜ਼ ਰਹਿੰਦੀ
ਕੋਈ ਪੰਜਵੀਂ ਦੀ ਕਿਤਾਬ ਵਾਲੇ ਸਰਾਭੇ ਨੂੰ ਭਾਲਦਾ ਫਿਰਦਾ ਤੇ
ਕਿਸੇ ਨੂੰ ਲਾਹੌਰ ਦੀ ਸੈਂਟਰਲ ਜੇਲ ਦਾ ਹੇਰਵਾ ਸੌਣ ਨਹੀਂ ਦਿੰਦਾ

 ਇਥੇ ਸਾਰੇ, ਸਾਰਿਆਂ ਦੇ ਗਵਾਚੇ ਹੋਇਆ ਨੂੰ ਭਾਲਦੇ ਫਿਰਦੇ
ਇਥੇ ਸਾਰੇ, ਸਾਰੀਆਂ ਤਕਲੀਫ਼ਾਂ ਖਿਲਾਫ ਆਪਣਾ ਦਿਲ ਬਾਲਦੇ
ਇਹ ਮੋਰਚਾ ਪੀ ਚੁੱਕਾ ਹੈ ਆਪਣੇ ਹਿੱਸੇ ਦੇ ਸਾਰੇ ਜ਼ਹਿਰ
ਇਸ ਵਾਰ ਮੁਕੱਦਮੇ ਚ ਲੋਕਾਂ ਸੁਕਰਾਤ ਬਚਾ ਲੈਣਾ

en_GBEnglish